ਰਾਜ ਸਭਾ ਚੋਣਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

30 ਸੀਟਾਂ ਭਾਜਪਾ ਤੇ 17 ਸੀਟਾਂ ਕਾਂਗਰਸ ਨੇ ਜਿੱਤੀਆਂ

Rajya Sabha Election

 ਵੱਖ ਵੱਖ ਰਾਜਾਂ ਵਿਚ ਰਾਜ ਸਭਾ ਦੀਆਂ ਸੀਟਾਂ ਲਈ ਅੱਜ ਵੋਟਾਂ ਪਈਆਂ। ਯੂਪੀ, ਪਛਮੀ ਬੰਗਾਲ, ਕਰਨਾਟਕ, ਛੱਤੀਸਗੜ੍ਹ, ਝਾਰਖੰਡ, ਕੇਰਲਾ ਅਤੇ ਤੇਲੰਗਾਨਾ ਵਿਚ ਰਾਜ ਸਭਾ ਚੋਣਾਂ ਲਈ ਵੋਟਿੰਗ ਸਵੇਰੇ ਸ਼ੁਰੂ ਹੋਈ। ਰਾਜ ਸਭਾ ਦੇ 58 ਮੈਂਬਰਾਂ ਦਾ ਕਾਰਜਕਾਲ ਅਪ੍ਰੈਲ-ਮਈ ਵਿਚ ਖ਼ਤਮ ਹੋ ਰਿਹਾ ਹੈ। ਯੂਪੀ ਦੀਆਂ ਦਸ ਸੀਟਾਂ ਵਿਚੋਂ ਭਾਜਪਾ ਨੇ ਨੌਂ ਸੀਟਾਂ ਜਿੱਤ ਲਈਆਂ ਹਨ। ਦਸਵੀਂ ਸੀਟ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਜਯਾ ਬੱਚਨ ਨੇ ਜਿੱਤੀ ਹੈ। ਇਥੇ ਬਸਪਾ ਨੂੰ ਭਾਰੀ ਝਟਕਾ ਲੱਗਾ ਹੈ ਕਿਉਂਕਿ ਭਾਜਪਾ ਉਮੀਦਵਾਰ ਅਨਿਲ ਅਗਰਵਾਲ ਨੇ ਬਸਪਾ ਦੇ ਬੀ ਆਰ ਅੰਬੇਦਕਰ ਨੂੰ ਹਰਾ ਦਿਤਾ। 58 ਸੀਟਾਂ ਵਿਚੋਂ 30 ਸੀਟਾਂ ਭਾਜਪਾ, 17 ਸੀਟਾਂ ਕਾਂਗਰਸ ਅਤੇ ਰਹਿੰਦੀਆਂ ਸੀਟਾਂ ਹੋਰਨਾਂ ਪਾਰਟੀਆਂ ਨੇ ਜਿੱਤੀਆਂ ਹਨ। ਉਧਰ, ਪਛਮੀ ਬੰਗਾਲ ਦੀਆਂ ਚਾਰ ਸੀਟਾਂ 'ਤੇ ਤ੍ਰਿਣਮੂਲ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। ਇਕ ਸੀਟ 'ਤੇ ਕਾਂਗਰਸ ਦੇ ਅਭਿਸ਼ੇਕ ਮਨੂੰ ਸਿੰਘਵੀ ਜਿੱਤੇ ਹਨ ਜਿਸ ਨੂੰ ਮਮਤਾ ਬੈਨਰਜੀ ਦੀ ਪਾਰਟੀ ਨੇ ਸਮਰਥਨ ਦਿਤਾ ਸੀ।

ਸਿੰਘਵੀ ਨੇ ਕਿਹਾ ਕਿ ਵੱਖ ਵੱਖ ਗਰੁਪਾਂ ਅਤੇ ਵਿਧਾਇਕਾਂ ਸਦਕਾ ਜਿੱਤ ਮਿਲੀ। ਤੇਲੰਗਾਨਾ ਦੀਆਂ ਸਾਰੀਆਂ ਤਿੰਨ ਸੀਟਾਂ 'ਤੇ ਤੇਲੰਗਾਨਾ ਰਾਸ਼ਟਰ ਸਮਿਤੀ ਨੇ ਜਿੱਤ ਹਾਸਲ ਕੀਤੀ ਹੈ। ਛੱਤੀਸਗੜ੍ਹ ਤੋਂ ਰਾਜ ਸਭਾ ਲਈ ਚੋਣ ਵਿਚ ਭਾਜਪਾ ਦੀ ਸਰੋਜ ਪਾਂਡੇ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਕਾਂਗਰਸ ਦੇ ਲੇਖਰਾਮ ਸਾਹੂ ਨੂੰ ਹਰਾਇਆ। ਇਥੋਂ ਇਕੋ ਸੀਟ ਸੀ। ਕਰਨਾਟਕ ਵਿਚ ਕਾਂਗਰਸ ਨੇ ਤਿੰਨ ਅਤੇ ਭਾਜਪਾ ਨੇ ਇਕ ਸੀਟ ਜਿੱਤੀ ਹੈ। ਯੂਪੀ ਵਿਚ ਭਾਜਪਾ ਅਤੇ ਬਸਪਾ ਦੀ ਇਕ ਇਕ ਵੋਟ ਰੱਦ ਹੋ ਗਈ। ਇਥੇ ਕਰਾਸ ਵੋਟਿੰਗ ਨਾਲ ਮਾਮਲਾ ਉਲਝ ਗਿਆ ਤੇ ਵੋਟਾਂ ਦੀ ਗਿਣਤੀ ਵੀ ਰੁਕ ਗਈ ਜਿਹੜੀ ਬਾਅਦ ਵਿਚ ਸ਼ੁਰੂ ਹੋ ਗਈ। ਯੂਪੀ ਵਿਚ ਰਾਜ ਸਭਾ ਦੀਆਂ ਦਸ ਸੀਟਾਂ ਲਈ ਵੋਟਾਂ ਪਈਆਂ। ਇਥੇ ਬਸਪਾ ਦੇ ਵਿਧਾਇਕ ਨੇ ਭਾਜਪਾ ਉਮੀਦਵਾਰ ਨੂੰ ਵੋਟ ਪਾ ਦਿਤੀ। (ਏਜੰਸੀ)