ਇਨਸਾਨੀਅਤ ਸ਼ਰਮਸਾਰ: ਕਲਯੁਗੀ ਮਾਂ ਨੇ ਨਵਜੰਮੇ ਬੱਚੇ ਨੂੰ ਜ਼ਮੀਨ 'ਚ ਦੱਬਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਨੇ ਬੱਚੇ ਦੀ ਅਵਾਜ਼ ਸੁਣ ਉਸਨੂੰ ਕੱਢਿਆ ਬਾਹਰ, ਬਚਾਈ ਜਾਨ

PHOTO

 

ਸ਼ਿਵਪੁਰੀ: ਸ਼ਿਵਪੁਰੀ ਵਿੱਚ ਇੱਕ ਕਲਯੁਗੀ ਮਾਂ ਨੇ ਜੋ ਕੀਤਾ ਉਸ ਨਾਲ ਇਨਸਾਨੀਅਤ ਸ਼ਰਮਸਾਰ ਹੋ ਜਾਵੇਗੀ। ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਇੱਕ ਨਵਜੰਮੇ ਬੱਚੇ ਨੂੰ ਜ਼ਮੀਨ ਵਿੱਚ ਜ਼ਿੰਦਾ ਦੱਬ ਕੇ ਮਰਨ ਲਈ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਨਵਜੰਮੇ ਬੱਚੇ ਦੀ ਕਿਸਮਤ ਚੰਗੀ ਸੀ। ਟੋਆ ਬਹੁਤਾ ਡੂੰਘਾ ਨਹੀਂ ਸੀ। ਇੱਕ ਕਿਸਾਨ ਨੇ ਉਸਦੀ ਚੀਕ ਸੁਣ ਕੇ ਨਵਜੰਮੇ ਬੱਚੇ ਨੂੰ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। 

 

ਮਾਮਲਾ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦਾ ਹੈ। ਜਿਥੇ ਕਲਯੁਗੀ ਮਾਂ ਨੇ ਨਵਜੰਮੇ ਬੱਚੇ ਨੂੰ ਖੇਤਾਂ ਦੇ ਕੋਲ ਇੱਕ ਟੋਏ ਵਿੱਚ ਜ਼ਿੰਦਾ ਦੱਬ ਦਿੱਤਾ ਅਤੇ ਉਸ ਉੱਤੇ ਪੱਥਰ ਰੱਖ ਦਿੱਤਾ ਅਤੇ ਬਾਅਦ ਵਿਚ ਇਸ ਨੂੰ ਝਾੜੀਆਂ ਨਾਲ ਢੱਕ ਦਿੱਤਾ ਤਾਂ ਜੋ ਕੋਈ ਵੀ ਇਸ ਤੱਕ ਨਾ ਪਹੁੰਚ ਸਕੇ। ਟੋਆ ਬਹੁਤਾ ਡੂੰਘਾ ਨਹੀਂ ਸੀ। ਜਦੋਂ ਨਵਜੰਮੇ ਬੱਚੇ ਨੇ ਰੋਣਾ ਸ਼ੁਰੂ ਕੀਤਾ ਤਾਂ ਖੇਤ ਵਿੱਚ ਪਸ਼ੂ ਚਰਾ ਰਹੇ ਕਿਸਾਨ ਨੇ ਉਸ ਦੀ ਅਵਾਜ਼ ਸੁਣ ਲਈ। 

 ਜਦੋਂ ਕਿਸਾਨ ਨੇ ਝਾੜੀਆਂ ਅਤੇ ਪੱਥਰ ਹਟਾ ਕੇ ਵੇਖਿਆ ਤਾਂ ਉਸ ਨੇ ਨਵਜੰਮਿਆ ਬੱਚਾ ਵੇਖਿਆ। ਕੁਝ ਸਮੇਂ ਲਈ ਤਾਂ ਕਿਸਾਨ ਵੀ ਬੱਚੇ ਨੂੰ ਟੋਏ 'ਚ ਵੇਖ ਕੇ ਹੱਕਾ ਬੱਕਾ ਰਹਿ ਗਿਆ। ਉਸ ਨੇ ਬੱਚੇ ਨੂੰ ਬਾਹਰ ਕੱਢਿਆ ਤੇ ਤੁਰੰਤ ਇਸ ਦੀ ਸੂਚਨ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਨਵਜੰਮੇ ਬੱਚੇ ਨੂੰ ਹਸਪਤਾਲ ਪਹੁੰਚਾਇਆ। ਨਵਜੰਮੇ ਬੱਚੇ ਦੇ ਸਿਰ, ਗੋਡਿਆਂ ਅਤੇ ਪੰਜੇ 'ਤੇ ਸੱਟਾਂ ਕਾਰਨ SNCU ਸ਼ਿਵਪੁਰੀ 'ਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਨਵਜੰਮੇ ਬੱਚੇ ਨਾਲ ਅਜਿਹਾ ਕਰਨ ਵਾਲਿਆਂ ਦੀ ਭਾਲ ਕਰ ਰਹੀ ਹੈ। ਬੱਚੇ ਦਾ ਭਾਰ 2.155 ਕਿਲੋਗ੍ਰਾਮ ਹੈ। ਡਾਕਟਰ ਉਸ ਦੀ ਦੇਖਭਾਲ ਕਰ ਰਹੇ ਹਨ। ਡਾਕਟਰਾਂ ਮੁਤਾਬਕ ਬੱਚੇ ਦਾ ਜਨਮ ਬੁੱਧਵਾਰ ਸਵੇਰੇ ਹੋਇਆ ਹੋਵੇਗਾ। ਜਿਸ ਖੇਤ ਵਿਚ ਉਹ ਮਿਲਿਆ ਸੀ, ਉਹ ਜੰਗਲ ਦੇ ਨਾਲ ਲੱਗਦਾ ਖੇਤਰ ਹੈ। ਟੋਆ ਡੂੰਘਾ ਨਾ ਹੋਣ ਕਾਰਨ ਬੱਚੇ ਦਾ ਸਾਹ ਚੱਲਦਾ ਰਿਹਾ ਅਤੇ ਉਹ ਬਚ ਗਿਆ।