ਕੇਂਦਰ ਨੇ Ola-Uber ਨੂੰ ਨੋਟਿਸ ਕੀਤਾ ਜਾਰੀ, ਪੁੱਛਿਆ- 'iPhone ਅਤੇ Android 'ਤੇ ਕਿਰਾਏ ਵੱਖਰੇ-ਵੱਖਰੇ ਕਿਉਂ ?'
ਇਹ ਨੋਟਿਸ ਓਲਾ ਅਤੇ ਉਬੇਰ ਨੂੰ ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਦਿੱਤਾ
ਔਨਲਾਈਨ ਟੈਕਸੀ ਸੇਵਾਵਾਂ ਦਾ ਸੰਚਾਲਨ ਕਰਨ ਵਾਲੀਆਂ ਓਲਾ ਅਤੇ ਉਬੇਰ ਨੂੰ ਕੇਂਦਰ ਸਰਕਾਰ ਨੇ ਆਈਫ਼ੋਨ ਅਤੇ ਐਂਡਰਾਇਡ ਮੋਬਾਈਲ ਫ਼ੋਨਾਂ 'ਤੇ ਇੱਕੋ ਸੇਵਾ ਲਈ ਵੱਖ-ਵੱਖ ਕੀਮਤਾਂ ਦਿਖਾਉਣ ਲਈ ਨੋਟਿਸ ਜਾਰੀ ਕੀਤਾ ਹੈ। ਇਹ ਜਾਣਕਾਰੀ ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀਰਵਾਰ ਨੂੰ ਦਿੱਤੀ। ਇਹ ਨੋਟਿਸ ਓਲਾ ਅਤੇ ਉਬੇਰ ਨੂੰ ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਦਿੱਤਾ ਹੈ।
ਰਿਪੋਰਟ ਅਨੁਸਾਰ, ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀਰਵਾਰ (23 ਜਨਵਰੀ, 2025) ਨੂੰ ਕਿਹਾ ਕਿ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਕੈਬ ਸੇਵਾ ਪ੍ਰਦਾਤਾ ਓਲਾ ਅਤੇ ਉਬੇਰ ਨੂੰ ਉਪਭੋਗਤਾ ਦੇ ਮੋਬਾਈਲ ਆਪਰੇਟਿੰਗ ਸਿਸਟਮ ਐਂਡਰਾਇਡ ਜਾਂ ਆਈਓਐਸ ਦੇ ਆਧਾਰ 'ਤੇ ਇੱਕ ਹੀ ਜਗ੍ਹਾ ਦੀ ਯਾਤਰਾ ਦੇ ਲਈ ਕਥਿਤ ਰੂਪ ਤੋਂ ਵੱਖਰੀ-ਵੱਖਰੀ ਕੀਮਤ ਨਿਰਧਾਰਿਤ ਕਰਨ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਜੋਸ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, ''ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਮੁੱਖ ਕੈਬ ਡਰਾਈਵਰਾਂ ਓਲਾ ਅਤੇ Uber ਨੂੰ ਸੀਸੀਪੀਏ ਰਾਹੀਂ ਵੱਖ-ਵੱਖ ਮੋਬਾਈਲ ਫ਼ੋਨਾਂ (ਆਈਫ਼ੋਨ ਅਤੇ ਐਂਡਰਾਇਡ ) ਰਾਹੀਂ ਇੱਕੋ ਥਾਂ ਦੀ ਬੁਕਿੰਗ ਕਰਨ ਲਈ ਵੱਖਰੇ-ਵੱਖਰੇ ਭੁਗਤਾਨ ਲਈ ਜਵਾਬ ਮੰਗਿਆ ਹੈ।''
ਪਿਛਲੇ ਮਹੀਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਸੀ ਕਿ ਖਪਤਕਾਰਾਂ ਦਾ ਸ਼ੋਸ਼ਣ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸੀਸੀਪੀਏ ਨੂੰ ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਸੀ। ਉਨ੍ਹਾਂ ਅਜਿਹੀਆਂ ਗਤੀਵਿਧੀਆਂ ਨੂੰ ਖਪਤਕਾਰਾਂ ਦੇ ਪਾਰਦਰਸ਼ਤਾ ਦੇ ਅਧਿਕਾਰ ਦੀ ਅਣਦੇਖੀ ਦੱਸਿਆ।