ਕਿਸਾਨ ਖ਼ੁਦਕੁਸ਼ੀਆਂ ਨਾ ਕਰਨ, ਦੋ ਲੱਖ ਤਕ ਦਾ ਕਰਜ਼ਾ ਮਾਫ਼ ਹੋ ਚੁੱਕਾ ਹੈ : ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਐਲਾਨ ਕੀਤਾ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਸ਼ਹਿਰਾਂ ਨੂੰ ਆਉਣ ਵਾਲੇ ਸਮੇਂ ਵਿਚ ਨਹਿਰੀ ਪਾਣੀ ਸਾਫ਼ ਕਰ ਕੇ
ਅੰਮ੍ਰਿਤਸਰ, 14 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਐਲਾਨ ਕੀਤਾ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਸ਼ਹਿਰਾਂ ਨੂੰ ਆਉਣ ਵਾਲੇ ਸਮੇਂ ਵਿਚ ਨਹਿਰੀ ਪਾਣੀ ਸਾਫ਼ ਕਰ ਕੇ ਪੀਣ ਲਈ ਦਿਤਾ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸਾਨਾਂ ਦਾ ਦੋ ਲੱਖ ਤਕ ਦਾ ਕਰਜ਼ਾ ਮਾਫ਼ ਹੋ ਚੁੱਕਾ ਹੈ ਅਤੇ ਉਹ ਬੇਨਤੀ ਕਰਦੇ ਹਨ ਕਿ ਕਿਸਾਨ ਖ਼ੁਦਕੁਸ਼ੀਆਂ ਨਾ ਕਰਨ।
ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਬਲ ਕੰਪਨੀਆਂ ਵਲੋਂ ਵੱਖ-ਵੱਖ ਚੈਨਲਾਂ ਦੀ ਕੀਤੀ ਜਾ ਰਹੀ ਸੈਂਸਰਸ਼ਿਪ ਵਿਰੁਧ ਚਿਤਾਵਨੀ ਦਿੰਦੇ ਕਿਹਾ ਕਿ ਫਾਸਟਵੇਅ ਜਾਂ ਅਜਿਹੀ ਕਿਸੇ ਵੀ ਹੋਰ ਕੰਪਨੀ ਵਿਰੁਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਕੈਪਟਨ ਨੇ ਦਾਅਵਾ ਕੀਤਾ ਕਿ ਨਸ਼ੇ ਨੂੰ ਠੱਲ੍ਹ ਪੈ ਗਈ ਹੈ। 6900 ਸਮੱਗਲਰ ਫੜੇ ਗਏ ਹਨ ਅਤੇ ਬਾਕੀ ਵੀ ਛੇਤੀ ਕਾਬੂ ਹੋਣਗੇ। ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰ ਦੇ ਬਿਆਨ ਗੁਮਰਾਹਕੁੰਨ ਹਨ। ਚਿੱਟੀ ਮੱਖੀ 'ਤੇ ਛਿੜਕਾਅ ਖੇਤੀ ਯੂਨੀਵਰਸਟੀ ਕਰੇਗੀ।
ਕੈਪਟਨ ਨੇ ਕਿਹਾ ਕਿ ਪਹਿਲੀ ਵਾਰੀ ਗੁਰਦਾਸਪੁਰ 'ਚ ਕੋਈ ਮੁੱਖ ਮੰਤਰੀ ਝੰਡਾ ਲਹਿਰਾਉਣ ਜਾ ਰਿਹਾ ਹੈ। ਅਕਾਲੀਆਂ ਨੇ ਪੰਜਾਬ ਦਾ ਖ਼ਜ਼ਾਨਾ ਤਬਾਹ ਕੀਤਾ। ਚੀਨ ਤੇ ਰੂਸ ਸਮੇਤ 20 ਹੋਰ ਮੁਲਕ ਪੰਜਾਬ 'ਚ ਨਿਵੇਸ਼ ਕਰਨਗੇ। ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਪੰਜਾਬ 'ਚ ਕੋਈ ਵੀ ਘੱਟ ਗਿÎਣਤੀ ਅਸੁਰੱਖਿਅਤ ਨਹੀਂ ਹੈ। ਅੰਮ੍ਰਿਤਸਰ ਲਈ ਕਈ ਕਲਿਆਣਕਾਰੀ ਅਤੇ ਵਿਕਾਸ ਸਕੀਮਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਨੇ ਦਸਿਆ ਕਿ ਇਸ ਕੜੀ 'ਚ ਅੰਮ੍ਰਿਤਸਰ ਸ਼ਹਿਰ ਨੂੰ ਬਿਆਸ
ਦਰਿਆ ਤੋਂ ਪਾਣੀ ਦੀ ਸਪਲਾਈ ਪ੍ਰਣਾਲੀ ਮੁਹੱਈਆ ਕਰਾਉਣ ਲਈ 3000 ਕਰੋੜ ਜਾਰੀ ਕਰ ਦਿਤੇ ਹਨ ਅਤੇ ਛੇਤੀ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਵਿਕਾਸ ਲਈ 556.90 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਨਵੇਂ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ, ਜਿਸ 'ਚ 200 ਕਰੋੜ ਦੇ ਨਿਵੇਸ਼ ਨਾਲ ਸਮਾਰਟ ਸਿਟੀ ਵਜੋਂ ਸ਼ਹਿਰ ਨੂੰ ਵਿਕਸਿਤ ਕਰਨਾ, ਅੰਮ੍ਰਿਤਸਰ-ਭਿੱਖੀਵਿੰਡ ਸੜਕ ਨੂੰ ਬੋਹੜੂ ਪਿੰਡ ਤਕ ਦੋ ਮਾਰਗੀ ਕਰਨਾ, ਬਾਬਾ ਬੁੱਢਾ ਸਾਹਿਬ ਤਕ ਮਾਤਾ ਗੰਗਾ ਜੀ ਦੇ ਨਾਂ 'ਤੇ ਨਹਿਰ ਦੇ ਨਾਲ-ਨਾਲ ਨਵੀਂ ਸੜਕ ਦਾ ਨਿਰਮਾਣ, ਵੱਲ੍ਹਾ ਵਿਖੇ ਰੇਲਵੇ ਓਵਰਬ੍ਰਿਜ਼ ਅਤੇ ਪੁਤਲੀਘਰ ਚੌਂਕ ਵਿਖੇ ਪੁੱਲ ਦਾ ਨਿਰਮਾਣ ਸ਼ਾਮਲ ਹਨ।
ਕੈਪਟਨ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਤਰਜੀਹ ਆਧਾਰ 'ਤੇ ਹੋਵੇਗਾ। ਉਨ੍ਹਾਂ ਅੰਮ੍ਰਿਤਸਰ 'ਚ ਫਾਇਰ ਸਰਵਿਸ ਦਾ ਰਾਜ ਪਧਰੀ ਡਾਇਰੈਕਟੋਰੇਟ ਸਥਾਪਤ ਕਰਨ ਦਾ ਐਲਾਨ ਵੀ ਕੀਤਾ। ਸਥਾਨਕ ਸਰਕਾਰਾਂ ਦੀਆਂ ਆ ਰਹੀਆਂ ਚੋਣਾਂ 'ਚ 50 ਫ਼ੀਸਦੀ ਸੀਟਾਂ ਔਰਤਾਂ ਲਈ ਰਾਖਵੀਂਆਂ ਰੱਖੀਆਂ ਜਾਣਗੀਆਂ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਬੇਘਰੇ ਲੋਕਾਂ ਲਈ ਘਰਾਂ ਦਾ ਨਿਰਮਾਣ ਸ਼ਹਿਰੀ ਆਵਾਸ ਯੋਜਨਾ ਤਹਿਤ ਕਰਵਾਇਆ ਜਾਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਸੰਦੀਪ ਸੰਧੂ, ਨਵਜੋਤ ਸਿੰਘ ਸਿੱਧੂ, ਬਾਵਾ ਸਿੰਘ ਸੰਧੂ, ਸੁਖਬਿੰਦਰ ਸਿੰਘ ਸਰਕਾਰੀਆ, ਓ.ਪੀ. ਸੋਨੀ, ਡਾ. ਰਾਜ ਕੁਮਾਰ ਵੇਰਕਾ, ਤਰਸੇਮ ਸਿੰਘ ਡੀ.ਸੀ., ਸੁਖਵਿੰਦਰ ਸਿੰਘ ਡੈਨੀ ਬੰਡਾਲਾ (ਸਾਰੇ ਵਿਧਾਇਕ), ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਮਮਤਾ ਦੱਤਾ, ਸਵਿੰਦਰ ਕੌਰ ਬੋਪਾਰਾਏ, ਭਗਵੰਤਪਾਲ ਸਿੰਘ ਸੱਚਰ, ਇੰਦਰਜੀਤ ਸਿੰਘ ਬਾਸਰਕੇ, ਬਲਕਾਰ ਸਿੰਘ ਵਡਾਲਾ, ਜਸਵਿੰਦਰ ਸਿੰਘ ਸ਼ੇਰਗਿਲ, ਗੁਰਦੇਵ ਸਿੰਘ ਝੀਤਾ ਅਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਸ਼ਖ਼ਸੀਅਤਾਂ ਵੱਡੀ ਗਿਣਤੀ 'ਚ ਮੌਜੂਦ ਸਨ।