Maha Kumbh News: ਮਹਾਕੁੰਭ ’ਚ ਜਾਣ ਲਈ ਤਿੰਨ ਘਰ ਲੁੱਟੇ, ਦਿੱਲੀ ਪੁਲਿਸ ਨੇ ਡੁਬਕੀ ਲਗਾਉਣ ਤੋਂ ਪਹਿਲਾਂ ਹੀ ਕੀਤਾ ਗ੍ਰਿਫ਼ਤਾਰ
Maha Kumbh News: ਮੁਲਜ਼ਮ ਵਿਰੁਧ ਪਹਿਲਾਂ ਵੀ ਚੋਰੀ ਦੇ 16 ਕੇਸ ਹਨ ਦਰਜ
Maha Kumbh News: ਦਿੱਲੀ ਦੇ ਦਵਾਰਕਾ ਇਲਾਕੇ ਤੋਂ ਇਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਚੱਲ ਰਹੇ ਮਹਾਕੁੰਭ ’ਚ ਜਾਣ ਲਈ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਤਿੰਨ ਘਰਾਂ ’ਚ ਚੋਰੀ ਕਰਨ ਵਾਲੇ ਚੋਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਅਰਵਿੰਦ ਉਰਫ਼ ਭੋਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਅਰਵਿੰਦ ਦਾ ਇਹ ਪਹਿਲਾ ਅਪਰਾਧ ਨਹੀਂ ਹੈ। ਉਸਦਾ ਪੁਰਾਣਾ ਅਪਰਾਧਕ ਰਿਕਾਰਡ ਹੈ।
ਅਰਵਿੰਦ ਉਰਫ਼ ਭੋਲਾ ਨਾਮ ਦੇ ਇਸ ਵਿਅਕਤੀ ਨੇ 17 ਜਨਵਰੀ ਨੂੰ ਡਾਬਰੀ ਦੇ ਰਾਜਪੁਰੀ ਇਲਾਕੇ ਵਿਚ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਇਆ ਸੀ। ਉਸ ਨੇ ਇਨ੍ਹਾਂ ਘਰਾਂ ਵਿਚੋਂ ਮਹਿੰਗੇ ਸਾਮਾਨ ਅਤੇ ਗਹਿਣੇ ਚੋਰੀ ਕਰ ਲਏ। ਪੁਲਿਸ ਵਲੋਂ ਪੁਛ ਗਿਛ ਦੌਰਾਨ ਅਰਵਿੰਦ ਨੇ ਜੋ ਦਸਿਆ, ਉਹ ਹੋਰ ਵੀ ਹੈਰਾਨੀਜਨਕ ਸੀ। ਜਦੋਂ ਦਵਾਰਕਾ ਵਿਚ ਦਿੱਲੀ ਪੁਲਿਸ ਦੇ ਥੀਫ਼ਟ ਸੈੱਲ ਵਲੋਂ ਪੁਛ ਗਿਛ ਕੀਤੀ ਗਈ ਤਾਂ ਅਰਵਿੰਦ ਨੇ ਦਸਿਆ ਕਿ ਉਹ ਅਤੇ ਉਸਦੇ ਦੋਸਤ ਅਧਿਆਤਮਕ ਸਮਾਗਮ ਯਾਨੀ ਮਹਾਕੁੰਭ ਵਿਚ ਜਾਣਾ ਚਾਹੁੰਦੇ ਸਨ। ਉਸਨੇ ਪੁਲਿਸ ਨੂੰ ਅਪਣੇ ਪ੍ਰਵਾਰਕ ਪਿਛੋਕੜ ਬਾਰੇ ਵੀ ਦਸਿਆ। ਅਰਵਿੰਦ ਅਨੁਸਾਰ ਉਸ ਦਾ ਪਿਤਾ ਮਜ਼ਦੂਰ ਹੈ, ਉਸ ਦੀ ਮਾਂ ਘਰੇਲੂ ਨੌਕਰਾਣੀ ਦਾ ਕੰਮ ਕਰਦੀ ਹੈ ਅਤੇ ਉਹ ਸੱਤ ਭੈਣ-ਭਰਾ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਲਈ ਆਰਥਕ ਤੌਰ ’ਤੇ ਅਜਿਹੀਆਂ ਧਾਰਮਕ ਯਾਤਰਾਵਾਂ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਹਾਲਾਂਕਿ ਇਹ ਅਰਵਿੰਦ ਦਾ ਪਹਿਲਾ ਅਪਰਾਧ ਨਹੀਂ ਹੈ। ਉਸਦਾ ਪੁਰਾਣਾ ਅਪਰਾਧਕ ਰਿਕਾਰਡ ਹੈ। ਉਸ ਵਿਰੁਧ ਪਹਿਲਾਂ ਹੀ ਚੋਰੀ ਦੇ 16 ਕੇਸ ਦਰਜ ਹਨ ਅਤੇ ਉਸ ਨੂੰ ਪਹਿਲੀ ਵਾਰ 2020 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਗ਼ਰੀਬੀ ਦੇ ਵਿਚਕਾਰ, ਉਸਨੇ ਕਥਿਤ ਤੌਰ ’ਤੇ ਨਸ਼ੇ ਦੀ ਪੂਰਤੀ ਲਈ ਚੋਰੀਆਂ ਸ਼ੁਰੂ ਕਰ ਦਿਤੀਆਂ। ਇਸ ਵਾਰ ਉਨ੍ਹਾਂ ਦਾ ਇਰਾਦਾ ਮਹਾਕੁੰਭ ’ਚ ਜਾਣ ਲਈ ਪੈਸਾ ਇਕੱਠਾ ਕਰਨਾ ਸੀ।