Monkeypox in India: ਭਾਰਤ ’ਚ ਫਿਰ ਮਿਲਿਆ ‘ਮੰਕੀਪੌਕਸ’ ਦਾ ਮਾਮਲਾ, ਦੁਬਈ ਤੋਂ ਆਇਆ ਵਿਅਕਤੀ ਨਿਕਲਿਆ ਪਾਜ਼ੇਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

Monkeypox in India: 19 ਸਾਲ ਤੋਂ ਦੁਬਈ ’ਚ ਰਹਿ ਰਹੇ ਕਰਨਾਟਕ ਦੇ ਵਿਅਕਤੀ ’ਚ ਹੋਈ ‘ਮੰਕੀਪੌਕਸ’ ਦੀ ਪੁਸ਼ਟੀ

A case of 'monkeypox' has been found again in India, a person who came from Dubai has tested positive

 

Monkeypox in India: ਭਾਰਤ ਵਿਚ ਇਕ ਵਾਰ ਫਿਰ ‘ਮੰਕੀਪੌਕਸ’ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਕਰਨਾਟਕ ਵਿਚ ਇਸ ਬਿਮਾਰੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੁਬਈ ਤੋਂ ਆਇਆ ਇਕ ਵਿਅਕਤੀ ਜਾਂਚ ’ਚ ਵਾਇਰਸ ਨਾਲ ਪੀੜਤ ਮਿਲਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਦੁਬਈ ਤੋਂ ਆਏ 40 ਸਾਲਾ ਵਿਅਕਤੀ ਨੂੰ ਜਾਂਚ ’ਚ ਮੰਕੀਪੌਕਸ ਤੋਂ ਪੀੜਤ ਪਾਇਆ ਗਿਆ ਹੈ ਅਤੇ ਦੱਸਿਆ ਜਾਂਦਾ ਹੈ ਕਿ ਇਸ ਸਾਲ ਕਰਨਾਟਕ ਵਿਚ ਮੰਕੀਪੌਕਸ ਦਾ ਇਹ ਪਹਿਲਾ ਮਾਮਲਾ ਹੈ। ਇਹ ਵਿਅਕਤੀ 19 ਸਾਲਾਂ ਤੋਂ ਦੁਬਈ ਵਿਚ ਸੀ।

ਕਰਨਾਟਕ ਦੇ ਸਿਹਤ ਵਿਭਾਗ ਨੇ 22 ਜਨਵਰੀ ਨੂੰ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੁਆਰਾ ਉਡੁਪੀ ਜ਼ਿਲ੍ਹੇ ਦੇ ਕਰਕਲਾ ਖੇਤਰ ਦੇ ਇਕ 40 ਸਾਲਾ ਪੁਰਸ਼ ਵਿਚ ਮੰਕੀਪੌਕਸ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਪਿਛਲੇ 19 ਸਾਲਾਂ ਤੋਂ ਦੁਬਈ ’ਚ ਰਹਿ ਰਿਹਾ ਸੀ ਅਤੇ 17 ਜਨਵਰੀ ਨੂੰ ਕਰਨਾਟਕ ਦੇ ਮੰਗਲੁਰੂ ਆਇਆ ਸੀ।

ਕਰਨਾਟਕ ਦੇ ਸਿਹਤ ਵਿਭਾਗ ਅਨੁਸਾਰ, ਜਦੋਂ ਵਿਅਕਤੀ ਦੁਬਈ ਤੋਂ ਵਾਪਸ ਆਇਆ ਤਾਂ ਉਸ ਵਿਚ ਧੱਫੜ ਦੇ ਲੱਛਣ ਦਿਖਾਈ ਦਿਤੇ। ਇਸ ਤੋਂ ਦੋ ਦਿਨ ਪਹਿਲਾਂ ਉਸ ਨੂੰ ਬੁਖ਼ਾਰ ਵੀ ਹੋਇਆ ਸੀ। ਇਸ ਤੋਂ ਬਾਅਦ ਵਿਅਕਤੀ ਨੂੰ ਤੁਰਤ ਇਕ ਨਿਜੀ ਹਸਪਤਾਲ ’ਚ ਆਈਸੋਲੇਸ਼ਨ ਵਿਚ ਰਖਿਆ ਗਿਆ। ਇਸ ਤੋਂ ਬਾਅਦ, ਵਿਅਕਤੀ ਦਾ ਸੈਂਪਲ ਲਿਆ ਗਿਆ ਅਤੇ ਬੰਗਲੌਰ ਮੈਡੀਕਲ ਕਾਲਜ ਅਤੇ ਫਿਰ ਐਨਆਈਵੀ, ਪੁਣੇ ਭੇਜਿਆ ਗਿਆ।

ਸਿਹਤ ਵਿਭਾਗ ਅਨੁਸਾਰ ਮੰਕੀਪੌਕਸ ਨਾਲ ਪੀੜਤ ਵਿਅਕਤੀ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਦਿਤੀ ਹੈ ਕਿ ਮੰਕੀਪੌਕਸ ਦੀ ਲਾਗ ਬਹੁਤ ਘੱਟ ਹੈ। ਅਜਿਹੇ ਮਾਮਲੇ ਬਾਰੇ ਜਾਣਕਾਰੀ ਦੇਣ ਤੋਂ ਡਰਨਾ ਨਹੀਂ ਚਾਹੀਦਾ। ਬਿਮਾਰੀ ਨਾਲ ਜੁੜੇ ਆਮ ਲੱਛਣਾਂ ਜਿਵੇਂ ਕਿ ਬੁਖ਼ਾਰ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਠੰਢ ਲੱਗਣਾ, ਪਸੀਨਾ ਆਉਣਾ, ਗਲੇ ਵਿਚ ਖਰਾਸ਼ ਅਤੇ ਚਮੜੀ ਦੇ ਧੱਫੜ ਆਦਿ ਦੇ ਨਾਲ ਖੰਘ ਆਦਿ ਹੋਣ ’ਤੇ ਟੈਸਟ ਕਰਵਾਓ।