ਅਨੰਤਨਾਗ 'ਚ ਮੁਠਭੇੜ ਦੌਰਾਨ ਹਿਜ਼ਬੁਲ ਦੇ 2 ਅਤਿਵਾਦੀ ਢੇਰ, ਤਣਾਅ ਕਾਰਨ ਇੰਟਰਨੈੱਟ ਸੇਵਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸ਼ਨਿਚਰਵਾਰ ਨੂੰ ਸੁਰੱਖਿਆ ਬਲਾਂ ਨਾਲ ਜਾਰੀ ਮੁਠਭੇੜ ਵਿਚ ਦੋ ਅਤਿਵਾਦੀ ਮਾਰੇ ਗਏ। ਦਸਿਆ ਜਾ ਰਿਹਾ ਹੈ ਕਿ ਇਹ

Two Militants Hizbul killed encounter anantnag

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸ਼ਨਿਚਰਵਾਰ ਨੂੰ ਸੁਰੱਖਿਆ ਬਲਾਂ ਨਾਲ ਜਾਰੀ ਮੁਠਭੇੜ ਵਿਚ ਦੋ ਅਤਿਵਾਦੀ ਮਾਰੇ ਗਏ। ਦਸਿਆ ਜਾ ਰਿਹਾ ਹੈ ਕਿ ਇਹ ਅਤਿਵਾਦੀ ਹਿਜ਼ਬੁਲ ਮੁਜਾਹਿਦੀਨ ਗਰੁੱਪ ਦੇ ਹਨ। ਪੁਲਿਸ ਨੇ ਦਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦਾ ਪਤਾ ਲਗਦੇ ਹੀ ਰਾਸ਼ਟਰੀ ਰਾਈਫ਼ਲਜ਼, ਸੀਆਰਪੀਐਫ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ ਦੇ ਸੁਰੱਖਿਆ ਜਵਾਨਾਂ ਨੇ ਸ਼ੁੱਕਰਵਾਰ ਸ਼ਾਮ ਸ਼ਿਸਤਰਗਾਮ ਪਿੰਡ ਨੂੰ ਘੇਰਾ ਪਾ ਲਿਆ। ਸੁਰੱਖਿਆ ਘੇਰਾ ਸਖ਼ਤ ਹੋਣ ਕਾਰਨ ਅਤਿਵਾਦੀਆਂ ਨੇ ਫ਼ਾਈਰਿੰਗ ਸ਼ੁਰੂ ਕਰ ਦਿਤੀ, ਜਿਸ ਤੋਂ ਬਾਅਦ ਫ਼ੌਜ ਦੇ ਜਵਾਨਾਂ ਦੇ ਨਾਲ ਮੁਠਭੇੜ ਸ਼ੁਰੂ ਹੋ ਗਈ। 

ਕਸ਼ਮੀਰ ਘਾਟੀ ਵਿਚ ਸਰਗਰਮ ਪੁਰਾਣੇ ਅਤਿਵਾਦੀਆਂ ਵਿਚ ਇਕ ਅਸ਼ਰਫ਼ ਖ਼ਾਨ ਉਰਫ਼ ਅਸ਼ਰਫ਼ ਮੌਲਵੀ ਨੂੰ ਉਸ ਦੇ ਅੰਗ ਰੱਖਿਅਕ ਆਸਿਫ਼ ਸਮੇਤ ਸੁਰੱਖਿਆ ਬਲਾਂ ਨੇ ਡੁਰੂ-ਅਨੰਤਨਾਗ ਵਿਚ ਸ਼ੁੱਕਰਵਾਰ ਦੀ ਦੇਰ ਰਾਤ ਹੋਈ ਮੁਠਭੇੜ ਵਿਚ ਮਾਰ ਮੁਕਾਇਆ। ਇਸ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸ਼ਕੂਰ ਅਤੇ ਇਕ ਹੋਰ ਅਤਿਵਾਦੀ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ। 

ਇਸੇ ਦੌਰਾਨ ਅਤਿਵਾਦੀ ਦੀ ਮੌਤ ਤੋਂ ਬਾਅਦ ਦਖਣੀ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਫ਼ੈਲੇ ਤਣਾਅ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਬਨਿਹਾਲ-ਸ੍ਰੀਨਗਰ ਰੇਲ ਸੇਵਾ ਮੁਲਤਵੀ ਕਰ ਦਿਤੀ ਹੈ। ਸ੍ਰੀਨਗਰ ਤੋਂ ਜੰਮੂ ਵਲ ਜਾਂ ਜੰਮੂ ਤੋਂ ਸ੍ਰੀਨਗਰ ਵਲ ਆਉਣ ਜਾਣ ਵਾਲੇ ਫ਼ੌਜੀ ਕਾਫ਼ਲਿਆਂ ਨੂੰ ਵੀ ਇਹਤਿਆਤ ਵਜੋਂ ਰੋਕ ਦਿਤਾ ਗਿਆ ਹੈ। ਅਫ਼ਵਾਹਾਂ 'ਤੇ ਕਾਬੂ ਪਾਉਣ ਲਈ ਦਖਣੀ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿਤਾ ਗਿਆ ਹੈ।

ਦੱਸ ਦਈਏ ਕਿ ਬੀਤੀ ਰਾਤ ਕਰੀਬ ਸਾਢੇ 9 ਵਜੇ ਸੁਰੱਖਿਆ ਬਲਾਂ ਨੇ ਡੁਰੂ ਅਨੰਤਨਾਗ ਦੇ ਸ਼ਿਸਤਰਗਾਮ ਪਿੰਡ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਜਵਾਨਾਂ ਨੇ ਪਿੰਡ ਦੀ ਘੇਰਾਬੰਦੀ ਕਰਦੇ ਹੋਏ ਜਿਵੇਂ ਹੀ ਸ਼ੱਕੀ ਮਕਾਨਾਂ ਦੀ ਤਲਾਸ਼ੀ ਸ਼ੁਰੂ ਕੀਤੀ ਤਾਂ ਇਕ ਮਕਾਨ ਵਿਚ ਲੁਕੇ ਅਤਿਵਾਦੀਆਂ ਨੇ ਉਨ੍ਹਾਂ 'ਤੇ ਫ਼ਾਈਰਿੰਗ ਸ਼ੁਰੂ ਕਰ ਦਿਤੀ। ਜਵਾਨਾਂ ਨੇ ਵੀ ਤੁਰਤ ਅਪਣੀ ਪੁਜ਼ੀਸ਼ਨ ਸੰਭਾਲ ਲਈ ਅਤੇ ਜਵਾਬੀ ਫ਼ਾਇਰ ਕੀਤੇ। ਇਸ ਤੋਂ ਬਾਅਦ ਉਥੇ ਮੁਠਭੇੜ ਸ਼ੁਰੂ ਹੋ ਗਈ ਜੋ ਰਾਤ ਸਾਢੇ 11 ਵਜੇ ਤਕ ਜਾਰੀ ਰਹੀ।

ਸੰਬੰਧਤ ਅਧਿਕਾਰੀਆਂ ਦੀ ਮੰਨੀਏ ਤਾਂ ਘੇਰਾਬੰਦੀ ਵਿਚ ਹਿਜ਼ਬ ਦਾ ਜ਼ਿਲ੍ਹਾ ਕਮਾਂਡਰ ਅਸ਼ਰਫ਼ ਖ਼ਾਨ, ਲਸ਼ਕਰ ਦਾ ਜ਼ਿਲ੍ਹਾ ਕਮਾਂਡਰ ਸ਼ਕੂਰ, ਤੌਸੀਫ਼ ਅਤੇ ਹੋਰ ਇਕ ਹੋਰ ਅਤਿਵਾਦੀ ਫਸੇ ਹੋਏ ਸਨ। ਇੱਥੇ ਇਹ ਦਸਣਾ ਬਣਦਾ ਹੈ ਕਿ ਮੁੱਖ ਮੰਤਰੀ ਦੇ ਮਾਸੜ ਅਤੇ ਸਾਬਕਾ ਮੰਤਰੀ ਫ਼ਾਰੂਕ ਅੰਦਰਾਬੀ ਜੋ ਕਿ ਡੁਰੂ ਦੇ ਵਿਧਾਇਕ ਵੀ ਹਨ, ਇਸੇ ਇਲਾਕੇ ਦੇ ਰਹਿਣ ਵਾਲੇ ਹਨ। 

ਸੰਬੰਧਤ ਅਧਿਕਾਰੀਆਂ ਨੇ ਦਸਿਆ ਕਿ ਅੱਧੀ ਰਾਤ ਤੋਂ ਬਾਅਦ ਅਤਿਵਾਦੀਆਂ ਵਲੋਂ ਗੋਲੀਬਾਰੀ ਪੂਰੀ ਤਰ੍ਹਾਂ ਬੰਦ ਹੋ ਗਈ ਸੀ ਪਰ ਸਨਿਚਰਵਾਰ ਨੂੰ ਸਵੇਰੇ ਜਦੋਂ ਸੁਰੱਖਿਆ ਬਲਾਂ ਨੇ ਅਤਿਵਾਦੀ ਟਿਕਾਣਿਆਂ ਵਲ ਵਧਣ ਦਾ ਯਤਨ ਕੀਤਾ ਤਾਂ ਅਤਿਵਾਦੀਆਂ ਨੇ ਦੁਬਾਰਾ ਫ਼ਾਈਰਿੰਗ ਸ਼ੁਰੂ ਕਰ ਦਿਤੀ। ਜਵਾਨਾਂ ਨੇ ਵੀ ਜਵਾਬੀ ਫ਼ਾਈਰਿੰਗ ਕੀਤੀ। ਇਹ ਗੋਲੀਬਾਰੀ ਕਰੀਬ ਪੰਜ ਤੋਂ ਸੱਤ ਮਿੰਟ ਤਕ ਜਾਰੀ ਰਹੀ। ਇਸ ਤੋਂ ਬਾਅਦ ਜਦੋਂ ਅਤਿਵਾਦੀਆਂ ਵਲੋਂ ਗੋਲੀਬਾਰੀ ਪੂਰੀ ਤਰ੍ਹਾਂ ਬੰਦ ਹੋ ਗਈ ਤਾਂ ਘਟਨਾ ਸਥਾਨ ਦੀ ਤਲਾਸ਼ੀ ਲਏ ਜਾਣ 'ਤੇ ਗੋਲੀਆਂ ਨਾਲ ਛਲਣੀ ਹੋਈਆਂ ਦੋ ਅਤਿਵਾਦੀਆਂ ਦੀਆਂ ਲਾਸ਼ਾਂ ਮਿਲੀਆਂ।