ਯੂਕਰੇਨ ਨੇ ਰੂਸ ਦੇ 5 ਜਹਾਜ਼ ਤੇ ਹੈਲੀਕਾਪਟਰ ਕੀਤੇ ਤਬਾਹ, ਕਿਹਾ- “ਅਸੀਂ ਤਿੰਨ ਪਾਸਿਓਂ ਘਿਰੇ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

'ਇਹ ਉਹ ਸਮਾਂ ਹੈ ਜਦੋਂ ਪੂਰੀ ਦੁਨੀਆ ਨੂੰ ਜਵਾਬ ਦੇਣਾ ਚਾਹੀਦਾ ਹੈ ਅਤੇ ਰੂਸ ਨੂੰ ਰੋਕਣਾ ਚਾਹੀਦਾ ਹੈ'

Russia-Ukraine crisis

 

 ਕੀਵ: ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 5 ਵਜੇ ਯੂਕਰੇਨ 'ਤੇ ਹਮਲਾ ਕਰ ਦਿੱਤਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰੀ ਟੈਲੀਵਿਜ਼ਨ 'ਤੇ ਹਮਲੇ ਦਾ ਐਲਾਨ ਕੀਤਾ। ਉਹਨਾਂ ਨੇ ਧਮਕੀ ਭਰੇ ਲਹਿਜੇ 'ਚ ਕਿਹਾ ਕਿ ਜੇਕਰ ਕੋਈ ਰੂਸ ਅਤੇ ਯੂਕਰੇਨ ਵਿਚਾਲੇ ਦਖਲਅੰਦਾਜ਼ੀ ਕਰੇਗਾ ਤਾਂ ਨਤੀਜਾ ਬਹੁਤ ਮਾੜਾ ਹੋਵੇਗਾ। 

 

ਇਸ ਬਿਆਨ ਦੇ 5 ਮਿੰਟ ਦੇ ਅੰਦਰ ਹੀ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਸੂਬਿਆਂ ਵਿੱਚ 12 ਧਮਾਕੇ ਹੋਏ। ਰਾਜਧਾਨੀ ਕੀਵ 'ਤੇ ਵੀ ਮਿਜ਼ਾਈਲ ਹਮਲਾ ਕੀਤਾ ਗਿਆ। ਉਥੇ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ। ਇਸ ਹਰਕਤ ਕਾਰਨ ਯੂਕਰੇਨ ਵਿੱਚ ਫਸੇ ਭਾਰਤੀਆਂ ਦੇ ਬਚਾਅ ਮਿਸ਼ਨ ਨੂੰ ਵੀ ਰੋਕਣਾ ਪਿਆ। ਯੂਕਰੇਨ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਖ਼ਤਰੇ ਦੀ ਚਿਤਾਵਨੀ ਦੇ ਚੱਲਦਿਆਂ ਵਾਪਸ ਪਰਤ ਆਈ ਹੈ।

ਯੂਕਰੇਨ ਨੇ ਵੀ ਹਮਲੇ ਦਾ ਜਵਾਬ ਦਿੱਤਾ ਅਤੇ ਰੂਸੀ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ। ਯੂਕਰੇਨ ਨੇ ਕਿਹਾ ਕਿ ਅਸੀਂ ਇਸ ਹਮਲੇ ਦਾ ਜਵਾਬ ਦੇਵਾਂਗੇ ਅਤੇ ਇਹ ਜੰਗ ਜਿੱਤਾਂਗੇ। ਇਹ ਉਹ ਸਮਾਂ ਹੈ ਜਦੋਂ ਪੂਰੀ ਦੁਨੀਆ ਨੂੰ ਜਵਾਬ ਦੇਣਾ ਚਾਹੀਦਾ ਹੈ ਅਤੇ ਰੂਸ ਨੂੰ ਰੋਕਣਾ ਚਾਹੀਦਾ ਹੈ।

ਯੂਕਰੇਨ ਨੇ ਕਿਹਾ ਕਿ ਸਾਡੇ 'ਤੇ ਰੂਸ, ਬੇਲਾਰੂਸ ਅਤੇ ਕ੍ਰੀਮੀਆ ਬਾਰਡਰ ਤਿੰਨੋਂ ਪਾਸਿਓਂ ਹਮਲਾ ਹੋਇਆ ਹੈ। ਅਸੀ ਤਿੰਨ ਪਾਸਿਆਂ ਤੋਂ ਘਿਰੇ ਹੋਏ ਹਾਂ। ਲੁਹਾਨਸਕ, ਖਾਰਕੀਵ, ਚੇਰਨੀਵ, ਸੁਮੀ ਅਤੇ ਜਾਟੋਮੀਰ ਪ੍ਰਾਂਤਾਂ ਵਿੱਚ ਹਮਲੇ ਜਾਰੀ ਹਨ।