ਮਮਤਾ ਬੈਨਰਜੀ ਨੇ PM ਮੋਦੀ ਨੂੰ ਦੱਸਿਆ 'ਦੰਗਾਬਾਜ਼', ਟਰੰਪ ਤੋਂ ਵੀ 'ਮਾੜੀ' ਹੋਣ ਦੀ ਕੀਤੀ ਭਵਿੱਖਬਾਣੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ''ਮੈਂ ਵਿਧਾਨ ਸਭਾ ਚੋਣਾਂ 'ਚ ਗੋਲਕੀਪਰ ਰਹਾਂਗੀ ਅਤੇ ਭਾਜਪਾ ਇਕ ਵੀ ਗੋਲ ਨਹੀਂ ਕਰ ਸਕੇਗੀ

Mamata Banerjee

ਸ਼ਾਹੰਗਜ : ਪੱਛਮੀ ਬੰਗਾਲ ਦੀਆਂ ਅਸੰਬਲੀ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ, ਸਿਆਸੀ ਘਮਾਸਾਨ ਵਧਦਾ ਜਾ ਰਿਹਾ ਹੈ। ਖਾਸ ਕਰ ਕੇ ਸੱਤਾਧਾਰੀ ਧਿਰ TMC ਅਤੇ BJP ਵਿਚਾਲੇ ਸਿਆਸੀ ਖਿੱਚੋਤਾਣ ਚਰਮ-ਸੀਮਾ 'ਤੇ ਪਹੁੰਚ ਗਿਆ ਹੈ। ਭਾਜਪਾ ਆਗੂਆਂ ਦੀ ਬੰਗਾਲ ਵਿਚ ਵਧੀ ਸਰਗਰਮੀ ਦਰਮਿਆਨ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ।

ਮਮਤਾ ਨੇ ਪੀ.ਐੱਮ. ਮੋਦੀ ਨੂੰ ਸਭ ਤੋਂ ਵੱਡਾ ਦੰਗਾਬਾਜ ਕਰਾਰ ਦਿੰਦੇ ਹੋਏ ਉਨ੍ਹਾਂ ਦੀ ਕਿਸਮਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਵੀ ਬੁਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਹੁਗਲੀ ਜ਼ਿਲ੍ਹੇ ਦੇ ਸ਼ਾਹਗੰਜ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰੇ ਦੇਸ਼ 'ਚ ਝੂਠ ਅਤੇ ਨਫ਼ਰਤ ਫੈਲਾਅ ਰਹੇ ਹਨ। ਉਨ੍ਹਾਂ ਕਿਹਾ, ''ਨਰਿੰਦਰ ਮੋਦੀ ਦੇਸ਼ ਦੇ ਸਭ ਤੋਂ ਵੱਡੇ ਦੰਗਾਬਾਜ ਹਨ ਅਤੇ ਜੋ ਕੁੱਝ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨਾਲ ਵਾਪਰਿਆ ਹੈ, ਉਨ੍ਹਾਂ (ਮੋਦੀ) ਨਾਲ ਉਸ ਤੋਂ ਵੀ ਬੁਰਾ ਹੋਵੇਗਾ। ਹਿੰਸਾ ਨਾਲ ਕੁਝ ਹਾਸਲ ਨਹੀਂ ਹੋ ਸਕਦਾ।''

ਬੈਨਰਜੀ ਨੇ ਕਿਹਾ, ''ਮੈਂ ਵਿਧਾਨ ਸਭਾ ਚੋਣਾਂ 'ਚ ਗੋਲਕੀਪਰ ਰਹਾਂਗੀ ਅਤੇ ਭਾਜਪਾ ਇਕ ਵੀ ਗੋਲ ਨਹੀਂ ਕਰ ਸਕੇਗੀ। ਸਾਰੇ ਸ਼ਾਟ ਗੋਲ ਪੋਸਟ ਦੇ ਉਪਰੋਂ ਚੱਲੇ ਜਾਣਗੇ।'' ਮੁੱਖ ਮੰਤਰੀ ਨੇ ਕੋਲੇ ਦੀ ਹੇਰਾਫੇਰੀ ਨਾਲ ਜੁੜੇ ਇਕ ਘਪਲੇ ਦੇ ਸਿਲਸਿਲੇ 'ਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਪਤਨੀ ਤੋਂ ਸੀ.ਬੀ.ਆਈ. ਪੁੱਛਗਿੱਛ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਸਾਡੀਆਂ ਔਰਤਾਂ ਦਾ ਅਪਮਾਨ ਸੀ। ਇਸ ਵਿਚ ਕ੍ਰਿਕੇਟਰ ਮਨੋਜ ਤਿਵਾੜੀ ਅਤੇ ਕਈ ਬੰਗਾਲੀ ਅਭਿਨੇਤਾ ਰੈਲੀ 'ਚ ਮਮਤਾ ਬੈਨਰਜੀ ਦੀ ਮੌਜੂਦਗੀ 'ਚ ਟੀ.ਐੱਮ.ਸੀ. 'ਚ ਸ਼ਾਮਲ ਹੋਏ।

ਕਾਬਲੇਗੌਰ ਹੈ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਇਲਾਵਾ ਇਸ ਸਾਲ ਤਿੰਨ ਹੋਰ ਸੂਬਿਆਂ ਵਿਚ ਵੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਅਗਲੇ ਸਾਲ ਪੰਜਾਬ ਵਿਚ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭਾਜਪਾ ਦਾ ਇਰਾਦਾ ਬੰਗਾਲ ਜਿੱਤਣ ਤੋਂ ਬਾਅਦ ਇਸ ਲੜੀ ਨੂੰ ਦੂਜੇ ਸੂਬਿਆਂ ਤਕ ਲਿਜਾਣ ਦਾ ਹੈ, ਜਿਸ ਦੇ ਮੱਦੇਨਜ਼ਰ ਪਾਰਟੀ ਵੱਲੋਂ ਵਿਸ਼ੇਸ਼ ਤਿਆਰੀਆਂ ਅਰੰਭੀਆਂ ਗਈਆਂ ਹਨ। ਵੈਸੇ ਵੀ ਭਾਜਪਾ ਹਰ ਛੋਟੀ-ਵੱਡੀ ਚੋਣ ਪੂਰੀ ਤਾਕਤ ਨਾਲ ਲੜਦੀ ਹੈ ਅਤੇ ਪੱਛਮੀ ਬੰਗਾਲ ਜਿੱਥੇ ਮਮਤਾ ਬੈਨਰਜੀ ਵਰਗੀ ਮਜ਼ਬੂਤ ਆਗੂ ਮੌਜੂਦ ਹੈ, ਉਥੇ ਪਾਰਟੀ ਵੱਲੋਂ ਵਿਸ਼ੇਸ਼ ਰਣਨੀਤੀ ਤਹਿਤ ਲਾਮਬੰਦੀ ਕੀਤੀ ਜਾ ਰਹੀ ਹੈ।