ਗਹਿਲੋਤ ਸਰਕਾਰ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਗਿਫਟ ਕੀਤੇ iPhone 13
ਰਾਜਸਥਾਨ ਸਰਕਾਰ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਪੇਸ਼ ਕੀਤਾ ਬਜਟ
ਜੈਪੁਰ: ਰਾਜਸਥਾਨ ਸਰਕਾਰ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਬਜਟ ਪੇਸ਼ ਕੀਤਾ। ਇਸ ਵਿਸ਼ੇਸ਼ ਮੌਕੇ 'ਤੇ ਸੂਬਾ ਸਰਕਾਰ ਵੱਲੋਂ 200 ਵਿਧਾਇਕਾਂ ਨੂੰ ਆਈਫੋਨ 13 ਵੀ ਤੋਹਫੇ ਵਜੋਂ ਦਿੱਤਾ ਗਿਆ। ਇੱਕ ਫੋਨ ਦੀ ਕੀਮਤ ਇੱਕ ਲੱਖ 20 ਹਜ਼ਾਰ ਦੇ ਕਰੀਬ ਦੱਸੀ ਗਈ ਹੈ। ਅਜਿਹੇ 'ਚ ਸਰਕਾਰ ਨੇ ਵਿਧਾਇਕਾਂ ਨੂੰ ਤੋਹਫੇ ਦੇਣ 'ਤੇ ਹੀ ਦੋ ਕਰੋੜ ਰੁਪਏ ਖਰਚ ਕੀਤੇ ਹਨ।
ਇਸ ਸਬੰਧੀ ਜਦੋਂ ਵਿਧਾਇਕਾਂ ਨਾਲ ਗੱਲ ਕੀਤੀ ਗਈ ਤਾਂ ਕਿਸੇ ਨੇ ਕਿਹਾ ਕਿ ਹੁਣ ਉਹ ਜ਼ਿਆਦਾ ਕੰਮ ਕਰਨਗੇ, ਤਾਂ ਕੋਈ ਇਹ ਕਹਿੰਦੇ ਵੀ ਸੁਣਿਆ ਗਿਆ ਕਿ ਉਨ੍ਹਾਂ ਕੋਲ ਪਹਿਲਾਂ ਹੀ ਇੱਕ ਫ਼ੋਨ ਹੈ, ਪਰ ਸਰਕਾਰ ਨੇ ਇੱਕ ਹੋਰ ਦਿੱਤਾ, ਇਸ ਲਈ ਉਹਨਾਂ ਨੇ ਲੈ ਲਿਆ। ਹਾਲਾਂਕਿ ਕੋਈ ਵੀ ਵਿਧਾਇਕ ਖ਼ੁਦ ਇਹ ਆਈਫੋਨ ਲੈਣ ਨਹੀਂ ਆਇਆ, ਸਗੋਂ ਉਨ੍ਹਾਂ ਦੇ ਕਰਮਚਾਰੀਆਂ ਨੇ ਇਹ ਤੋਹਫਾ ਲਿਆ। ਵੈਸੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਧਾਇਕਾਂ ਨੂੰ ਇੰਨੇ ਮਹਿੰਗੇ ਤੋਹਫੇ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਵੀ ਇਹੀ ਪਰੰਪਰਾ ਚੱਲੀ ਆ ਰਹੀ ਹੈ।
ਸੂਬਾ ਸਰਕਾਰ ਦਾ ਤਰਕ ਇਹ ਰਹਿੰਦਾ ਹੈ ਕਿ ਸਾਰੇ ਵਿਧਾਇਕਾਂ ਨੂੰ ਹਾਈਟੈਕ ਬਣਾਇਆ ਜਾਵੇ। ਇਸੇ ਕੜੀ 'ਚ ਜਦੋਂ ਰਾਜਸਥਾਨ ਸਰਕਾਰ ਨੇ ਆਪਣਾ ਨਵਾਂ ਬਜਟ ਪੇਸ਼ ਕੀਤਾ ਤਾਂ ਇਸ ਦੇ ਸਾਰੇ ਦਸਤਾਵੇਜ਼ ਬ੍ਰੀਫਕੇਸ ਦੀ ਬਜਾਏ ਆਈਫੋਨ 'ਚ ਦਿੱਤੇ ਗਏ। ਇਨ੍ਹਾਂ ਆਈਫੋਨਸ ਨੂੰ ਵੀ ਨਵੀਨਤਮ ਐਪ ਨਾਲ ਅਪਗ੍ਰੇਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਧਾਇਕਾਂ ਨੂੰ ਵੀ ਇਸੇ ਕਾਰਨ ਲੈਪਟਾਪ ਦਿੱਤੇ ਗਏ ਸਨ।