ਦਿਆਲ ਸਿੰਘ ਕਾਲਜ ਵਿਖੇ ਸਾਵਣ ਕਵੀ ਦਰਬਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਥੋਂ ਦੇ ਦਿਆਲ ਸਿੰਘ ਕਾਲਜ, ਲੋਧੀ ਰੋਡ ਦੇ ਪੰਜਾਬੀ ਮਹਿਕਮੇ ਵਲੋਂ ਵਿਰਾਸਤ ਸਿੱਖਿਜ਼ਮ ਟਰੱਸਟ ਦੇ ਸਹਿਯੋਗ ਨਾਲ ਸਾਵਣ ਮਹੀਨੇ ਨੂੰ ਸਮਰਪਤ ਸਾਵਣ ਕਵੀ ਦਰਬਾਰ ਕਰਵਾਇਆ ਗਿਆ।

Poet festival

 

ਨਵੀਂ ਦਿੱਲੀ, 14 ਅਗੱਸਤ (ਅਮਨਦੀਪ ਸਿੰਘ): ਇਥੋਂ ਦੇ ਦਿਆਲ ਸਿੰਘ ਕਾਲਜ, ਲੋਧੀ ਰੋਡ ਦੇ ਪੰਜਾਬੀ ਮਹਿਕਮੇ ਵਲੋਂ ਵਿਰਾਸਤ ਸਿੱਖਿਜ਼ਮ ਟਰੱਸਟ ਦੇ ਸਹਿਯੋਗ ਨਾਲ ਸਾਵਣ ਮਹੀਨੇ ਨੂੰ ਸਮਰਪਤ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਵਿਚ ਦਿੱਲੀ ਤੇ ਪੰਜਾਬ ਤੋਂ ਪੁੱਜੇ ਕਵੀਆਂ ਨੇ ਅਪਣੀਆਂ ਨਜ਼ਮਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ।
   ਹੁਸ਼ਿਆਰਪੁਰ ਤੋਂ ਪੁੱਜੇ ਨੌਜਵਾਨ ਕਵੀ ਸੁਖਵਿੰਦਰ ਸਿੰਘ ਨੇ ਅਪਣੀ ਕਵਿਤਾ, 'ਛਪਾਂਗੇ ਅਸੀਂ ਵੀ ਕਿਤਾਬਾਂ ਅੰਦਰ, ਰਹਾਂਗੇ ਅਸੀਂ ਵੀ ਹਿਸਾਬਾਂ ਅੰਦਰ, ਕਿ ਇਕ ਦਿਨ ਤਾਂ ਮੁਖੜੇ ਤੋਂ ਚੁੱਕਣਾ ਹੀ ਪੈਣਾ, ਰਹਾਂਗੇ ਕਦੋਂ ਤੱਕ ਨਕਾਬਾਂ ਦੇ ਅੰਦਰ' ਸ਼ਾਂਝੀ ਕੀਤੀ ਜਦ ਕਿ ਜਸਵੰਤ ਸੇਖਵਾਂ ਨੇ ਸਾਵਣ ਬਾਰੇ ਰਚਨਾ ਸੁਣਾਈ। ਡਾ.ਹਰਮੀਤ ਕੌਰ ਨੇ ਮਨੁੱਖੀ ਜ਼ਿੰਦਗੀ ਦੇ ਕੌੜੇ ਤਜ਼ਰਬਿਆਂ ਬਾਰੇ ਨਜ਼ਮ ਸਾਂਝੀ ਕੀਤੀ ਜਿਸਦੇ ਬੋਲ ਸਨ, 'ਹਰ ਬੰਦੇ ਨੂੰ ਉਸ ਦੀ ਚਾਹਤ ਮਿਲੇ ਜ਼ਰੂਰੀ ਤਾਂ ਨਹੀਂ, ਹਰ ਦੁੱਖ ਦੀ ਘੜੀ ਵਿਚ ਮੋਢਾ ਮਿਲੇ ਇਹ ਵੀ ਜ਼ਰੂਰੀ ਨਹੀਂ।' ਗੁਰਪ੍ਰੀਤ ਸਿੰਘ ਲੁਧਿਆਣਾ ਨੇ ਸਮਾਜਕ ਸਰੋਕਾਰਾਂ ਬਾਰੇ ਕਵਿਤਾ ਪੇਸ਼ ਕੀਤੀ। ਵਿਦਿਆਰਥੀਆਂ ਨੇ ਕਵੀ ਦਰਬਾਰ ਵਿਚ ਖ਼ਾਸ ਰੁਚੀ ਵਿਖਾਈ। ਕਾਲਜ ਪ੍ਰਿੰਸੀਪਲ ਡਾ.ਇੰਦਰਜੀਤ ਸਿੰਘ ਬਖ਼ਸ਼ੀ ਨੇ ਪੁੱਜੇ ਹੋਏ ਕਵੀਆਂ ਤੇ ਪਤਵੰਤਿਆਂ ਨੂੰੰ 'ਜੀਅ ਆਇਆਂ' ਆਖਿਆ। ਮੁਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਸਿੱਧ ਚਿਤਰਕਾਰ ਕੇ.ਕੇ. ਗਾਂਧੀ ਨੇ ਵਿਦਿਆਰਥੀਆਂ ਨਾਲ ਕਲਾ ਸਿਰਜਣਾ ਨੂੰ ਸਾਂਝਾ ਕੀਤਾ। ਵਿਰਾਸਤ ਸਿੱਖਿਜ਼ਮ ਟਰੱਸਟ ਦੇ ਚੇਅਰਮੈਨ ਸ.ਰਾਜਿੰਦਰ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪੰਜਾਬੀ ਮਕਿਮੇ ਦੇ ਅਧਿਆਪਕ ਡਾ.ਕਮਲਜੀਤ ਸਿੰਘ ਨੇ ਕਾਲਜ ਦੀਆਂ ਸਾਹਿਤਕ ਸਰਗਰਮੀਆਂ 'ਤੇ ਚਾਨਣਾ ਪਾਇਆ ਜਦੋਂ ਕਿ ਪੰਜਾਬੀ ਮਹਿਕਮੇ ਦੇ ਮੁਖੀ ਡਾ.ਰਵਿੰਦਰ ਸਿੰਘ ਨੇ ਕਵੀਆਂ ਤੇ ਪਤਵੰਤਿਆਂ ਦਾ ਧਨਵਾਦ ਕੀਤਾ। ਇਸ ਮੌਕੇ ਲਾਹੌਰ ਦੇ ਫ਼ਕੀਰ ਪਰਵਾਰ ਦੇ ਭਾਰਤ ਵਿਚਲੇ ਮੈਂਬਰ ਐਫ਼, ਸਿਆਜ਼ੂਦੀਨ, ਸ.ਸੁਰਜੀਤ ਸਿੰਘ ਤਨੇਜਾ ਤੇ ਸ.ਹਰਮਿੰਦਰ ਸਿੰਘ ਵੀ ਹਾਜ਼ਰ ਹੋਏ।