ਪਹਾੜ ਟੁੱਟਣ ਨਾਲ 46 ਮੌਤਾਂ, ਮਲਬੇ 'ਚ ਦਬੀਆਂ ਨੇ ਕਈ ਹੋਰ ਜਾਨਾਂ
ਨੈਸ਼ਨਲ ਹਾਈਵੇ-154 'ਤੇ ਪੱਧਰ ਦੇ ਨੇੜੇ ਸ਼ਨੀਵਾਰ ਦੇਰ ਰਾਤ ਕੋਟਰੋਪੀ ਪਿੰਡ ਭਾਰੀ ਜ਼ਮੀਨ ਖਿਸਕਣ ਕਾਰਨ ਮਲਬੇ 'ਚ ਦੱਬ ਗਿਆ ਅਤੇ ਐੱਨ. ਐੱਚ. ਦਾ ਲੱਗਭੱਗ 200 ਮੀਟਰ ਲੰਬਾ...
ਮੰਡੀ: ਨੈਸ਼ਨਲ ਹਾਈਵੇ-154 'ਤੇ ਪੱਧਰ ਦੇ ਨੇੜੇ ਸ਼ਨੀਵਾਰ ਦੇਰ ਰਾਤ ਕੋਟਰੋਪੀ ਪਿੰਡ ਭਾਰੀ ਜ਼ਮੀਨ ਖਿਸਕਣ ਕਾਰਨ ਮਲਬੇ 'ਚ ਦੱਬ ਗਿਆ ਅਤੇ ਐੱਨ. ਐੱਚ. ਦਾ ਲੱਗਭੱਗ 200 ਮੀਟਰ ਲੰਬਾ ਜ਼ਮੀਨੀ ਟੁਕੜਾ ਟੁੱਟ ਕੇ ਨਾਲੇ 'ਚ ਰੁੜ੍ਹ ਗਿਆ। ਜ਼ਮੀਨ ਖਿਸਕਣ ਦੀ ਲਪੇਟ 'ਚ ਹਿਮਾਚਲ ਰੋਡ ਟਰਾਂਸਪੋਰਟ ਨਿਗਮ ਦੀਆਂ ਦੋ ਬੱਸਾਂ ਵੀ ਆ ਗਈਆਂ, ਜਿਨ੍ਹਾਂ 'ਚ 46 ਵਿਅਕਤੀਆਂ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਟਰਾਂਸਪੋਰਟ ਨਿਗਮ ਦੀ ਇਕ ਬੱਸ ਚੰਬਾ ਤੋਂ ਮਨਾਲੀ ਵੱਲ ਜਾ ਰਹੀ ਸੀ, ਜਿਸ 'ਚ ਲਗਭਗ 45 ਤੋਂ 50 ਵਿਅਕਤੀ ਸਵਾਰ ਸਨ ਤੇ ਦੂਸਰੀ ਬੱਸ ਮਨਾਲੀ ਤੋਂ ਕੱਟੜ ਵੱਲ ਜਾ ਰਹੀ ਸੀ ਜਿਸ 'ਚ 8 ਵਿਅਕਤੀ ਸਵਾਰ ਸਨ। ਦੋਵੇਂ ਬੱਸਾਂ 'ਚੋਂ 46 ਲਾਸ਼ਾਂ ਨੂੰ ਮੌਕੇ 'ਤੇ ਬਰਾਮਦ ਕਰ ਲਿਆ ਗਿਆ। ਕੋਟਰੋਪੀ ਪਿੰਡ ਦੇ ਇਕ ਚਸ਼ਮਦੀਦ ਚੋਬੇ ਰਾਮ ਨੇ ਦੱਸਿਆ ਕਿ ਮੌਸਮ ਸਾਫ ਹੋਣ ਦੇ ਬਾਵਜੂਦ ਪਿੰਡ ਦੀ ਪਹਾੜੀ ਤੋਂ ਰਾਤ ਲਗਭਗ ਸਾਢੇ 11 ਵਜੇ ਪੱਥਰ ਡਿੱਗਣੇ ਸ਼ੁਰੂ ਹੋ ਗਏ ਸਨ।
ਜਿਉਂ ਹੀ ਪੰਜ ਪਰਿਵਾਰਾਂ ਦੇ ਲਗਭਗ 20 ਮੈਂਬਰ ਆਪਣੇ ਘਰਾਂ 'ਚੋਂ 200 ਮੀਟਰ ਦੀ ਦੂਰੀ 'ਚ ਜੰਗਲ 'ਚ ਪਹੁੰਚੇ ਤਾਂ ਸਾਹਮਣਿਓਂ ਅਚਾਨਕ ਪਹਾੜੀ ਦਾ ਵੱਡਾ ਹਿੱਸਾ ਟੁੱਟ ਕੇ ਹੇਠਾਂ ਡਿੱਗਣ ਲੱਗਾ, ਜਿਸ ਦੀ ਲਪੇਟ 'ਚ ਪਹਿਲਾਂ ਕੋਟਰੋਪੀ ਪਿੰਡ ਦੇ 5 ਮਕਾਨ ਅਤੇ ਗਊਸ਼ਾਲਾਵਾਂ ਆਈਆਂ ਅਤੇ ਫਿਰ ਦੇਖਦੇ ਹੀ ਦੇਖਦੇ ਪਠਾਨਕੋਟ ਮੰਡੀ ਐੱਨ. ਐੱਚ. ਦਾ ਲਗਭਗ 200 ਮੀਟਰ ਹਿੱਸਾ ਪੁਲ ਸਮੇਤ ਮਲਬੇ ਦੇ ਨਾਲ 500 ਮੀਟਰ ਅੱਗੇ ਰੁੜ੍ਹ ਗਿਆ। ਜਿਸ ਦੀ ਲਪੇਟ 'ਚ ਦੋ ਬੱਸਾਂ ਸਮੇਤ ਅੱਧੀ ਦਰਜਨ ਛੋਟੇ ਵਾਹਨ ਵੀ ਆ ਗਏ।
ਓਧਰ ਦੂਸਰੇ ਪਾਸੇ ਮਲਬੇ ਨਾਲ ਚੰਬਾ-ਮਨਾਲੀ ਬੱਸ ਦਾ ਮਲਬਾ ਨਾਲੇ 'ਚ ਲਗਭਗ 500 ਮੀਟਰ ਦੂਰ ਬਰਾਮਦ ਹੋਇਆ, ਰਾਤ ਲਗਭਗ 2 ਵਜੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਹੋ ਸਕਿਆ। ਸਭ ਤੋਂ ਪਹਿਲਾਂ ਡੀਲੈਕਸ ਬੱਸ ਦੇ ਹੇਠਾਂ ਦੱਬੇ ਲੋਕਾਂ ਦੀ ਭਾਲ ਸ਼ੁਰੂ ਹੋਈ। ਇਸ ਦੇ ਮਗਰੋਂ ਦੇਰ ਰਾਤ ਐੱਨ. ਡੀ. ਆਰ. ਐੱਫ. ਅਤੇ ਫੌਜ ਨੂੰ ਵੀ ਸੂਚਿਤ ਕੀਤਾ ਗਿਆ।
ਜ਼ਖਮੀਆਂ ਨੂੰ ਕੀਤਾ ਆਈ. ਜੀ. ਐੱਮ. ਸੀ. ਰੈਫਰ
ਜ਼ਖਮੀਆਂ ਨੂੰ ਮੰਡੀ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਉਨ੍ਹਾਂ ਨੂੰ ਇਲਾਜ ਦੇ ਮਗਰੋਂ ਆਈ. ਜੀ. ਐੱਮ. ਸੀ. ਸ਼ਿਮਲਾ ਰੈਫਰ ਕਰ ਦਿੱਤਾ ਗਿਆ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦੀ ਸਹਾਇਤਾ
ਜ਼ਮੀਨ ਖਿਸਕਣ ਕਾਰਨ ਹਾਦਸੇ ਦੀਆਂ ਸ਼ਿਕਾਰ ਹੋਈਆਂ ਟਰਾਂਸਪੋਰਟ ਨਿਗਮ ਦੀਆਂ ਦੋ ਬੱਸਾਂ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰ 5-5 ਲੱਖ ਰੁਪਏ ਸਹਾਇਤਾ ਰਾਸ਼ੀ ਦੇਵੇਗੀ ਅਤੇ ਜ਼ਖਮੀਆਂ ਦੀ ਵੀ ਹਰ ਸੰਭਵ ਮਦਦ ਕਰੇਗੀ।
ਪ੍ਰਧਾਨ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਮੀਨ ਖਿਸਕਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸ਼ੋਕ ਸੰਦੇਸ਼ 'ਚ ਕਿਹਾ ਕਿ ਮੰਡੀ ਜ਼ਿਲੇ 'ਚ ਜ਼ਮੀਨ ਖਿਸਕਣ ਦੀ ਘਟਨਾ 'ਚ ਲੋਕਾਂ ਦੀਆਂ ਮੌਤਾਂ 'ਤੇ ਉਨ੍ਹਾਂ ਨੂੰ ਬਹੁਤ ਦੁੱਖ ਪੁੱਜਾ ਹੈ।