ਉਤਰੀ ਭਾਰਤ ਵਿਚ ਮੀਂਹ ਅਤੇ ਝੱਖੜ ਨੇ ਮਚਾਈ ਤਬਾਹੀ, ਪਟਿਆਲਾ ਵਿਚ ਇਕ ਦੀ ਮੌਤ ਤੇ 3 ਬੱਚੇ ਜ਼ਖ਼ਮੀ
ਚੰਡੀਗੜ੍ਹ ਹਵਾਈ ਅੱਡੇ 'ਤੇ 20 ਉਡਾਣਾਂ ਹੋਈਆਂ ਰੱਦ
ਨਵੀਂ ਦਿੱਲੀ: ਪਹਾੜਾਂ ’ਚ ਬਰਫ਼ਬਾਰੀ ਅਤੇ ਮੈਦਾਨਾਂ ’ਚ ਮੀਂਹ ਨਾਲ ਉੱਤਰੀ ਭਾਰਤ ’ਚ ਲੋਕਾਂ ਨੂੰ ਲੰਮੇ ਖੁਸ਼ਕ ਮੌਸਮ ਤੋਂ ਨਿਜਾਤ ਮਿਲੀ ਹੈ। ਬੇਮੌਸਮੀ ਬਰਫ਼ਬਾਰੀ ਅਤੇ ਮੀਂਹ ਦੇ ਨਾਲ ਇਸ ਖੇਤਰ ਵਿਚ ਤਾਪਮਾਨ ’ਚ ਕਮੀ ਵੇਖੀ ਗਈ। ਮੀਂਹ ਨਾਲ ਬਹੁਤ ਸਾਰੇ ਇਲਾਕਿਆਂ ਵਿਚ ਕਿਸਾਨਾਂ ਨੇ ਰਾਹਤ ਦਾ ਸਾਹ ਲਿਆ। ਜਦਕਿ ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਪਹਾੜਾਂ ਉਤੇ ਬਰਫ਼ਬਾਰੀ ਨਾਲ ਹੀ ਸੈਲਾਨੀਆਂ ਨੇ ਆ ਰਹੀਆਂ ਕਈ ਛੁੱਟੀਆਂ ਦੀ ਤਿਆਰੀ ਖਿੱਚ ਲਈ ਹੈ। ਪੰਜਾਬ ਅਤੇ ਹਰਿਆਣਾ ’ਚ ਵੀ ਲੰਮੇ ਸਮੇਂ ਤਕ ਸੁੱਕੇ ਮੌਸਮ ਦਾ ਅੰਤ ਹੋਇਆ, ਕਿਉਂਕਿ ਸ਼ੁਕਰਵਾਰ ਨੂੰ ਦੋਹਾਂ ਸੂਬਿਆਂ ’ਚ ਮੀਂਹ ਪਿਆ, ਜਿਸ ਕਾਰਨ ਘੱਟੋ-ਘੱਟ ਤਾਪਮਾਨ ’ਚ ਵਾਧਾ ਹੋਇਆ, ਜੋ ਆਮ ਸੀਮਾ ਤੋਂ ਉੱਪਰ ਰਿਹਾ।
ਕਈ ਦਿਨਾਂ ਬਾਅਦ, ਘੱਟੋ-ਘੱਟ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਅਤੇ ਕਈ ਥਾਵਾਂ ਉਤੇ ਆਮ ਨਾਲੋਂ ਛੇ ਡਿਗਰੀ ਤਕ ਵੱਧ ਗਿਆ। ਉਨ੍ਹਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਸਮੇਤ ਦੋਹਾਂ ਸੂਬਿਆਂ ਦੇ ਜ਼ਿਆਦਾਤਰ ਸਥਾਨਾਂ ਉਤੇ ਵੀਰਵਾਰ ਦੇਰ ਰਾਤ ਤੋਂ ਖਰਾਬ ਮੌਸਮ ਚੱਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਬਠਿੰਡਾ, ਫਰੀਦਕੋਟ, ਗੁਰਦਾਸਪੁਰ, ਮਾਨਸਾ ਅਤੇ ਰੂਪਨਗਰ ’ਚ ਮੀਂਹ ਪਿਆ। ਚੰਡੀਗੜ੍ਹ ’ਚ ਵੀ ਭਾਰੀ ਮੀਂਹ ਪਿਆ ਅਤੇ ਘੱਟੋ-ਘੱਟ ਤਾਪਮਾਨ 10.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਰਿਆਣਾ ਵਿਚ ਅੰਬਾਲਾ, ਹਿਸਾਰ, ਕਰਨਾਲ, ਨਾਰਨੌਲ, ਰੋਹਤਕ, ਭਿਵਾਨੀ, ਸਿਰਸਾ ਅਤੇ ਸੋਨੀਪਤ ਵਿਚ ਮੀਂਹ ਪਿਆ। ਦੂਜੇ ਪਾਸੇ ਦਿੱਲੀ ’ਚ, ਖੁਸ਼ਕ ਸਰਦੀਆਂ ਦੇ ਮੌਸਮ ਦਾ ਲੰਬਾ ਦੌਰ ਆਖਰਕਾਰ ਖਤਮ ਹੋ ਗਿਆ ਜਦੋਂ ਸ਼ਹਿਰ ਵਿਚ ਸਾਲ ਦਾ ਪਹਿਲਾ ਮੀਂਹ ਪਿਆ, ਜਿਸ ਨਾਲ ਸ਼ਹਿਰ ਵਿਚ ਉੱਚ ਪ੍ਰਦੂਸ਼ਣ ਦੇ ਪੱਧਰ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ। ਲਗਾਤਾਰ ਮੀਂਹ ਪੈਣ ਤੋਂ ਬਾਅਦ, ਸ਼ਹਿਰ ਦੇ ਕੁੱਝ ਹਿੱਸਿਆਂ ਵਿਚ ਟਰੈਫਿਕ ਜਾਮ ਵੀ ਵੇਖਿਆ ਗਿਆ। ਕੁੱਝ ਮੁਸਾਫ਼ਰਾਂ ਨੇ ‘ਐਕਸ’ ਉਤੇ ਲੰਮੇ ਜਾਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਕੁੱਝ ਦਫ਼ਤਰ ਜਾਣ ਵਾਲਿਆਂ ਨੇ ਪਾਣੀ ਨਾਲ ਭਰੀਆਂ ਸੜਕਾਂ ਦੀਆਂ ਵੀਡੀਉ ਵੀ ਅਪਲੋਡ ਕੀਤੀਆਂ।
ਪੰਜਾਬ ਵਿਚ ਇਕ ਮੌਤ, 3 ਬੱਚੇ ਜ਼ਖਮੀ
ਪਟਿਆਲਾ ਵਿਚ 18 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਉਸਦਾ ਹੱਥ ਬਿਜਲੀ ਦੇ ਖੰਭੇ ਨੂੰ ਛੂਹ ਗਿਆ। ਉਹ ਉਸ ਸਮੇਂ ਪਾਣੀ ਵਿੱਚ ਖੜ੍ਹਾ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਚੰਡੀਗੜ੍ਹ ਵਿਚ, ਮਨੀਮਾਜਰਾ ਵਿਚ ਇਕ ਘਰ ਦੀ ਛੱਤ ਮੀਂਹ ਦੌਰਾਨ ਡਿੱਗ ਗਈ, ਜਿਸ ਕਾਰਨ ਤਿੰਨ ਬੱਚੇ ਅੰਦਰ ਦੱਬ ਗਏ। ਤਿੰਨਾਂ ਨੂੰ ਤੁਰਤ ਮਲਬੇ ਤੋਂ ਬਚਾ ਕੇ ਹਸਪਤਾਲ ਲਿਜਾਇਆ ਗਿਆ। ਦੋ ਬੱਚਿਆਂ ਦੀ ਹਾਲਤ ਸਥਿਰ ਹੈ, ਜਦੋਂ ਕਿ ਇਕ ਦੀ ਹਾਲਤ ਗੰਭੀਰ ਹੈ। ਚੰਡੀਗੜ੍ਹ ਦੇ ਸੈਕਟਰ 32 ਵਿਚ ਚੱਲਦੇ ਸਕੂਟਰ ’ਤੇ ਇੱਕ ਦਰੱਖਤ ਡਿੱਗ ਪਿਆ। ਸਕੂਟਰ ਪੂਰੀ ਤਰ੍ਹਾਂ ਕੁਚਲਿਆ ਗਿਆ ਅਤੇ ਨੌਜਵਾਨ ਵੀ ਜ਼ਖਮੀ ਹੋ ਗਿਆ।
ਚੰਡੀਗੜ੍ਹ ਹਵਾਈ ਅੱਡੇ ਤੋਂ 20 ਉਡਾਣਾਂ ਰੱਦ
ਚੰਡੀਗੜ੍ਹ ਹਵਾਈ ਅੱਡੇ ’ਤੇ ਬੀਤੇ ਦਿਨ ਭਾਰੀ ਮੀਂਹ ਤੇ ਝੱਖੜ ਕਾਰਨ 20 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਦੋ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵਲ ਭੇਜਿਆ ਗਿਆ। ਇਸ ਤੋਂ ਇਲਾਵਾ ਕਈ ਉਡਾਣਾਂ ਦੇਰੀ ਨਾਲ ਚੱਲੀਆਂ। ਵੀਰਵਾਰ ਰਾਤ ਤੋਂ ਮੀਂਹ ਸ਼ੁਰੂ ਹੋਇਆ ਤੇ ਸ਼ੁਕਰਵਾਰ ਨੂੰ ਤੇਜ਼ ਹਵਾਵਾਂ ਚੱਲੀਆਂ। ਹੈਦਰਾਬਾਦ-ਚੰਡੀਗੜ੍ਹ ਦੀ ਇਕ ਉਡਾਣ ਜੋ ਦੁਪਹਿਰ 12.05 ਵਜੇ ਪਹੁੰਚਣੀ ਸੀ, ਨੂੰ ਦਿੱਲੀ ਵੱਲ ਮੋੜ ਦਿਤਾ ਗਿਆ, ਜਦੋਂ ਕਿ ਸ੍ਰੀਨਗਰ ਦੀ ਉਡਾਣ ਜੋ ਦੁਪਹਿਰ 12.55 ਵਜੇ ਪਹੁੰਚਣੀ ਸੀ, ਨੂੰ ਖ਼ਰਾਬ ਮੌਸਮ ਕਾਰਨ ਰੱਦ ਕਰ ਦਿਤਾ ਗਿਆ।
ਦਿਨ ਵੇਲੇ ਸ੍ਰੀਨਗਰ ਤੋਂ ਕੋਈ ਵੀ ਉਡਾਣ ਚੰਡੀਗੜ੍ਹ ਨਹੀਂ ਉਤਰੀ। ਇਸੇ ਤਰ੍ਹਾਂ ਚੇਨਈ-ਚੰਡੀਗੜ੍ਹ ਦੀ ਇਕ ਉਡਾਣ ਦੁਪਹਿਰ 2 ਵਜੇ ਲਈ ਨਿਰਧਾਰਤ ਕੀਤੀ ਗਈ ਸੀ, ਨੂੰ ਜੈਪੁਰ ਵਲ ਮੋੜ ਦਿਤਾ ਗਿਆ। ਅਬੂ ਧਾਬੀ ਤੋਂ ਇਕ ਅੰਤਰਰਾਸ਼ਟਰੀ ਉਡਾਣ ਥੋੜ੍ਹੀ ਦੇਰੀ ਨਾਲ ਪਹੁੰਚੀ, ਜਦੋਂ ਕਿ ਦੁਬਈ ਲਈ ਰਵਾਨਗੀ ਲਗਭਗ ਇਕ ਘੰਟਾ ਦੇਰੀ ਨਾਲ ਹੋਈ।
ਸ੍ਰੀਨਗਰ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ, ਉਡਾਣਾਂ ਰੱਦ
ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ’ਚ ਬਰਫਬਾਰੀ ਕਾਰਨ ਸ੍ਰੀਨਗਰ-ਜੰਮੂ ਕੌਮੀ ਰਾਜਮਾਰਗ ਬੰਦ ਹੋ ਗਿਆ, ਮਾਤਾ ਵੈਸ਼ਨੋ ਦੇਵੀ ਯਾਤਰਾ ਨੂੰ ਮੁਅੱਤਲ ਕਰ ਦਿਤਾ ਗਿਆ ਅਤੇ ਕਸ਼ਮੀਰ ’ਚ 20 ਤੋਂ ਵੱਧ ਉਡਾਣਾਂ ਰੱਦ ਕਰ ਦਿਤੀਆਂ ਗਈਆਂ। ਅਧਿਕਾਰੀਆਂ ਨੇ ਦਸਿਆ ਕਿ ਗੁਲਮਰਗ ਦੇ ਮਸ਼ਹੂਰ ਸਕੀਇੰਗ ਰਿਜੋਰਟ ਵਿਚ ਦੋ ਫੁੱਟ ਤੋਂ ਵੱਧ ਤਾਜ਼ੀ ਬਰਫਬਾਰੀ ਹੋਈ, ਜਦਕਿ ਗਾਂਦਰਬਲ ਜ਼ਿਲ੍ਹੇ ਦੇ ਸੋਨਮਰਗ ਟੂਰਿਸਟ ਰਿਜੋਰਟ ਵਿਚ ਛੇ ਇੰਚ ਤੋਂ ਵੱਧ ਅਤੇ ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਰਿਜੋਰਟ ਵਿਚ ਲਗਭਗ ਤਿੰਨ ਇੰਚ ਬਾਰਫ ਦਰਜ ਕੀਤੀ ਗਈ।
ਬਡਗਾਮ, ਬਾਰਾਮੂਲਾ, ਕੁਪਵਾੜਾ, ਸ਼ੋਪੀਆਂ, ਪੁਲਵਾਮਾ ਅਤੇ ਬਾਂਦੀਪੋਰਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ ’ਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਦਰਜ ਕੀਤੀ ਗਈ, ਜਦਕਿ ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ’ਚ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋਈ। ਸ੍ਰੀਨਗਰ ’ਚ ਖਰਾਬ ਮੌਸਮ ਅਤੇ ਬਰਫਬਾਰੀ ਕਾਰਨ ਰਨਵੇ ਇਸ ਸਮੇਂ ਹਵਾਈ ਜਹਾਜ਼ਾਂ ਦੇ ਸੁਰੱਖਿਅਤ ਸੰਚਾਲਨ ਲਈ ਉਪਲਬਧ ਨਹੀਂ ਹੈ।
ਹਿਮਾਚਲ ’ਚ ਸੈਲਾਨੀਆਂ ਨੇ ਲਿਆ ਬਰਫ਼ਵਾਰੀ ਦਾ ਆਨੰਦ
ਹਿਮਾਚਲ ਪ੍ਰਦੇਸ਼ ’ਚ ਵੀ ਸ਼ੁਕਰਵਾਰ ਨੂੰ ਇਸ ਸਰਦੀਆਂ ਦੀ ਪਹਿਲੀ ਬਰਫਬਾਰੀ ਹੋਈ, ਜਿਸ ਨਾਲ ਲਗਭਗ ਤਿੰਨ ਮਹੀਨਿਆਂ ਤੋਂ ਚੱਲ ਰਹੇ ਸੁੱਕੇ ਮੌਸਮ ਦਾ ਖ਼ਾਤਮਾ ਹੋਇਆ ਅਤੇ ਬਰਫ਼ ਵੇਖ ਕੇ ਸੈਲਾਨੀਆਂ ਦੇ ਚਿਹੜੇ ਖਿੜ ਗਏ। ਬਰਫ਼ਬਾਰੀ ਨੇ ਪਹਾੜੀ ਸੂਬੇ ਨੂੰ ਸਰਦੀਆਂ ਦੇ ਅਜੂਬੇ ਵਾਲੀ ਧਰਤੀ ’ਚ ਬਦਲ ਦਿਤਾ। ਸੈਲਾਨੀ ਮਸ਼ਹੂਰ ਸੈਰ-ਸਪਾਟਾ ਸਥਾਨਾਂ ਉਤੇ ਬਰਫ ਦਾ ਅਨੰਦ ਲੈਂਦੇ ਵੇਖੇ ਗਏ। ਬਰਫਬਾਰੀ ਵੇਖਣ ਲਈ ਮਨਾਲੀ ਆਏ ਗੁਜਰਾਤ ਦੇ ਇਕ ਵਸਨੀਕ ਨੇ ਕਿਹਾ, ‘‘ਅਸੀਂ ਬਹੁਤ ਅਨੰਦ ਲੈ ਰਹੇ ਹਾਂ। ਹਰ ਥਾਂ ਬਰਫ ਪਈ ਹੈ।
ਹਰ ਕਿਸੇ ਨੂੰ ਹਿਮਾਚਲ ਆਉਣਾ ਚਾਹੀਦਾ ਹੈ ਅਤੇ ਇਸ ਨੂੰ ਵੇਖਣਾ ਚਾਹੀਦਾ ਹੈ। ਇਹ ਦਿ੍ਰਸ਼ ਵੇਖਣ ਨਾਲ ਹਰ ਪੈਸੇ ਦੀ ਕੀਮਤ ਵਸੂਲ ਹੁੰਦੀ ਹੈ ਜੋ ਅਸੀਂ ਇਸ ਯਾਤਰਾ ਉਤੇ ਖਰਚ ਕੀਤਾ ਹੈ।’’ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸੂਬੇ ਦੇ ਉੱਚੇ ਇਲਾਕਿਆਂ ’ਚ 24 ਜਨਵਰੀ ਤਕ ਬਰਫਬਾਰੀ ਜਾਰੀ ਰਹੇਗੀ, ਜਦਕਿ ਹੋਰ ਇਲਾਕਿਆਂ ’ਚ ਸੁੱਕੇ ਰਹਿਣ ਦੀ ਸੰਭਾਵਨਾ ਹੈ। ਉਤਰਾਖੰਡ ਦੇ ਉੱਚੇ ਇਲਾਕਿਆਂ ’ਚ ਵੀ ਬਰਫਬਾਰੀ ਅਤੇ ਨੀਵੇਂ ਇਲਾਕਿਆਂ ’ਚ ਮੀਂਹ ਪੈਣ ਨਾਲ ਲੰਮੇ ਸਮੇਂ ਤਕ ਸੁੱਕੇ ਮੌਸਮ ਦਾ ਅੰਤ ਹੋ ਗਿਆ ਹੈ ਅਤੇ ਠੰਢੀ ਲਹਿਰ ਹੋਰ ਤੇਜ਼ ਹੋ ਗਈ ਹੈ। ਰਾਜਸਥਾਨ ’ਚ ਜੈਪੁਰ ਸਮੇਤ ਕਈ ਹਿੱਸਿਆਂ ’ਚ ਤਾਜ਼ਾ ਪਛਮੀ ਗੜਬੜ ਦੇ ਅਸਰ ਨਾਲ ਮੀਂਹ ਦਰਜ ਕੀਤਾ ਗਿਆ। (ਪੀਟੀਆਈ)