Fight Against Obesity: ਪੀ.ਐਮ. ਮੋਦੀ ਨੇ ਮੋਟਾਪੇ ਵਿਰੁਧ ਸ਼ੁਰੂ ਕੀਤੀ ਮੁਹਿੰਮ, ਉਮਰ ਅਬਦੁੱਲਾ ਸਮੇਤ 10 ਮਸ਼ਹੂਰ ਹਸਤੀਆਂ ਨੂੰ ਕੀਤਾ ਨਾਮਜ਼ਦ
Fight Against Obesity: ਭੋਜਨ ’ਚ ਖਾਣ ਵਾਲੇ ਤੇਲ ਦੀ ਖਪਤ ਨੂੰ ਘਟਾਉਣ ਬਾਰੇ ਕੀਤਾ ਜਾਵੇਗਾ ਜਾਗਰੂਕਤਾ
Fight Against Obesity: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਟਾਪੇ ਵਿਰੁਧ ਲੜਾਈ ਨੂੰ ਮਜ਼ਬੂਤ ਕਰਨ ਅਤੇ ਭੋਜਨ ਵਿਚ ਖਾਣ ਵਾਲੇ ਤੇਲ ਦੀ ਖਪਤ ਨੂੰ ਘਟਾਉਣ ਬਾਰੇ ਜਾਗਰੂਕਤਾ ਫੈਲਾਉਣ ਵਿਚ ਮਦਦ ਕਰਨ ਲਈ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਸਮੇਤ ਕੁੱਲ 10 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਵੱਖ-ਵੱਖ ਖੇਤਰਾਂ ਦੀਆਂ ਵੱਡੀਆਂ ਸ਼ਖ਼ਸੀਅਤਾਂ ਵੀ ਇਸ ਵਿਚ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਇਕ ਪੋਸਟ ਵਿਚ ਲਿਖਿਆ, ‘‘ਜਿਵੇਂ ਕਿ ਕੱਲ੍ਹ ਦੀ ਮਨ ਕੀ ਬਾਤ ਵਿਚ ਦਸਿਆ ਗਿਆ ਸੀ, ਮੈਂ ਮੋਟਾਪੇ ਦੇ ਵਿਰੁਧ ਲੜਾਈ ਨੂੰ ਮਜ਼ਬੂਤ ਕਰਨ ਅਤੇ ਭੋਜਨ ਵਿਚ ਖਾਣ ਵਾਲੇ ਤੇਲ ਦੀ ਖਪਤ ਨੂੰ ਘਟਾਉਣ ਬਾਰੇ ਜਾਗਰੂਕਤਾ ਫੈਲਾਉਣ ਲਈ ਹੇਠਾਂ ਦਿਤੇ ਲੋਕਾਂ ਨੂੰ ਨਾਮਜ਼ਦ ਕਰਨਾ ਚਾਹਾਂਗਾ। ਮੈਂ ਉਨ੍ਹਾਂ ਨੂੰ ਇਹ ਵੀ ਬੇਨਤੀ ਕਰਦਾ ਹਾਂ ਕਿ ਉਹ ਸਾਰੇ ਵੀ 10 ਲੋਕਾਂ ਨੂੰ ਨਾਮਜ਼ਦ ਕਰਨ ਤਾਂ ਜੋ ਸਾਡਾ ਅੰਦੋਲਨ ਹੋਰ ਵਿਸ਼ਾਲ ਹੋ ਸਕੇ!’’
ਪ੍ਰਧਾਨ ਮੰਤਰੀ ਮੋਦੀ ਨੇ ਕਿਸ ਨੂੰ ਨਾਮਜ਼ਦ ਕੀਤਾ
ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ, ਆਜ਼ਮਗੜ੍ਹ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਭੋਜਪੁਰੀ ਅਭਿਨੇਤਾ ਦਿਨੇਸ਼ ਲਾਲ ਯਾਦਵ ‘ਨਿਰਾਹੁਆ’, ਐਥਲੀਟ ਮਨੂ ਭਾਕਰ, ਐਥਲੀਟ ਮੀਰਾਬਾਈ ਚਾਨੂ, ਅਨੁਭਵੀ ਮਲਿਆਲਮ ਫ਼ਿਲਮ ਅਦਾਕਾਰ ਮੋਹਨ ਲਾਲ, ਇਨਫੋਸਿਸ ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਹਿੰਦੀ ਫ਼ਿਲਮਾਂ ਅਤੇ ਤਾਮਿਲ ਫ਼ਿਲਮਾਂ ਦੇ ਅਭਿਨੇਤਾ ਆਰ. ਮਾਧਵਨ, ਪ੍ਰਸਿੱਧ ਪਲੇਅਬੈਕ ਗਾਇਕਾ ਸ਼੍ਰੇਆ ਘੋਸ਼ਾਲ ਅਤੇ ਇਨਫੋਸਿਸ ਦੀ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਸੁਧਾ ਮੂਰਤੀ ਇਸ ਵਿਚ ਸ਼ਾਮਲ ਹਨ।