ਤਖ਼ਤ ਸ੍ਰੀ ਕੇਸਗੜ੍ਹ ਦੇ 'ਜਥੇਦਾਰ' ਗਿ: ਮੱਲ ਸਿੰਘ ਦਾ ਦੇਹਾਂਤ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਬੀਤੇ ਕਲ ਦੇਹਾਂਤ ਹੋ ਗਿਆ ਸੀ ਜਿਨ੍ਹਾਂ ਦਾ ਅੱਜ ਇਥੇ ਤਖ਼ਤ ਸਾਹਿਬ ਦੇ ਬਾਹਰਵਾਰ ਸਰੋਵਰ ਨਾਲ ਲਗਦੇ..
ਸ੍ਰੀ ਅਨੰਦਪੁਰ ਸਾਹਿਬ, 16 ਅਗੱਸਤ (ਸੁਖਵਿੰਦਰਪਾਲ ਸਿੰਘ ਸੁੱਖੂ, ਦਲਜੀਤ ਸਿੰਘ ਅਰੋੜਾ): ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਬੀਤੇ ਕਲ ਦੇਹਾਂਤ ਹੋ ਗਿਆ ਸੀ ਜਿਨ੍ਹਾਂ ਦਾ ਅੱਜ ਇਥੇ ਤਖ਼ਤ ਸਾਹਿਬ ਦੇ ਬਾਹਰਵਾਰ ਸਰੋਵਰ ਨਾਲ ਲਗਦੇ ਗਰਾਊਂਡ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ। ਉਹ ਪਿਛਲੇ ਕੁੱਝ ਦਿਨਾਂ ਤੋਂ ਮੋਹਾਲੀ ਸਥਿਤ ਇਕ ਹਸਪਤਾਲ ਵਿਖੇ ਇਲਾਜ ਅਧੀਨ ਸਨ ਜਿਥੇ ਉਨ੍ਹਾਂ ਕਲ ਅੰਤਮ ਸਵਾਸ ਲਏ। ਕਲ ਸ਼ਾਮ ਨੂੰ ਹੀ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅਨੰਦਪੁਰ ਸਾਹਿਬ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਲਿਆਂਦਾ ਗਿਆ।
ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਗਿਆਨੀ ਅਮਰਜੀਤ ਸਿੰਘ ਗ੍ਰੰਥੀ ਦਰਬਾਰ ਸਾਹਿਬ ਨੇ ਵਿਖਾਈ। ਇਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ, ਸ. ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ, ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ, ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖ਼ਾਲਸਾ, ਗਿਆਨੀ ਪੂਰਨ ਸਿੰਘ, ਪ੍ਰੋ. ਮਨਜੀਤ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ,
ਡਾ. ਦਲਜੀਤ ਸਿੰਘ ਚੀਮਾ ਸਾਬਕਾ ਕੈਬਨਿਟ ਮੰਤਰੀ, ਸ. ਰਣਜੀਤ ਸਿੰਘ ਤਲਵੰਡੀ, ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਲਾਭ ਸਿੰਘ ਕਿਲ੍ਹਾ ਨੰਦਗੜ੍ਹ ਵਾਲੇ, ਬੀਬੀ ਇੰਦਰਜੀਤ ਕੌਰ ਮੁਖੀ ਸਿੱਖ ਧਰਮਾ ਯੂ.ਐਸ.ਏ. ਆਦਿ ਨੇ ਗਿਆਨੀ ਮੱਲ ਸਿੰਘ ਦੇ ਮ੍ਰਿਤਕ ਸਰੀਰ 'ਤੇ ਲੋਈ ਤੇ ਸਿਰੋਪਾਉ ਪਾ ਕੇ ਸ਼ਰਧਾ ਸਤਿਕਾਰ ਭੇਂਟ ਕੀਤਾ।
ਜ਼ਿਕਰਯੋਗ ਹੈ ਕਿ ਗਿਆਨੀ ਮੱਲ ਸਿੰਘ ਦਾ ਜਨਮ 1 ਅਪ੍ਰੈਲ 1955 ਨੂੰ ਪਿਤਾ ਸ. ਸਰਵਣ ਸਿੰਘ ਤੇ ਮਾਤਾ ਪ੍ਰਤਾਪ ਕੌਰ ਦੇ ਗ੍ਰਹਿ ਵਿਖੇ ਹੋਇਆ। ਆਪ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਗਿਆਨੀ ਦੀ ਵਿਦਿਆ ਪ੍ਰਾਪਤ ਕਰਨ ਉਪ੍ਰੰਤ ਸਮੇਂ ਦੇ ਮਹਾਨ ਵਿਦਵਾਨਾਂ ਨਿਰਮਲਾ ਸੰਪ੍ਰਦਾਇ ਦੇ ਮਹੰਤ ਭਾਗ ਸਿੰਘ ਤੇ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਪਾਸੋਂ ਗੁਰਮਤਿ, ਗੁਰਬਾਣੀ ਤੇ ਇਤਿਹਾਸ ਦੀ ਤਾਮੀਲ ਹਾਸਲ ਕੀਤੀ। ਉਨ੍ਹਾਂ 8 ਜੁਲਾਈ 1979 ਨੂੰ ਬਤੌਰ ਕਥਾਵਾਚਕ ਹੈੱਡ ਗ੍ਰੰਥੀ ਗੁਰਦਵਾਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਤੋਂ ਸ਼੍ਰੋਮਣੀ ਕਮੇਟੀ ਵਿਚ ਸੇਵਾਵਾਂ ਸ਼ੁਰੂ ਕੀਤੀਆਂ। ਆਪ ਨੇ ਗੁਰਦਵਾਰਾ ਮੰਜੀ ਸਾਹਿਬ ਆਲਮਗੀਰ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਫਿਰ ਦਰਬਾਰ ਸਾਹਿਬ ਵਿਖੇ ਵੀ ਬਤੌਰ ਹੈੱਡ ਗ੍ਰੰਥੀ ਸੇਵਾ ਨਿਭਾਈ। ਇਸ ਅਰਸੇ ਦੌਰਾਨ ਆਪ ਨੇ ਗੁਰੂ ਸਾਹਿਬਾਨ ਦੇ ਜੀਵਨ, ਸਿੱਖ ਇਤਿਹਾਸ, ਸ਼ਬਦ ਗੁਰੂ, ਮੁਖਵਾਕ ਕਥਾ ਅਤੇ ਸ੍ਰੀ ਦਸਮ ਗ੍ਰੰਥ ਸਬੰਧੀ ਵਿਸਥਾਰਤ ਵਡਮੁੱਲੀ ਜਾਣਕਾਰੀ ਕਲਮਬੱਧ ਕਰ ਕੇ 16 ਪੁਸਤਕਾਂ ਕੌਮ ਦੀ ਝੋਲੀ ਪਾਈਆਂ। ਆਪ ਮਿਤੀ 22-08-2013 ਤੋਂ ਹੁਣ ਤਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ।