ਨੌਂ ਸੂਬਿਆਂ ਤਕ ਫੈਲੀ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਆਫ਼ਤ, 99 ਮੌਤਾਂ
ਬਿਹਾਰ ਅਤੇ ਉੱਤਰ ਪ੍ਰਦੇਸ਼ ਸਮੇਤ ਅੱਠ ਹੋਰ ਸੂਬਿਆਂ 'ਚ ਹੜ੍ਹ ਅਤੇ ਹਿਮਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਆਫ਼ਤ ਬਚਾਅ ਫ਼ੋਰਸ (ਐਨ.ਡੀ.ਆਰ.ਐਫ਼) ਨੇ ਰਾਹਤ ਅਤੇ..
ਨਵੀਂ ਦਿੱਲੀ, 16 ਅਗੱਸਤ: ਬਿਹਾਰ ਅਤੇ ਉੱਤਰ ਪ੍ਰਦੇਸ਼ ਸਮੇਤ ਅੱਠ ਹੋਰ ਸੂਬਿਆਂ 'ਚ ਹੜ੍ਹ ਅਤੇ ਹਿਮਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਆਫ਼ਤ ਬਚਾਅ ਫ਼ੋਰਸ (ਐਨ.ਡੀ.ਆਰ.ਐਫ਼) ਨੇ ਰਾਹਤ ਅਤੇ ਬਚਾਅ ਕਾਰਜਾਂ 'ਚ ਤੇਜ਼ੀ ਲਿਆਉਣ ਲਈ ਹੋਰ ਦਲ ਭੇਜੇ ਹਨ।
ਪ੍ਰਭਾਵਤ ਸੂਬਿਆਂ 'ਚ ਜਾਨਮਾਲ ਦੇ ਨੁਕਸਾਨ ਸਬੰਧੀ ਐਨ.ਡੀ.ਆਰ.ਐਫ਼ ਵਲੋਂ ਜਾਰੀ ਵੇਰਵੇ ਮੁਤਾਬਕ ਹੁਣ ਤਕ ਇਨ੍ਹਾਂ ਸੂਬਿਆਂ 'ਚ ਹੜ੍ਹ ਅਤੇ ਜ਼ਮੀਨੀ ਖਿਸਕਾਅ ਕਾਰਨ 99 ਦੇਹਾਂ ਬਰਾਮਦ ਕੀਤੀਆਂ ਗਈਆਂ ਹਨ। ਬਿਹਾਰ 'ਚ ਹੜ੍ਹਾਂ ਦਾ ਸੰਕਟ ਗਹਿਰਾ ਹੋਣ ਕਾਰਨ ਐਨ.ਡੀ.ਆਰ.ਐਫ਼ ਨੇ ਅੱਜ ਚਾਰ ਹੋਰ ਦਲ ਪੰਜਾਬ ਦੇ ਬਠਿੰਡਾ ਤੋਂ ਬਿਹਾਰ 'ਚ ਪਟਨਾ ਲਈ ਭੇਜੇ ਹਨ। ਐਨ.ਡੀ.ਆਰ.ਐਫ਼ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਿਹਾਰ, ਆਸਾਮ, ਉੱਤਰ ਪ੍ਰਦੇਸ਼, ਪਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ ਅਤੇ ਤ੍ਰਿਪੁਰਾ ਦੇ ਪ੍ਰਭਾਵਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕਾਰਜਾਂ ਲਈ 113 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਅਭਿਆਨ ਦੌਰਾਨ ਹੜ੍ਹ 'ਚ ਫਸੇ 2819 ਲੋਕਾਂ ਨੂੰ ਬਚਾਉਣ ਅਤੇ 37005 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ 'ਚ ਕਾਮਯਾਬੀ ਮਿਲੀ ਹੈ। (ਪੀ.ਟੀ.ਆਈ.)
ਹੜ੍ਹਾਂ ਤੋਂ ਸੱਭ ਤੋਂ ਜ਼ਿਆਦਾ ਪ੍ਰਭਾਵਤ ਬਿਹਾਰ 'ਚ ਐਨ.ਡੀ.ਆਰ.ਐਫ਼ ਨੇ 27 ਦਲ ਤਾਇਨਾਤ ਕੀਤੇ ਹਨ ਜਦਕਿ ਅਸਮ 'ਚ 18 ਅਤੇ ਉੱਤਰ ਪ੍ਰਦੇਸ਼ 'ਚ 11 ਦਲਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ 'ਚ ਲਗਾਇਆ ਗਿਆ ਹੈ। ਅਭਿਆਨ ਦੌਰਾਨ ਬਿਹਾਰ ਤੋਂ 10, ਪੱਛਮੀ ਬੰਗਾਲ ਤੋਂ 5, ਆਸਾਮ ਤੋਂ 4 ਅਤੇ ਉਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ 2-2 ਦੇਹਾਂ ਬਰਾਮਦ ਕੀਤੀਆਂ ਗਈਆਂ ਹਨ। ਗੁਜਰਾਤ 'ਚ ਹੜ੍ਹਾਂ ਤੋਂ ਪੈਦਾ ਹੋਏ ਹਾਲਾਤ ਅਜੇ ਸਥਿਰ ਹਨ। ਸੂਬੇ 'ਚ ਹੁਣ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਇਥੇ ਤਾਇਨਾਤ ਐਨ.ਡੀ.ਆਰ.ਐਫ਼ ਦੀਆਂ ਛੇ ਟੀਮਾਂ ਨੇ ਹੁਣ ਤਕ ਹੜ੍ਹਾਂ 'ਚ ਮਾਰੇ ਗਏ 11 ਲੋਕਾਂ ਦੀਆਂ ਦੇਹਾਂ ਬਰਾਮਦ ਕੀਤੀਆਂ ਹਨ।
ਹਿਮਾਚਲ ਪ੍ਰਦੇਸ਼ 'ਚ ਪਿਛਲੇ ਦਿਨੀਂ ਮੰਡੀ ਸ਼ਿਮਲਾ ਰਾਜਮਾਰਗ 'ਤੇ ਜ਼ਮੀਨੀ ਖਿਸਕਾਅ ਤੋਂ ਬਾਅਦ ਐਨ.ਡੀ.ਆਰ.ਐਫ਼ ਵਲੋਂ ਸ਼ੁਰੂ ਕੀਤੇ ਗਏ ਅਭਿਆਨ ਦੌਰਾਨ ਹੁਣ ਤਕ 46 ਦੇਹਾਂ ਬਰਾਮਦ ਕੀਤੀਆਂ ਜਾ ਚੁਕੀਆਂ ਹਨ। ਪ੍ਰਭਾਵਤ ਇਲਾਕੇ 'ਚ ਐਨ.ਡੀ.ਆਰ.ਐਫ਼ ਦੀਆਂ ਹੁਣ ਵੀ ਦੋ ਟੀਮਾਂ ਰਾਹਤ ਅਤੇ ਬਚਾਅ ਅਭਿਆਨ ਚਲਾ ਰਹੀਆਂ ਹਨ। ਅਭਿਆਨ ਦੌਰਾਨ ਮਿੱਟੀ ਅਤੇ ਚੱਟਾਂਨਾਂ 'ਚ ਫਸੇ ਤਿੰਨ ਲੋਕਾਂ ਨੂੰ ਹੁਣ ਤਕ ਸੁਰਖਿਅਤ ਕੱਢਿਆ ਜਾ ਚੁਕਾ ਹੈ। (ਪੀਟੀਆਈ)