ਸਾਰੇ ਸਕੂਲਾਂ ’ਚ ਪੜ੍ਹਾਈ ਜਾਵੇਗੀ ਪ੍ਰਧਾਨ ਮੰਤਰੀ ਮੋਦੀ ਦੀ ਕਿਤਾਬ, ਸਿਖਿਆ ਮੰਤਰਾਲੇ ਨੇ ਸੂਬਿਆਂ ਨੂੰ ਦਿਤੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬੀ ਸਣੇ 11 ਭਾਸ਼ਾਵਾਂ ਵਿਚ ਕੀਤਾ ਤਰਜਮਾ

photo

 

ਨਵੀਂ ਦਿੱਲੀ, 23 ਫ਼ਰਵਰੀ : ਕੇਂਦਰੀ ਸਿਖਿਆ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਪ੍ਰੀਖਿਆ ਦੇ ਤਣਾਅ ਦੇ ਵਿਰੁਧ ਮੁਹਿੰਮ ਨੂੰ ਸੰਸਥਾਗਤ ਰੂਪ ਦੇਣ ਅਤੇ ਇਸ ਨੂੰ ਜਨ ਅੰਦੋਲਨ ਬਣਾਉਣ ਲਈ ਨੈਸ਼ਨਲ ਬੁੱਕ ਟਰੱਸਟ (ਐਨ.ਬੀ.ਟੀ.) ਵਲੋਂ ਪ੍ਰਕਾਸ਼ਿਤ ਕਿਤਾਬ “ਇਗਜ਼ਾਮ ਵਾਰੀਅਰਜ’’ ਸਾਰੇ ਸਕੂਲਾਂ ਦੀਆਂ ਲਾਈਬ੍ਰੇਰੀਆਂ ਵਿਚ ਮੁਹਈਆ ਕਰਵਾਈ ਜਾਵੇ। ਇਹ ਕਿਤਾਬ ਪ੍ਰਧਾਨ ਮੰਤਰੀ ਮੋਦੀ ਵਲੋਂ ਲਿਖੀ ਗਈ ਹੈ। ਸਿਖਿਆ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਮੁਤਾਬਕ, ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਛੇਵਾਂ ਸੰਸਕਰਣ 27 ਜਨਵਰੀ 2023 ਨੂੰ ਕਰਵਾਇਆ ਗਿਆ ਸੀ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਤੇ ਵਿਦੇਸ਼ਾਂ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨਾਲ ਗੱਲਬਾਤ ਕੀਤੀ।

ਬਿਆਨ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ “ਇਗਜ਼ਾਮ ਵਾਰੀਅਰਜ’’ ਨਾਂ ਦੀ ਕਿਤਾਬ ਲਿਖੀ ਹੈ ਜਿਸ ਵਿਚ ਪ੍ਰੀਖਿਆ ਦੇ ਤਣਾਅ ਨੂੰ ਦੂਰ ਕਰਨ ਦੇ ਤਰੀਕਿਆਂ ਤੇ ਸਾਧਨਾਂ ਸਬੰਧੀ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਲਈ ‘ਮੰਤਰਾਂ’ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰੀਖਿਆ ਪੇ ਚਰਚਾ ਨੂੰ ਜਨ ਅੰਦੋਲਨ ਵਿਚ ਤਬਦੀਲ ਕਰਨ ਲਈ ਕੇਂਦਰੀ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਾਰੇ ਸੂਬਿਆਂ  ਦੇ ਮੁੱਖ ਮੰਤਰੀਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਹਰ ਸਕੂਲ ਦੀ ਲਾਈਬ੍ਰੇਰੀ ਵਿਚ “ਇਗਜ਼ਾਮ ਵਾਰੀਅਰਜ’’ ਮੁਹਈਆ ਕਰਵਾਉਣ ਦੀ ਅਪੀਲ ਕੀਤੀ ਹੈ।

ਸਿਖਿਆ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਮੁਤਾਬਕ ਉਕਤ ਕਿਤਾਬ ਦਾ ਪੰਜਾਬੀ ਸਣੇ 11 ਭਾਸ਼ਾਵਾਂ ਵਿਚ ਇਸ ਅਨੁਵਾਦ ਕੀਤਾ ਗਿਆ ਹੈ। ਬਿਆਨ ਵਿਚ ਅਗੇ ਕਿਹਾ ਗਿਆ ਹੈ ਕਿ ਦੇਸ਼ ਭਰ ਦੇ ਵਿਦਿਆਰਥੀਆਂ ’ਤੇ ਕਿਤਾਬ ਦੇ ਵਿਲੱਖਣ ਪ੍ਰਭਾਅ ’ਤੇ ਗ਼ੌਰ ਕਰਦਿਆਂ ਸਿਖਿਆ ਮੰਤਰਾਲੇ ਦੀ ਦੇਖ-ਰੇਖ ਹੇਠ ਨੈਸ਼ਨਲ ਬੁੱਕ ਟਰੱਸਟ ਨੇ “ਇਗਜ਼ਾਮ ਵਾਰੀਅਰਜ’’ ਕਿਤਾਬ ਦਾ ਅਨੁਵਾਦ 11 ਭਾਰਤੀ ਭਾਸ਼ਾਵਾਂ ਵਿਚ ਕੀਤਾ। ਇਸ ਨੂੰ ਅਸਮੀਆ, ਬੰਗਲਾ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲੁਗੂ ਤੇ ਉਰਦੂ ਵਿਚ ਪ੍ਰਕਾਸ਼ਿਤ ਕੀਤਾ ਹੈ। (ਏਜੰਸੀ)