ਗੋਰਖਪੁਰ ਹਾਦਸਾ : ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਤੀ ਜਾਵੇਗੀ : ਯੋਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਰਖਪੁਰ, 13 ਅਗੱਸਤ : ਸਥਾਨਕ ਹਸਪਤਾਲ ਵਿਚ ਦੋ ਦਿਨਾਂ ਵਿਚ 30 ਬੱਚਿਆਂ ਦੀ ਮੌਤ ਤੋਂ ਬਾਅਦ ਅੱਜ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਇਥੇ ਪਹੁੰਚੇ।

Yogi Adityanath

 

ਗੋਰਖਪੁਰ, 13 ਅਗੱਸਤ : ਸਥਾਨਕ ਹਸਪਤਾਲ ਵਿਚ ਦੋ ਦਿਨਾਂ ਵਿਚ 30 ਬੱਚਿਆਂ ਦੀ ਮੌਤ ਤੋਂ ਬਾਅਦ ਅੱਜ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਇਥੇ ਪਹੁੰਚੇ। ਉਨ੍ਹਾਂ ਨਾਲ ਕੇਂਦਰੀ ਮੰਤਰੀ ਜੇ ਪੀ ਨੱਡਾ ਵੀ ਸਨ। ਮੈਡੀਕਲ ਕਾਲਜ ਦੇ ਵਾਰਡ ਦਾ ਨਿਰੀਖਣ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ, 'ਮੇਰੇ ਨਾਲੋਂ ਵੱਧ ਸੰਵੇਦਨਾਵਾਂ ਕਿਸ ਕੋਲ ਹਨ। ਮੈਂ ਸੜਕ ਤੋਂ ਸੰਸਦ ਤਕ ਖੁਲ੍ਹੇ 'ਚ ਮਲ ਤਿਆਗ ਵਿਰੁਧ ਲੜਾਈ ਲੜੀ ਹੈ।' ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਦੀ ਅਗਵਾਈ ਵਿਚ ਕਮੇਟੀ ਬਣਾ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੌਤਾਂ ਦੇ ਦੋਸ਼ੀਆਂ ਨੂੰ ਅਜਿਹੀ ਸਜ਼ਾ ਦਿਤੀ ਜਾਵੇਗੀ ਕਿ ਮਿਸਾਲ ਬਣੇਗੀ। ਉਨ੍ਹਾਂ ਕਿਹਾ ਕਿ ਰੀਪੋਰਟ ਆਉਣ 'ਤੇ ਦੋਸ਼ੀਆਂ ਵਿਰੁਧ ਕਾਰਵਾਈ ਹੋਵੇਗੀ। ਯੋਗੀ ਨੇ ਕਿਹਾ ਕਿ ਇਥੇ ਖੋਜ ਕੇਂਦਰ ਦੀ ਬਹੁਤ ਲੋੜ ਹੈ। ਗੋਰਖਪੁਰ ਵਿਚ ਰੀਜ਼ਨਲ ਰਿਸਰਚ ਫ਼ਾਰ ਮੈਡੀਕਲ ਸੈਂਟਰ ਦੀ ਸਥਾਪਨਾ ਹੋਵੇਗੀ। ਇਸ ਲਈ 85 ਕਰੋੜ ਰੁਪਏ ਦਿਤੇ ਗਏ ਹਨ।
ਯੋਗੀ ਨੇ ਕਿਹਾ ਕਿ ਕਾਂਗਰਸ ਦੀ ਸੰਵੇਦਨਾ ਮਰ ਚੁੱਕੀ ਹੈ। ਉਹ ਰਾਜਨੀਤੀ ਕਰ ਰਹੀ ਹੈ ਤੇ ਅਸੀਂ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹਾਂ। ਯੋਗੀ ਨੇ ਇਹ ਵੀ ਕਿਹਾ ਕਿ ਸਰਕਾਰ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਦੇ ਮਿਲੇ ਤਾਂ ਸਖ਼ਤ ਕਾਰਵਾਈ ਹੋਵੇਗੀ।
ਯੋਗੀ ਨੇ ਕਿਹਾ, 'ਮੈਂ ਚਾਰ ਵਾਰ ਬੀਆਰਡੀ ਹਸਪਤਾਲ ਦਾ ਦੌਰਾ ਕਰ ਚੁੱਕਾ ਹਾਂ। 9 ਜੁਲਾਈ ਨੂੰ ਅਸੀਂ ਤਨਖ਼ਾਹ ਨਾ ਮਿਲਣ ਦੀ ਸਮੱਸਿਆ ਦਾ ਹੱਲ ਕੀਤਾ ਸੀ। 9 ਅਗੱਸਤ ਨੂੰ ਵੀ ਮੈਂ ਇਥੇ ਆਇਆ ਸੀ ਜਿਸ ਵਿਚ 5 ਪ੍ਰਮੁੱਖ ਸਕੱਤਰਾਂ ਨੂੰ ਇਥੇ ਬੁਲਾਇਆ ਗਿਆ ਸੀ। ਸਰਕਾਰ ਵਲੋਂ ਇਸ ਮਾਮਲੇ 'ਚ ਕੋਈ ਲਾਪਰਵਾਹੀ ਨਹੀਂ ਵਰਤੀ ਗਈ। ਮੁੱਖ ਮੰਤਰੀ ਇੰਸੇਫ਼ਲਾਇਟਿਸ ਦੇ ਵਾਰਡ ਵਿਚ ਵੀ ਗਏ ਜਿਥੇ ਮਰੀਜ਼ਾਂ ਦਾ ਹਾਲ ਚਾਲ ਪੁਛਿਆ ਅਤੇ ਪੁਛਿਆ ਕਿ ਦਵਾਈਆਂ ਮਿਲ ਰਹੀਆਂ ਹਨ ਜਾਂ ਨਹੀਂ? ਡਾਕਟਰ ਕਿਹੋ ਜਿਹਾ ਵਿਹਾਰ ਕਰਦੇ ਹਨ। ਯੋਗੀ ਦੇ ਮੈਡੀਕਲ ਕਾਲਜ ਪਹੁੰਚਦੇ ਹੀ ਧੱਕਾਮੁੱਕੀ ਸ਼ੁਰੂ ਹੋ ਗਈ ਜਿਸ ਕਾਰਨ ਐਮਰਜੈਂਸੀ ਵਾਰਡ ਦਾ ਸ਼ੀਸ਼ਾ ਟੁੱਟ ਗਿਆ। ਉਧਰ ਕਾਂਗਰਸ ਦੇ ਆਗੂ ਰਾਜ ਬੱਬਰ ਨੇ ਬੱਚਿਆਂ ਦੀਆਂ ਮੌਤਾਂ ਨੂੰ ਹੱਤਿਆ ਕਰਾਰ ਦਿੰਦਿਆਂ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਵਿਰੁਧ ਪਰਚਾ ਦਰਜ ਕਰਨ ਦੀ ਮੰਗ ਕੀਤੀ।