ਮੋਦੀ ਸਰਕਾਰ ਵਿਰੁਧ ਅੰਨਾ ਦਾ ਅੰਦੋਲਨ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੇ ਸਾਲ ਮਗਰੋਂ ਇਕ ਵਾਰ ਦਿੱਲੀ ਦਾ ਰਾਮਲੀਲਾ ਮੈਦਾਨ ਸਮਾਜਸੇਵੀ ਅੰਨਾ ਹਜ਼ਾਰ ਦਾ ਕੁਰੂਕਸ਼ੇਤਰ ਬਣ ਗਿਆ ਹੈ

Anna Hazare

ਛੇ ਸਾਲ ਮਗਰੋਂ ਇਕ ਵਾਰ ਦਿੱਲੀ ਦਾ ਰਾਮਲੀਲਾ ਮੈਦਾਨ ਸਮਾਜਸੇਵੀ ਅੰਨਾ ਹਜ਼ਾਰ ਦਾ ਕੁਰੂਕਸ਼ੇਤਰ ਬਣ ਗਿਆ ਹੈ। ਜਨਲੋਕਪਾਲ ਸਮੇਤ ਹੋਰ ਮੰਗਾਂ ਦੇ ਸਬੰਧ ਵਿਚ ਅੰਨਾ ਹਜ਼ਾਰੇ ਨੇ ਨਰਿੰਦਰ ਮੋਦੀ ਸਰਕਾਰ ਵਿਰੁਧ ਅੰਦੋਲਨ ਵਿੱਢ ਦਿਤਾ ਹੈ।ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਮੌਕੇ ਅੱਜ ਇਥੋਂ ਅੰਦੋਲਨ ਦੀ ਸ਼ੁਰੂਆਤ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ ਸਾਡੇ ਦੇਸ਼ ਵਿਚ ਅੰਗਰੇਜ਼ ਤਾਂ ਚਲੇ ਗਏ ਪਰ ਲੋਕਤੰਤਰ ਨਹੀਂ ਆਇਆ। ਉਨ੍ਹਾਂ ਕਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ 42 ਚਿੱਠੀਆਂ ਲਿਖੀਆਂ ਪਰ ਸਰਕਾਰ ਨੇ ਕੋਈ ਜਵਾਬ ਨਹੀਂ ਦਿਤਾ ਅਤੇ ਅਖ਼ੀਰ ਉਨ੍ਹਾਂ ਨੂੰ ਭੁੱਖ ਹੜਤਾਲ 'ਤੇ ਬੈਠਣਾ ਪਿਆ। ਅੰਨਾ ਹਜ਼ਾਰੇ ਪਹਿਲਾਂ ਰਾਜਘਾਟ ਵਿਖੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਗਏ ਅਤੇ ਉਥੋਂ ਰਾਮਲੀਲਾ ਮੈਦਾਨ ਪਹੁੰਚ ਗਏ ਅਤੇ ਅਪਣੇ ਸਮਰਥਕਾਂ ਦੀ ਹਾਜ਼ਰੀ ਵਿਚ ਮੰਚ 'ਤੇ ਸੱਭ ਤੋਂ ਪਹਿਲਾਂ ਤਿਰੰਗਾ ਲਹਿਰਾਇਆ।

ਅੰਨਾ ਨੇ ਕਿਹਾ, 'ਸਿਰਫ਼ ਗੋਰੇ ਗਏ ਸਨ ਅਤੇ ਕਾਲੇ ਆ ਗਏ। ਸਿਰਫ਼ ਜ਼ੁਬਾਨੀ ਭਰੋਸੇ ਮਗਰੋਂ ਵਰਤ ਨਹੀਂ ਟੁੱਟੇਗਾ ਸਗੋਂ ਪੱਕਾ ਫ਼ੈਸਲਾ ਲੈਣਾ ਪਵੇਗਾ। ਕੇਂਦਰ ਸਰਕਾਰ ਨੂੰ ਘੇਰਦਿਆਂ ਅੰਨਾ ਨੇ ਕਿਹਾ ਕਿ ਅੰਦੋਲਨਕਾਰੀਆਂ ਨੂੰ ਇਥੇ ਆਉਣ  ਤੋਂ ਰੋਕਿਆ ਜਾ ਰਿਹਾ ਹੈ। ਕੀ ਇਹੋ ਲੋਕਤੰਤਰ ਹੈ? 
ਅੰਨਾ ਹਜ਼ਾਰੇ ਨੇ ਲੰਮੀ ਲੜਾਈ ਦਾ ਸੰਕੇਤ ਦਿੰਦਿਆਂ ਕਿਹਾ ਕਿ ਜਦ ਤਕ ਸਰੀਰ ਵਿਚ ਜਾਨ ਹੈ, ਗੱਲ ਕਰਾਂਗੇ। ਉਨ੍ਹਾਂ ਕਿਹਾ ਕਿ 80 ਸਾਲ ਦੀ ਉਮਰ ਵਿਚ ਹਾਰਟ ਅਟੈਕ ਨਾਲ ਮੌਤ ਹੋਣ ਦੀ ਬਜਾਏ ਸਮਾਜ ਦੀ ਭਲਾਈ ਲਈ ਮੌਤ ਹੋਵੇ। ਰਾਮਲੀਲਾ ਮੈਦਾਨ ਦੇ ਚਾਰੇ ਪਾਸੇ ਅਤੇ ਅੰਦਰ ਵੀ ਚੱਪੇ ਚੱਪੇ 'ਤੇ ਪੁਲਿਸ ਅਤੇ ਪੈਰਾਮਿਲਟਰੀ ਫ਼ੋਰਸ ਤੈਨਾਤ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਆਰ-ਪਾਰ ਦੀ ਲੜਾਈ ਹੋਵੇਗੀ। (ਏਜੰਸੀ)