ਰਾਣਾ ਗੁਰਜੀਤ ਨੇ ਹਾਈ ਕਮਾਂਡ ਨੂੰ ਕੀਤੀ ਅਪੀਲ-'ਸੁਖਪਾਲ ਖਹਿਰਾ ਨੂੰ ਕੱਢਿਆ ਜਾਵੇ ਪਾਰਟੀ ਤੋਂ ਬਾਹਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਖਹਿਰਾ ਜਾਂ ਉਸ ਦੇ ਕਿਸੇ ਵੀ ਪਰਿਵਾਰਿਕ ਮੈਂਬਰ ਨੂੰ ਟਿਕਟ ਦੇਣਾ ਹਲਕੇ ਨੂੰ ਬਰਬਾਦ ਕਰਨ ਦੇ ਬਰਾਬਰ ਹੋਵੇਗਾ 

Rana Gurjeet appeals to high command to expel Sukhpal Khaira from party

ਕਾਂਗਰਸ ਦਾ ਵਫ਼ਾਦਾਰ ਸਿਪਾਹੀ ਹੋਣ ਦੇ ਨਾਤੇ ਮੈਂ ਕਿਸੇ ਵੀ ਦਾਗ਼ੀ ਵਿਅਕਤੀ ਨੂੰ ਪਾਰਟੀ ਦਾ ਹਿੱਸਾ ਬਣਦਾ ਨਹੀਂ ਦੇਖ ਸਕਦਾ -ਰਾਣਾ ਗੁਰਜੀਤ ਸਿੰਘ 

ਜਲੰਧਰ : ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖੀ ਹੈ ਅਤੇ ਅਪੀਲ ਕੀਤੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਮਨੀ ਲਾਂਡਰਿੰਗ ਵਿੱਚ ਕਥਿਤ ਸ਼ਮੂਲੀਅਤ ਲਈ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ।

ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਿਹਾ, “ਉਹ (ਖਹਿਰਾ) ਇਸ ਸਮੇਂ ਮਨੀ ਲਾਂਡਰਿੰਗ ਕੇਸ ਵਿੱਚ ਜੇਲ੍ਹ ਵਿੱਚ ਹਨ। ਇਹ ਬੇਹਿਸਾਬ ਪੈਸੇ ਜਾਂ ਪੈਸੇ ਦੀ ਨਿਯਮਤ ਮਨੀ ਲਾਂਡਰਿੰਗ ਦਾ ਮਾਮਲਾ ਨਹੀਂ ਹੈ। ਇਸ ਦਾ ਸਬੰਧ ਡਰੱਗ ਮਨੀ ਨਾਲ ਹੈ। ਵਿਚਾਰ ਅਧੀਨ ਪੈਸਾ ਨਸ਼ਿਆਂ ਰਾਹੀਂ ਕਮਾਇਆ ਗਿਆ ਹੈ, ਜੋ ਕਿ ਬਰਦਾਸ਼ਤ ਕਰਨ ਯੋਗ ਅਤੇ ਮੁਆਫ਼ ਕਰਨ ਯੋਗ ਨਹੀਂ ਹੈ।"

ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਨਸ਼ਿਆਂ ਦੇ ਖ਼ਿਲਾਫ਼ ਰਹੀ ਹੈ। ਉਨ੍ਹਾਂ ਪੱਤਰ ਵਿੱਚ ਕਿਹਾ, “ਅਸਲ ਵਿੱਚ ਇਹ ਸਾਡੇ ਲਾਇਕ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਜੀ ਸਨ ਜਿਨ੍ਹਾਂ ਨੇ 2015 ਵਿੱਚ ਪੰਜਾਬ ਵਿੱਚ ਨਸ਼ਿਆਂ ਦੀ ਗੰਭੀਰ ਸਮੱਸਿਆ ਦਾ ਜ਼ਿਕਰ ਕਰਕੇ ਇਸ ਮੁੱਦੇ ਨੂੰ ਹਰੀ ਝੰਡੀ ਦਿੱਤੀ ਸੀ। ਜਿਸ ਵਿਅਕਤੀ 'ਤੇ ਨਸ਼ੇ ਦੇ ਇਲਜ਼ਾਮ ਲੱਗੇ ਹੋਣ ਉਸ  ਨੂੰ ਸਾਡੀ ਪਾਰਟੀ ਅਜਿਹੇ ਵਿਅਕਤੀ ਨੂੰ ਟਿਕਟ ਕਿਵੇਂ ਦੇ ਸਕਦੀ ਹੈ?''

“ਕਾਂਗਰਸੀ ਨੇਤਾਵਾਂ ਅਤੇ ਉਮੀਦਵਾਰਾਂ ਲਈ ਇਹ ਮੁਸ਼ਕਲ ਹੋਵੇਗਾ ਕਿ ਇੱਕ ਪਾਸੇ ਅਸੀਂ ਸਹੁੰ ਚੁੱਕੀ ਹੈ ਕਿ ਅਸੀਂ ਨਸ਼ਿਆਂ ਨੂੰ ਖ਼ਤਮ ਕਰਾਂਗੇ ਅਤੇ ਦੂਜੇ ਪਾਸੇ ਇੱਕ ਦਾਗ਼ੀ ਵਿਅਕਤੀ ਨੂੰ ਪਾਰਟੀ ਟਿਕਟ ਦੇ ਰਹੀ ਹੈ ਜੋ ਪੈਸੇ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹੈ। ਉਹ ਪੈਸਾ ਜੋ ਉਸਨੇ ਨਸ਼ਿਆਂ ਤੋਂ ਇਕੱਠਾ ਕੀਤਾ ਸੀ।”

ਰਾਣਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਪਾਰਟੀ ਨਸ਼ਿਆਂ ਦੇ ਮੁੱਦੇ 'ਤੇ ਸਟੈਂਡ ਲਵੇ ਅਤੇ ਜੋ ਦਾਗ਼ੀ ਹੈ ਅਤੇ ਇਸੇ ਦੋਸ਼ 'ਚ ਜੇਲ੍ਹ 'ਚ ਹੈ, ਉਸ ਨੂੰ ਪਾਰਟੀ ਵਲੋਂ ਟਿਕਟ ਨਹੀਂ ਮਿਲਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਟਿਕਟ ਨਾ ਸਿਰਫ਼ ਗ਼ਲਤ ਸੰਕੇਤ ਦੇਵੇਗੀ, ਸਗੋਂ ਇਸ ਦਾ ਮਤਲਬ ਇੱਕ ਅਹਿਮ ਚੋਣ ਦੌਰਾਨ ਅਤੇ ਇੱਕ ਕੀਮਤੀ ਹਲਕੇ ਨੂੰ ਬਰਬਾਦ ਕਰਨਾ ਵੀ ਹੋਵੇਗਾ।

ਉਨ੍ਹਾਂ ਦਾਅਵਾ ਕੀਤਾ ਕਿ ਇੱਕ ਵਫ਼ਾਦਾਰ ਅਤੇ ਨਿਮਰ ਕਾਂਗਰਸੀ ਹੋਣ ਦੇ ਨਾਤੇ, ਜਿਸ ਨੇ ਪਿਛਲੇ ਦੋ ਦਹਾਕਿਆਂ ਤੋਂ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਕਾਂਗਰਸ ਦੀਆਂ ਨੀਤੀਆਂ, ਸਿਧਾਂਤਾਂ ਅਤੇ ਆਦਰਸ਼ਾਂ ਨੂੰ ਪੇਸ਼ ਕੀਤਾ ਅਤੇ ਰੱਖਿਆ ਹੈ, ਉਹ ਉਨ੍ਹਾਂ ਦੀ ਪਾਰਟੀ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਤੋਂ ਅੱਖੋਂ ਪਰੋਖੇ ਨਹੀਂ ਕਰ ਸਕਦੇ।

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵਫ਼ਾਦਾਰ ਸਿਪਾਹੀ ਹੋਣ ਦੇ ਨਾਤੇ ਮੈਂ ਕਿਸੇ ਵੀ ਦਾਗ਼ੀ ਵਿਅਕਤੀ ਨੂੰ ਪਾਰਟੀ ਦਾ ਹਿੱਸਾ ਬਣਦਾ ਨਹੀਂ ਦੇਖ ਸਕਦਾ। ਉਹ ਵੀ ਉਸ ਦੇ ਆਪਣੇ ਵਿਧਾਨ ਸਭਾ ਹਲਕੇ ਦੇ ਗੁਆਂਢ ਵਿਚ ਤਾਂ ਕਦੇ ਵੀ ਅਜਿਹਾ ਨਹੀਂ ਹੋਣ ਦੇ ਸਕਦੇ। ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਸੁਖਪਾਲ ਖਹਿਰਾ ਨੂੰ ਹਲਕਾ ਭੁਲੱਥ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ।