Gujarat News: ਗੁਜਰਾਤ 'ਚ ਵਰਕ ਪਰਮਿਟ ਦੇ ਨਾਮ ’ਤੇ 70.90 ਲੱਖ ਦੀ ਧੋਖਾਧੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Gujarat News: ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ 38 ਸਾਲਾ ਜੈਦੀਪ ਨਕਰਾਨੀ ਨੇ ਦੋ ਧੋਖੇਬਾਜ਼ਾਂ ਵਿਰੁਧ ਧੋਖਾਧੜੀ ਦਾ ਮਾਮਲਾ ਕਰਵਾਇਆ ਦਰਜ

70.90 lakh fraud in the name of work permit in Gujarat

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਵਿਦੇਸ਼ਾਂ ਨੂੰ ਭੇਜਣ ਦੇ ਨਾਂਅ ਉਤੇ ਧੋਖਾਧੜੀ ਦਾ ਇਕ ਤਾਜ਼ਾ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ। ਨਿਊ ਰਾਨੀਪ (ਅਹਿਮਦਾਬਾਦ) ਦੀ ਇਹ ਘਟਨਾ ਹੈ। ਅਹਿਮਦਾਬਾਦ ਅਤੇ ਮਹਿਸਾਣਾ ਦੇ ਨੌਜਵਾਨਾਂ ਅਤੇ ਔਰਤਾਂ ਤੋਂ ਪੈਸੇ ਵਸੂਲੇ ਗਏ, ਸਾਰੇ ਲੋਕਾਂ ਨੂੰ 17 ਲੱਖ ਵਿਚ ਵਰਕ ਪਰਮਿਟ ਦੇਣ ਦਾ ਸੌਦਾ ਕੀਤਾ ਗਿਆ, ਹਵਾਈ ਟਿਕਟਾਂ ਵੀ ਦਿਤੀਆਂ ਗਈਆਂ।

ਹੁਣ ਮਾਮਲਾ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਵਿਚ ਦਰਜ ਕੀਤਾ ਗਿਆ ਹੈ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ 38 ਸਾਲਾ ਜੈਦੀਪ ਨਕਰਾਨੀ ਨੇ ਦੋ ਧੋਖੇਬਾਜ਼ਾਂ ਵਿਰੁਧ 70.90 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਕੋਲ ਦਰਜ ਸ਼ਿਕਾਇਤ ਅਨੁਸਾਰ ਮੁਲਜ਼ਮ ਦਰਸ਼ਿਲ ਪਟੇਲ ਅਤੇ ਜੈਮਿਨ ਪਟੇਲ ਨੇ ਸੱਤ ਲੋਕਾਂ ਨੂੰ ਨਿਊਜ਼ੀਲੈਂਡ ਵਰਕ ਪਰਮਿਟ, ਰਿਹਾਇਸ਼ ਅਤੇ ਨੌਕਰੀ ਦੇ ਪ੍ਰਬੰਧਾਂ ਦਾ ਵਾਅਦਾ ਕਰ ਕੇ ਲਾਲਚ ਦੇ ਕੇ ਇਹ ਧੋਖਾਧੜੀ ਕੀਤੀ।

ਜੈਦੀਪ ਨਕਰਾਨੀ, ਅਪਣੀ ਪਤਨੀ ਨਾਲ ਮਿਲ ਕੇ, ਅਹਿਮਦਾਬਾਦ ਦੇ ਵਿਜੇ ਚੌਕ ਨੇੜੇ ‘ਵਿਜ਼ਾਲੀ ਐਂਡ ਪ੍ਰਕਾਸ਼ ਕਮਿਊਨੀਕੇਸ਼ਨ ਫ਼ਰਮ’ ਨਾਮਕ ਇਕ ਵੀਜ਼ਾ ਸਲਾਹਕਾਰ ਦੁਕਾਨ ਚਲਾਉਂਦੇ ਹਨ। ਦੋਸ਼ ਅਨੁਸਾਰ ਨਵੰਬਰ 2023 ਵਿਚ, ਜੈਦੀਪ ਨੇ ਇੰਸਟਾਗ੍ਰਾਮ ’ਤੇ ਅਹਿਮਦਾਬਾਦ ਦੇ ਨਿਊ ਰਾਨੀਪ ਵਿਚ ਸਥਿਤ ‘ਮਾਧਵਿਸ਼ ਬ੍ਰਿਟਿਸ਼ ਅਕੈਡਮੀ’ ਤੋਂ ਨਿਊਜ਼ੀਲੈਂਡ ਵਰਕ ਪਰਮਿਟ ਲਈ ਇਕ ਇਸ਼ਤਿਹਾਰ ਦੇਖਿਆ। ਇਸ ਦੇ ਮਾਲਕ ਦਰਸ਼ਿਲ ਪਟੇਲ ਅਤੇ ਜੈਮਿਨ ਪਟੇਲ ਸਨ। ਦਰਸ਼ੀਲ ਨੇ ਕਿਹਾ ਕਿ ਉਹ ਨਿਊਜ਼ੀਲੈਂਡ ਵਿਚ ਪ੍ਰਤੀ ਵਿਅਕਤੀ 17 ਲੱਖ ਰੁਪਏ ਵਿਚ ਵਰਕ ਪਰਮਿਟ, ਰਿਹਾਇਸ਼ ਅਤੇ ਨੌਕਰੀ ਦੇ ਪ੍ਰਬੰਧ ਪ੍ਰਦਾਨ ਕਰਦੇ ਹਨ ਜਿਸ ਵਿਚ ਉਡਾਣ ਦਾ ਖ਼ਰਚਾ ਵਖਰੇ ਤੌਰ ’ਤੇ ਚੁੱਕਿਆ ਜਾਂਦਾ ਹੈ।

ਜੈਦੀਪ ਨਕਰਾਨੀ ਨੇ ਅਪਣੇ ਸੰਪਰਕ ਤੁਸ਼ਾਰ, ਵਿਯੋਮ, ਵਿਸ਼ਵਾ, ਨਰਿੰਦਰ, ਦ੍ਰੁਪਦ, ਵਿਵੇਕ, ਬਲਾਸੀ ਨਾਲ ਪੂਰੇ ਵਿਸ਼ਵਾਸ ਨਾਲ ਸੌਦਾ ਪੂਰਾ ਕੀਤਾ, ਜੋ ਨਿਊਜ਼ੀਲੈਂਡ ਜਾਣ ਲਈ ਤਿਆਰ ਸਨ। ਇਸ ਤੋਂ ਬਾਅਦ ਦਰਸ਼ਿਲ ਪਟੇਲ ਅਤੇ ਜੈਮਿਨ ਪਟੇਲ ਨੇ ਇਨ੍ਹਾਂ ਸੱਤ ਲੋਕਾਂ ਤੋਂ 70.90 ਲੱਖ ਰੁਪਏ ਲਏ। ਇਸ ਤੋਂ ਬਾਅਦ, ਦੋਵਾਂ ਧੋਖੇਬਾਜ਼ਾਂ ਨੇ ਸੱਤਾਂ ਨੂੰ ਨਿਊਜ਼ੀਲੈਂਡ ਦੀਆਂ ਟਿਕਟਾਂ ਵੀ ਦਿਤੀਆਂ ਪਰ ਇਹ ਟਿਕਟਾਂ ਕੱੁਝ ਘੰਟਿਆਂ ਵਿਚ ਹੀ ਰੱਦ ਕਰ ਦਿਤੀਆਂ ਗਈਆਂ। ਬਾਅਦ ਵਿਚ, ਸਾਰਿਆਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਅਤੇ ਉਨ੍ਹਾਂ ਨੇ ਅਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿਤੇ। ਦੋਵੇਂ ਧੋਖੇਬਾਜ਼ ਪੈਸੇ ਵਾਪਸ ਕਰਨ ਦੇ ਮੁੱਦੇ ਤੋਂ ਬਚਣ ਲੱਗ ਪਏ। ਇਸ ਤੋਂ ਬਾਅਦ ਜੈਦੀਪ ਨਕਰਾਨੀ ਨੇ ਕ੍ਰਾਈਮ ਬ੍ਰਾਂਚ ਵਿੱਚ 70.90 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ।