ਸਾਡਾ ਜ਼ੋਰ ਘੱਟ ਮਹਿੰਗਾਈ ਅਤੇ ਵਿਕਾਸ 'ਤੇ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਉਦਯੋਗ ਜਗਤ ਸਾਹਮਣੇ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਦੁਬਾਰਾ ਚੁਣਨ ਦੀ ਜ਼ੋਰਦਾਰ ਵਕਾਲਤ ਕੀਤੀ......

Our emphasis on low inflation and development: Modi

ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਉਦਯੋਗ ਜਗਤ ਸਾਹਮਣੇ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਦੁਬਾਰਾ ਚੁਣਨ ਦੀ ਜ਼ੋਰਦਾਰ ਵਕਾਲਤ ਕੀਤੀ ਅਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿਚ ਜਿਥੇ ਭ੍ਰਿਸ਼ਟਾਚਾਰ ਲਈ ਦੌੜ ਹੁੰਦੀ ਸੀ, ਉਥੇ ਮੌਜੂਦਾ ਸਰਕਾਰ ਵਿਚ ਇਸ ਦੀ ਥਾਂ ਉੱਚ ਆਰਥਕ ਵਾਧੇ ਅਤੇ ਘੱਟ ਮਹਿੰਗਾਈ ਨੇ ਲੈ ਲਈ ਹੈ। ਉਨ੍ਹਾਂ ਕਾਂਗਰਸ ਦੀ ਅਗਵਾਈ ਵਾਲੀਆਂ ਪਿਛਲੀਆਂ ਸਰਕਾਰਾਂ ਅਤੇ ਭਾਜਪਾ ਦੀ ਕਾਰਜਸ਼ੈਲੀ ਦੀ ਤੁਲਨਾ ਕਰਦਿਆਂ ਭ੍ਰਿਸ਼ਟਾਚਾਰ ਤੋਂ ਲੈ ਕੇ ਫ਼ੈਸਲਕਾਰੀ ਵਿਚ ਦੇਰੀ ਜਿਹੇ ਕਈ ਮੁੱਦਿਆਂ ਨੂੰ ਉਦਯੋਗ ਜਗਤ ਸਾਹਮਣੇ ਗਿਣਾਇਆ।

ਉਨ੍ਹਾਂ ਕਿਹਾ ਕਿ ਅੱਜ ਉਦਾਰੀਕਰਨ ਮਗਰੋਂ ਦੇਸ਼ ਵਿਚ ਸੱਭ ਤੋਂ ਉੱਚੀ ਔਸਤ ਆਰਥਕ ਵਾਧਾ ਦਰ ਅਤੇ ਸੱਭ ਤੋਂ ਘੱਟ ਔਸਤ ਮੁਦਰਾਸਫ਼ੀਤੀ ਹਾਸਲ ਕੀਤੀ ਗਈ ਹੈ। 
ਪ੍ਰਧਾਨ ਮੰਤਰੀ ਨੇ ਇਥੇ ਇਕਨਾਮਿਕ ਟਾਈਮਜ਼ ਅਖ਼ਬਾਰ ਦੇ ਕਾਰੋਬਾਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੇਸ਼ ਨੂੰ 10 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਅਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਉਹ ਦੇਸ਼ ਨੂੰ ਵਿਸ਼ਵ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਸਥਾ ਬਣਾਉਣਾ ਚਾਹੁੰਦੇ ਹਨ ਜਿਥੇ ਅਣਗਿਣਤ ਸਟਾਰਟਅਪ ਹੋਣ ਅਤੇ ਦੇਸ਼ ਇਲੈਕਟ੍ਰਾਨਿਕ ਵਾਹਨਾਂ ਤੇ ਨਵੀਨ ਊਰਜਾ ਸ੍ਰੋਤਾਂ ਦੇ ਮਾਮਲੇ ਵਿਚ ਸੰਸਾਰ ਦੀ ਅਗਵਾਈ ਕਰੇ।

ਉਨ੍ਹਾਂ ਕਿਹਾ ਕਿ ਜਦ ਮਈ 2014 ਵਿਚ ਉਨ੍ਹਾਂ ਦੀ ਸਰਕਾਰ ਆਈ ਤਾਂ ਦੇਸ਼ ਸਾਹਮਣੇ ਲੱਕਤੋੜ ਮਹਿੰਗਾਈ, ਵਧਦਾ ਚਾਲੂ ਖਾਤੇ ਦਾ ਘਾਟਾ ਅਤੇ ਖ਼ਜ਼ਾਨੇ ਦਾ ਘਾਟਾ ਜਿਹੀਆਂ ਚੁਨੌਤੀਆਂ ਸਨ। ਉਨ੍ਹਾਂ ਯੂਪੀਏ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਤਦ ਮੰਤਰਾਲਿਆਂ ਅਤੇ ਕੁੱਝ ਲੋਕਾਂ ਵਿਚਾਲੇ ਭ੍ਰਿਸ਼ਟਾਚਾਰ ਅਤੇ ਵੱਖ ਵੱਖ ਮਾਮਲਿਆਂ ਨੂੰ ਲਟਕਾਉਣ  ਦਾ ਸਭਿਆਚਾਰ ਹੁੰਦਾ ਸੀ। ਤਦ ਰਿਵਾਜ ਸੀ ਕਿ ਕਿਹੜਾ ਸੱਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਕਰ ਸਕਦਾ ਹੈ, ਕਿਹੜਾ ਤੇਜ਼ੀ ਨਾਲ ਭ੍ਰਿਸ਼ਟਾਚਾਰ ਕਰ ਸਕਦਾ ਹੈ, ਕਿਹੜਾ ਨਵੇਂ ਤਰੀਕੇ ਨਾਲ ਭ੍ਰਿਸ਼ਟਾਚਾਰ ਕਰ ਸਕਦਾ ਹੈ। 

ਮੋਦੀ ਨੇ ਕਿਹਾ ਕਿ ਪਿਛਲੀ ਸਰਕਾਰ ਵਿਚ ਇਸ ਗੱਲ ਦਾ ਸਭਿਆਚਾਰ ਸੀ ਕਿ ਜ਼ਿਆਦਾ ਪੈਸਾ ਕਿਥੋਂ ਕਮਾਇਆ ਜਾ ਸਕਦਾ ਹੈ, ਕੋਲਾ ਵੰਡ ਵਿਚ ਜਾਂ ਸਪੈਕਟਰਮ ਵੰਡ ਵਿਚ, ਰਾਸ਼ਟਰਮੰਤਲ ਖੇਡਾਂ ਵਿਚ ਜਾਂ ਰਖਿਆ ਸੌਦਿਆਂ ਵਿਚ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਇਕ ਹੀ ਸਮੇਂ ਵਿਚ ਆਰਥਕ ਵਾਧਾ ਅਤੇ ਗ਼ਰੀਬ ਦੋਹਾਂ ਦੀ ਹਿਤੈਸ਼ੀ ਨਹੀਂ ਹੋ ਸਕਦੀ ਪਰ ਭਾਰਤ ਦੇ ਲੋਕਾਂ ਨੇ ਇਹ ਸੰਭਵ ਕਰ ਵਿਖਾਇਆ ਹੈ। (ਏਜੰਸੀ)