ਲਦਾਖ਼ 'ਚ ਦਾਖ਼ਲ ਹੋਏ ਚੀਨੀ ਫ਼ੌਜੀ, ਪੱਥਰਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਆਜ਼ਾਦੀ ਦਿਵਸ ਮੌਕੇ ਚੀਨ ਨੇ ਇਕ ਵਾਰ ਫਿਰ ਭਾਰਤ ਨੂੰ ਚਿੜਾਉਣ ਵਾਲੀ ਹਰਕਤ ਕੀਤੀ ਹੈ। ਲਦਾਖ਼ ਦੀ ਮਸ਼ਹੂਰ ਝੀਲ ਪੈਂਗਗਾਂਗ ਦੇ ਤਟਵਰਤੀ ਰਸਤੇ ਵਿਚ ਚੀਨੀ ਫ਼ੌਜ..

Soldier

 


ਨਵੀਂ ਦਿੱਲੀ, 16 ਅਗੱਸਤ : ਭਾਰਤ ਦੇ ਆਜ਼ਾਦੀ ਦਿਵਸ ਮੌਕੇ ਚੀਨ ਨੇ ਇਕ ਵਾਰ ਫਿਰ ਭਾਰਤ ਨੂੰ ਚਿੜਾਉਣ ਵਾਲੀ ਹਰਕਤ ਕੀਤੀ ਹੈ। ਲਦਾਖ਼ ਦੀ ਮਸ਼ਹੂਰ ਝੀਲ ਪੈਂਗਗਾਂਗ ਦੇ ਤਟਵਰਤੀ ਰਸਤੇ ਵਿਚ ਚੀਨੀ ਫ਼ੌਜ ਦੇ 15 ਜਵਾਨ ਵੜ ਗਏ ਹਾਲਾਂਕਿ ਭਾਰਤੀ ਫ਼ੌਜ ਨੇ ਚੀਨੀ ਫ਼ੌਜ ਦਾ ਸਖ਼ਤ ਵਿਰੋਧ ਕੀਤਾ ਅਤੇ ਦੋਵੇਂ ਫ਼ੌਜਾਂ ਦੇ ਜਵਾਨਾਂ ਨੇ ਇਕ ਦੂਜੇ ਵਲ ਪੱਥਰ ਸੁੱਟੇ। ਮਾਹਰ ਕਹਿ ਰਹੇ ਹਨ ਕਿ ਡੋਕਲਾਮ ਵਿਵਾਦ ਕਾਰਨ ਹੀ ਚੀਨੀ ਫ਼ੌਜ ਨੇ ਇਹ ਹਰਕਤ ਕੀਤੀ ਹੈ।
15 ਅਗੱਸਤ ਨੂੰ ਜਦ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਚੀਨੀ ਫ਼ੌਜੀਆਂ ਨੇ ਜੰਮੂ ਕਸ਼ਮੀਰ ਦੇ ਲਦਾਖ਼ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਭਾਰਤੀ ਫ਼ੌਜ ਨੇ ਨਾਕਾਮ ਕਰਦਿਆਂ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿਤਾ। ਫ਼ੌਜੀ ਅਧਿਕਾਰੀਆਂ ਨੇ ਦਸਿਆ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਮੰਗਲਵਾਰ ਸਵੇਰੇ ਝੀਲ ਦੇ ਰਸਤੇ ਵਿਚ ਦੋ ਵਾਰ ਵੜੇ। ਪਹਿਲੀ ਘੁਸਪੈਠ ਸਵੇਰੇ ਛੇ ਵਜੇ ਤੇ ਫਿਰ 9 ਵਜੇ ਹੋਈ। ਦੋਵੇਂ ਵਾਰ ਭਾਰਤੀ ਸੁਰੱਖਿਆ ਬਲਾਂ ਨੇ ਪੀਐਲਏ ਨੂੰ ਖਦੇੜ ਦਿਤਾ। ਜਦ ਚੀਨੀ ਫ਼ੌਜ ਨੇ ਵੇਖਿਆ ਕਿ ਭਾਰਤੀ ਫ਼ੌਜੀਆਂ ਨੇ ਮਨੁੱਖੀ ਲੜੀ ਬਣਾ ਕੇ ਉਨ੍ਹਾਂ ਦੇ ਅੱਗੇ ਵਧਣ ਦਾ ਰਸਤਾ ਰੋਕ ਦਿਤਾ ਹੈ ਤਾਂ ਉਨ੍ਹਾਂ ਨੇ ਪੱਥਰ ਸੁਟਣੇ ਸ਼ੁਰੂ ਕਰ ਦਿਤੇ। ਇਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਵੀ ਪੱਥਰਬਾਜ਼ੀ ਕਰ ਕੇ ਮੂੰਹਤੋੜ ਜਵਾਬ ਦਿਤਾ। ਹਾਲਾਤ 'ਤੇ ਕਾਬੂ ਪਾਉਣ ਲਈ ਰਵਾਇਤੀ ਬੈਨਰ ਡਰਿਲ ਕੀਤੀ ਗਈ ਜਿਸ ਤਹਿਤ ਦੋਹਾਂ ਫ਼ੌਜਾਂ ਨੇ ਆਪੋ ਅਪਣੀ ਥਾਂ ਲੈ ਲਈ। ਇਹ ਘਟਨਾਕ੍ਰਮ ਦੋ ਘੰਟੇ ਚਲਦਾ ਰਿਹਾ ਪਰ ਕਿਸੇ ਪਾਸਿਉਂ ਵੀ ਹਥਿਆਰਾਂ ਦੀ ਵਰਤੋਂ ਨਾ ਹੋਈ।        (ਪੀ.ਟੀ.ਆਈ.)  

ਇਸ ਘਟਨਾਕ੍ਰਮ ਸਬੰਧੀ ਅੱਜ ਦੋਹਾਂ ਦੇਸ਼ਾਂ ਦੇ ਫ਼ੌਜੀ ਅਧਿਕਾਰੀਆਂ ਵਿਚਕਾਰ ਫ਼ਲੈਗ ਮੀਟਿੰਗ ਹੋਈ।  ਮੀਟਿੰਗ ਵਿਚ ਉਕਤ ਘਟਨਾਕ੍ਰਮ ਬਾਰੇ ਚਰਚਾ ਕੀਤੀ ਗਈ ਅਤੇ ਭਾਰਤ ਨੇ ਅਪਣਾ ਵਿਰੋਧ ਦਰਜ ਕਰਾਇਆ।