ਪੁਲਵਾਮਾ ਦੇ ਜਵਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ : ਸ਼ਾਹ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੁਲਵਾਮਾ ਅਤਿਵਾਦੀ ਹਮਲੇ ਬਾਰੇ ਕਿਹਾ ਕਿ ਕਸ਼ਮੀਰ ਦੀ ਧਰਤੀ 'ਤੇ ਜਵਾਨਾਂ ਦਾ ਡੁਲਿਆ ਖ਼ੂਨ ਅਜਾਈਂ ਨਹੀਂ ਜਾਵੇਗਾ......
ਲਖਨਊ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੁਲਵਾਮਾ ਅਤਿਵਾਦੀ ਹਮਲੇ ਬਾਰੇ ਕਿਹਾ ਕਿ ਕਸ਼ਮੀਰ ਦੀ ਧਰਤੀ 'ਤੇ ਜਵਾਨਾਂ ਦਾ ਡੁਲਿਆ ਖ਼ੂਨ ਅਜਾਈਂ ਨਹੀਂ ਜਾਵੇਗਾ। ਇਥੇ ਕਿਸਾਨ ਮੋਰਚੇ ਦੇ ਸੰਮੇਲਨ ਵਿਚ ਸ਼ਾਹ ਨੇ ਕਿਹਾ, 'ਪੁਲਵਾਮਾ ਕਾਰਨ ਸਾਰੇ ਦੇਸ਼ ਵਿਚ ਰੋਹ ਹੈ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਦੁਆਰਾ ਬਣਾਈ ਗਈ ਭਾਜਪਾ ਦੀ ਸਰਕਾਰ ਅਤਿਵਾਦ ਵਿਰੁਧ ਜ਼ੀਰੋ ਟਾਲਰੈਂਸ 'ਤੇ ਕੰਮ ਕਰ ਰਹੀ ਹੈ। ਤੁਸੀਂ ਚਿੰਤਾ ਨਾ ਕਰਨਾ। ਜਵਾਨਾਂ ਦਾ ਜਿਹੜਾ ਖ਼ੂਨ ਕਸ਼ਮੀਰ ਦੀ ਧਰਤੀ 'ਤੇ ਵਹਿ ਰਿਹਾ ਹੈ, ਉਹ ਅਜਾਈਂ ਨਹੀਂ ਜਾਣ ਵਾਲਾ।'
ਸ਼ਾਹ ਨੇ ਕਿਹਾ ਕਿ ਪੰਜ ਸਾਲ ਵਿਚ ਮੋਦੀ ਸਰਕਾਰ ਨੇ ਅਤਿਵਾਦ ਦਾ ਜਵਾਬ ਦਿਤਾ ਹੈ। ਚਾਹੇ ਕੂਟਨੀਤਕ ਖੇਤਰ ਹੋਵੇ, ਚਾਹੇ ਗੋਲੀ ਦਾ ਜਵਾਬ ਗੋਲੇ ਨਾਲ ਦੇਣਾ ਹੋਵੇ, ਚਾਹੇ ਸਰਜੀਕਲ ਹਮਲਾ ਹੋਵੇ, ਮੋਦੀ ਸਰਕਾਰ ਨੇ ਜਵਾਬ ਦਿਤਾ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਵਿਚ ਸ਼ਹੀਦ ਹੋਏ ਚਾਲੀ ਤੋਂ ਵੱਧ ਜਵਾਨਾਂ ਦੇ ਪਰਵਾਰਾਂ ਨਾਲ ਪੂਰਾ ਦੇਸ਼ ਖਲੋਤਾ ਹੈ। ਸ਼ਾਹ ਨੇ ਕਿਹਾ ਕਿ 70 ਸਾਲ ਤਕ ਜੋ ਵੀ ਸਰਕਾਰਾਂ ਆਈਆਂ, ਉਨ੍ਹਾਂ ਕਿਸਾਨਾਂ ਨੂੰ ਵੋਟ ਬੈਂਕ ਸਮਝ ਕੇ ਟੁਕੜਿਆਂ ਵਿਚ ਕੰਮ ਕੀਤਾ
ਪਰ ਪਹਿਲੀ ਵਾਰ ਨਰਿੰਦਰ ਮੋਦੀ ਦੀ ਸਰਕਾਰ ਨੇ ਟੈਕਨੋਲੋਜੀ ਦੇ ਆਧਾਰ 'ਤੇ ਵਿਕਾਸ ਕਰਨਾ ਸ਼ੁਰੂ ਕੀਤਾ। ਉਨ੍ਹਾਂ ਰਾਹੁਲ ਗਾਂਧੀ 'ਤੇ ਵਿਅੰਗ ਕਸਦਿਆਂ ਕਿਹਾ, 'ਰਾਹੁਲ ਬਾਬਾ ਸਾਨੂੰ ਸਲਾਹ ਦੇਣਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਆਲੂ ਖੇਤ ਹੇਠਾਂ ਹੁੰਦਾ ਹੈ ਜਾਂ ਉਪਰ। ਮੈਂ ਕਹਿੰਦਾ ਹਾਂ ਕਿ ਉਹ ਮੈਨੂੰ ਖ਼ਰੀਫ਼ ਫ਼ਸਲਾਂ ਦੇ ਨਾਮ ਲਿਖ ਕੇ ਦੱਸਣ, ਅਸੀਂ ਮੰਨ ਜਾਵਾਂਗੇ। ਦੇਸ਼ ਭਰ ਵਿਚ ਕਿਸਾਨ ਬਦਹਾਲ ਸੀ ਤਾਂ ਇਸ ਲਈ ਕਾਂਗਰਸ ਜ਼ਿੰਮੇਵਾਰ ਸੀ। (ਏਜੰਸੀ)