ਤੇਲੰਗਾਨਾ ਦੇ ਜਗਤਿਆਲ ਜ਼ਿਲ੍ਹੇ 'ਚ ਜ਼ਹਿਰ ਦੇ ਕੇ 300 ਅਵਾਰਾ ਕੁੱਤਿਆਂ ਨੂੰ ਮਾਰਨ ਦਾ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਮਹੀਨੇ ਸੂਬੇ ਅੰਦਰ ਇਨਸਾਨਾਂ ਹੱਥੋਂ ਮਰਨ ਵਾਲੇ ਕੁੱਤਿਆਂ ਦੀ ਗਿਣਤੀ 900 ਤੋਂ ਪਾਰ

Allegations of killing 300 stray dogs by poisoning in Jagtial district of Telangana

ਹੈਦਰਾਬਾਦ: ਤੇਲੰਗਾਨਾ ’ਚ ਕਥਿਤ ਤੌਰ ਉਤੇ ਅਵਾਰਾ ਕੁੱਤਿਆਂ ਦੀ ਹੱਤਿਆ ਦੀ ਇਕ ਤਾਜ਼ਾ ਘਟਨਾ ’ਚ ਜਗਤਿਆਲ ਜ਼ਿਲ੍ਹੇ ਅੰਦਰ ਕਥਿਤ ਤੌਰ ਉਤੇ 300 ਕੁੱਤਿਆਂ ਦੀ ਹੱਤਿਆ ਕਰ ਦਿਤੀ ਗਈ, ਜਿਸ ਨਾਲ ਸੂਬੇ ਅੰਦਰ ਇਨਸਾਨਾਂ ਹੱਥੋਂ ਮਰਨ ਵਾਲੇ ਕੁੱਤਿਆਂ ਦੀ ਗਿਣਤੀ 900 ਹੋ ਗਈ ਹੈ।

ਸ਼ੱਕ ਹੈ ਕਿ ਇਹ ਕਤਲ ਸਰਪੰਚਾਂ ਸਮੇਤ ਕੁੱਝ ਚੁਣੇ ਹੋਏ ਨੁਮਾਇੰਦਿਆਂ ਵਲੋਂ ਕਥਿਤ ਤੌਰ ਉਤੇ ਪਿਛਲੇ ਸਾਲ ਦਸੰਬਰ ਵਿਚ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਤੋਂ ਪਹਿਲਾਂ ਪਿੰਡ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕੀਤੇ ਗਏ ਸਨ।

ਤਾਜ਼ਾ ਘਟਨਾ ਪੁਲਿਸ ਕੋਲ ਦਰਜ ਕਰਵਾਈ ਇਕ ਸ਼ਿਕਾਇਤ ਮਗਰੋਂ ਸਾਹਮਣੇ ਆਈ ਹੈ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ 22 ਜਨਵਰੀ ਨੂੰ ਪੇਗਾਡਾਪੱਲੀ ਪਿੰਡ ਵਿਚ 300 ਅਵਾਰਾ ਕੁੱਤਿਆਂ ਨੂੰ ਜ਼ਹਿਰੀਲੇ ਟੀਕੇ ਦੇ ਕੇ ਮਾਰ ਦਿਤਾ ਗਿਆ ਸੀ।

ਇਸ ਕਾਰਵਾਈ ਲਈ ਪਿੰਡ ਦੇ ਸਰਪੰਚ ਅਤੇ ਗ੍ਰਾਮ ਪੰਚਾਇਤ ਸਕੱਤਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਅਵਾਰਾ ਪਸ਼ੂਆਂ ਨੂੰ ਮਾਰਨ ਲਈ ਕੁੱਝ ਵਿਅਕਤੀਆਂ ਨੂੰ ਕਿਰਾਏ ਉਤੇ ਲਿਆ ਗਿਆ ਸੀ।

ਪੁਲਿਸ ਨੇ ਸਨਿਚਰਵਾਰ ਨੂੰ ਦਸਿਆ ਕਿ ਸ਼ਿਕਾਇਤ ਦੇ ਆਧਾਰ ਉਤੇ ਪੁਲਿਸ ਨੇ ਦੋਹਾਂ ਵਿਰੁਧ ਬੀ.ਐਨ.ਐਸ. ਅਤੇ ਜਾਨਵਰਾਂ ਪ੍ਰਤੀ ਕਰੂਰਤਾ ਰੋਕੂ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ।

ਇੰਸਪੈਕਟਰ ਚੌਧਰੀ ਕਿਰਨ ਨੇ ਦਸਿਆ ਕਿ ਜਾਂਚ ਦੌਰਾਨ ਦਫਨਾਉਣ ਵਾਲੀ ਥਾਂ ਤੋਂ ਲਗਭਗ 70 ਤੋਂ 80 ਕੁੱਤਿਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ। ਦਫਨਾਉਣਾ ਤਿੰਨ-ਚਾਰ ਦਿਨ ਪਹਿਲਾਂ ਹੋਇਆ ਜਾਪਦਾ ਹੈ। ਉਨ੍ਹਾਂ ਕਿਹਾ, ‘‘ਇਸ ਪੜਾਅ ਉਤੇ, ਅਸੀਂ ਇਸ ਘਟਨਾ ਵਿਚ ਮੁਲਜ਼ਮਾਂ ਦੀ ਸ਼ਮੂਲੀਅਤ ਦੀ ਪੁਸ਼ਟੀ ਨਹੀਂ ਕਰ ਸਕਦੇ।’’ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰੀਪੋਰਟਾਂ ਦੀ ਉਡੀਕ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਇਕੱਲੇ ਜਨਵਰੀ ਦੌਰਾਨ ਸੂਬੇ ਅੰਦਰ ਅਵਾਰਾ ਕੁੱਤਿਆਂ ਦੀ ਹੱਤਿਆ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ।

ਪਸ਼ੂ ਅਧਿਕਾਰ ਕਾਰਕੁਨਾਂ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ 19 ਜਨਵਰੀ ਨੂੰ ਇੱਥੇ ਨੇੜੇ ਪਿੰਡ ਯਾਚਾਰਮ ਵਿਚ 100 ਕੁੱਤਿਆਂ ਨੂੰ ਕਥਿਤ ਤੌਰ ਉਤੇ ਜ਼ਹਿਰ ਦੇ ਕੇ ਮਾਰ ਦਿਤਾ ਗਿਆ ਸੀ, ਹਾਲਾਂਕਿ ਤੁਰਤ 50 ਲਾਸ਼ਾਂ ਮਿਲੀਆਂ ਸਨ।

ਇਸ ਮਹੀਨੇ ਦੀ ਸ਼ੁਰੂਆਤ ’ਚ ਹਨਮਕੋਂਡਾ ਜ਼ਿਲ੍ਹੇ ਦੀ ਪੁਲਿਸ ਨੇ ਸ਼ਯਾਮਪੇਟ ਅਤੇ ਅਰੇਪੱਲੀ ਪਿੰਡਾਂ ’ਚ ਕਰੀਬ 300 ਅਵਾਰਾ ਕੁੱਤਿਆਂ ਦੀ ਕਥਿਤ ਹੱਤਿਆ ਦੇ ਮਾਮਲੇ ’ਚ ਦੋ ਮਹਿਲਾ ਸਰਪੰਚ ਅਤੇ ਉਨ੍ਹਾਂ ਦੇ ਪਤੀ ਸਮੇਤ 9 ਲੋਕਾਂ ਵਿਰੁਧ ਕੇਸ ਦਰਜ ਕੀਤਾ ਸੀ।

ਇਕ ਹੋਰ ਘਟਨਾ ’ਚ ਕਮਾਰੇਡੀ ਜ਼ਿਲ੍ਹੇ ’ਚ ਕਥਿਤ ਤੌਰ ਉਤੇ ਕਰੀਬ 200 ਅਵਾਰਾ ਕੁੱਤਿਆਂ ਨੂੰ ਮਾਰ ਦਿਤਾ ਗਿਆ ਸੀ ਅਤੇ ਇਸ ਘਟਨਾ ’ਚ ਕਥਿਤ ਤੌਰ ਉਤੇ ਸ਼ਾਮਲ ਹੋਣ ਦੇ ਦੋਸ਼ ’ਚ ਪਿੰਡ ਦੇ ਪੰਜ ਸਰਪੰਚਾਂ ਸਮੇਤ ਛੇ ਲੋਕਾਂ ਵਿਰੁਧ ਕੇਸ ਦਰਜ ਕੀਤਾ ਗਿਆ ਸੀ।