ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰਾਂ ਨੂੰ ਅੰਸ਼ਕ ਤੌਰ ’ਤੇ ਖੋਲ੍ਹਿਆ ਜਾਵੇਗਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੰਘੂ ਬਾਰਡਰ ਰੋਡ ਦੀ ਸਰਵਿਸ ਲੇਨ ਅਤੇ ਟਿਕਰੀ ਬਾਰਡਰ ਰੋਡ ਦੀ ਇਕ ਲੇਨ ਨੂੰ 11 ਦਿਨ ਬਾਅਦ ਆਵਾਜਾਈ ਲਈ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ

Singhu Border

ਨਵੀਂ ਦਿੱਲੀ: ਦਿੱਲੀ-ਹਰਿਆਣਾ ਸਰਹੱਦ ’ਤੇ ਸਿੰਘੂ ਅਤੇ ਟਿਕਰੀ ਬਾਰਡਰ ਸੜਕਾਂ ਨੂੰ ਲਗਭਗ ਦੋ ਹਫ਼ਤਿਆਂ ਤਕ ਬੰਦ ਰੱਖਣ ਤੋਂ ਬਾਅਦ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਉਨ੍ਹਾਂ ਨੂੰ ਅੰਸ਼ਕ ਤੌਰ ’ਤੇ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ। ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਦੇ ਮੱਦੇਨਜ਼ਰ ਬੰਦ ਸਿੰਘੂ ਬਾਰਡਰ ਰੋਡ ਦੀ ਸਰਵਿਸ ਲੇਨ ਅਤੇ ਟਿਕਰੀ ਬਾਰਡਰ ਰੋਡ ਦੀ ਇਕ ਲੇਨ ਨੂੰ ਗੱਡੀਆਂ ਦੀ ਆਵਾਜਾਈ ਲਈ ਖੋਲ੍ਹਿਆ ਜਾ ਰਿਹਾ ਹੈ। ਸਿੰਘੂ ਅਤੇ ਟਿਕਰੀ ਬਾਰਡਰ ਰੂਟ ਖੁੱਲ੍ਹਣ ਨਾਲ ਦਿੱਲੀ ਤੋਂ ਹਰਿਆਣਾ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। 

ਪੰਜਾਬ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਅਤੇ ਖੇਤੀ ਕਰਜ਼ਾ ਮੁਆਫੀ ਸਮੇਤ ਅਪਣੀਆਂ ਮੰਗਾਂ ਨੂੰ ਲੈ ਕੇ ‘ਦਿੱਲੀ ਚਲੋ’ ਮਾਰਚ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ 13 ਫ਼ਰਵਰੀ ਨੂੰ ਦੋਹਾਂ ਸਰਹੱਦੀ ਮਾਰਗਾਂ ਨੂੰ ਸੀਲ ਕਰ ਦਿਤਾ ਗਿਆ ਸੀ। ਦਿੱਲੀ ਤੋਂ ਕਰੀਬ 200 ਕਿਲੋਮੀਟਰ ਦੂਰ ਅੰਬਾਲਾ ਨੇੜੇ ਪੰਜਾਬ-ਹਰਿਆਣਾ ਸਰਹੱਦ ’ਤੇ ਹਜ਼ਾਰਾਂ ਕਿਸਾਨ ਡਟੇ ਹੋਏ ਹਨ ਕਿਉਂਕਿ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿਤੀ। ਇਸ ਦੌਰਾਨ ਸੋਨੀਪਤ ਤੋਂ ਮਿਲੀ ਖ਼ਬਰ ਮੁਤਾਬਕ ਕੁੰਡਲੀ ਬਾਰਡਰ ਰੋਡ ’ਤੇ ਸਰਵਿਸ ਲੇਨ ਖੋਲ੍ਹ ਦਿਤੀ ਗਈ ਹੈ। ਸਰਹੱਦ ਬੰਦ ਹੋਣ ਦੇ 11ਵੇਂ ਦਿਨ ਦੋ ਪਹੀਆ ਗੱਡੀਆਂ ਲਈ ਸਰਵਿਸ ਲੇਨ ਖੋਲ੍ਹ ਦਿਤੀ ਗਈ ਹੈ। ਇਸ ਦੇ ਨਤੀਜੇ ਵਜੋਂ ਦਿੱਲੀ ਜਾਣ ਵਾਲੇ ਮੁਸਾਫ਼ਰਾਂ ਅਤੇ ਉਦਯੋਗਿਕ ਖੇਤਰ ਦੇ ਗੱਡੀਆਂ ਨੂੰ ਰਾਹਤ ਮਿਲੀ ਹੈ।