ਨਿਊਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਬੰਬ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਕਾਰਨਾਂ ਕਰ ਕੇ ਇਟਲੀ ’ਚ ਐਮਰਜੈਂਸੀ ਲੈਂਡਿੰਗ

Bomb threat to plane coming from New York to Delhi

ਨਵੀਂ ਦਿੱਲੀ: ਐਤਵਾਰ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਉਡਾਣ ਨੂੰ ਅਚਾਨਕ ਰੋਮ ਵਲ  ਮੋੜਨਾ ਪਿਆ। ਜਹਾਜ਼ ’ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਇਹ ਕਦਮ ਚੁਕਣਾ ਪਿਆ।

ਜਦੋਂ ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਸ਼ਾਮ 5:30 ਵਜੇ ਰੋਮ ’ਚ ਸੁਰੱਖਿਅਤ ਉਤਰਿਆ ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਅਮਰੀਕਨ ਏਅਰਲਾਈਨਜ਼ ਦੀ ਨਿਊਯਾਰਕ ਜੇਐਫਕੇ-ਦਿੱਲੀ ਨਾਨ-ਸਟਾਪ (ਏਏ 292) ਉਡਾਣ ਐਤਵਾਰ ਨੂੰ ਨਵੀਂ ਦਿੱਲੀ ਆ ਰਹੀ ਸੀ। ਰਸਤੇ ’ਚ ਹੀ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ  ਗਈ ਸੀ।

ਚਾਲਕ ਦਲ ਨੂੰ ਦਸਿਆ  ਗਿਆ ਕਿ ਜਹਾਜ਼ ’ਚ ਬੰਬ ਹੈ। ਫਿਰ ਜਹਾਜ਼ ਨੂੰ ਇਟਲੀ ਦੇ ਰੋਮ ਵਲ  ਮੋੜ ਦਿਤਾ ਗਿਆ। ਬੋਇੰਗ 787 ਡਰੀਮਲਾਈਨਰ ਨੇ ਸਨਿਚਰਵਾਰ  ਰਾਤ 8:15 ਵਜੇ ਜੇ.ਐਫ਼.ਕੇ. ਤੋਂ ਉਡਾਣ ਭਰੀ। ਧਮਕੀ ਦੇ ਸਮੇਂ ਜਹਾਜ਼ ਕੈਸਪੀਅਨ ਸਾਗਰ ਦੇ ਉੱਪਰ ਸੀ। ਪਰ ਚਾਲਕ ਦਲ ਨੇ ਚੇਤਾਵਨੀ ਦਿਤੀ  ਅਤੇ ਤੁਰਤ  ਜਹਾਜ਼ ਨੂੰ ਯੂਰਪ ਵਲ  ਮੋੜ ਦਿਤਾ।

ਜਹਾਜ਼ ਨੂੰ ਹਾਈ ਅਲਰਟ ਦੇ ਵਿਚਕਾਰ ਰੋਮ ਦੇ ਲਿਓਨਾਰਡੋ ਦਾ ਵਿੰਚੀ ਫਿਉਮਿਸੀਨੋ ਹਵਾਈ ਅੱਡੇ ’ਤੇ  ਸੁਰੱਖਿਅਤ ਉਤਾਰਿਆ ਗਿਆ। ਏਅਰਲਾਈਨ ਨੇ ਇਕ  ਬਿਆਨ ’ਚ ਕਿਹਾ ਕਿ ਨਿਊਯਾਰਕ ਤੋਂ ਦਿੱਲੀ ਜਾ ਰਹੀ ਏ.ਏ. 292 ਨੂੰ ਜਹਾਜ਼ ਨੂੰ ਸੰਭਾਵੀ ਖ਼ਤਰੇ ਦੇ ਕਾਰਨ ਡਾਇਵਰਟ ਕਰਨਾ ਪਿਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਹਾਜ਼ ਦਾ ਵਿੰਚੀ ਫਿਉਮਿਸੀਨੋ ਹਵਾਈ ਅੱਡੇ ’ਤੇ  ਸੁਰੱਖਿਅਤ ਉਤਰਿਆ।