ਉਤਰਾਖੰਡ 'ਚ ਬੱਦਲ ਫਟਿਆ, 17 ਮਰੇ, ਕਈ ਲਾਪਤਾ
ਭਾਰਤ-ਚੀਨ ਅਤੇ ਨੇਪਾਲ ਸਰਹੱਦ ਨਾਲ ਲਗਦੇ ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਦੁੰਗਦੁੰਗ ਇਲਾਕੇ ਵਿਚ ਅੱਜ ਤੜਕੇ ਬੱਦਲ ਫਟ ਗਿਆ ਜਿਸ ਕਾਰਨ ਸਥਾਨਕ ਨਾਲੇ ਨੱਕੋ-ਨੱਕ ਭਰ ਗਏ
ਪਿਥੌਰਾਗੜ੍ਹ, 14 ਅਗੱਸਤ : ਭਾਰਤ-ਚੀਨ ਅਤੇ ਨੇਪਾਲ ਸਰਹੱਦ ਨਾਲ ਲਗਦੇ ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਦੁੰਗਦੁੰਗ ਇਲਾਕੇ ਵਿਚ ਅੱਜ ਤੜਕੇ ਬੱਦਲ ਫਟ ਗਿਆ ਜਿਸ ਕਾਰਨ ਸਥਾਨਕ ਨਾਲੇ ਨੱਕੋ-ਨੱਕ ਭਰ ਗਏ ਤੇ 18 ਕਿਲੋਮੀਟਰ ਦੇ ਇਲਾਕੇ ਵਿਚ ਭਾਰੀ ਤਬਾਹੀ ਹੋਈ।
ਮਲਬੇ ਵਿਚ ਦੱਬ ਜਾਣ ਕਾਰਨ 17 ਜਣਿਆਂ ਦੀ ਮੌਤ ਹੋ ਗਈ ਹੈ ਜਦਕਿ 25 ਤੋਂ ਵੱਧ ਲਾਪਤਾ ਹਨ। ਮ੍ਰਿਤਕਾਂ ਵਿਚ ਫ਼ੌਜ ਦਾ ਅਧਿਕਾਰੀ ਵੀ ਸ਼ਾਮਲ ਹੈ ਜਦਕਿ ਲਾਪਤਾ ਵਿਅਕਤੀਆਂ ਵਿਚ ਫ਼ੌਜ ਦੇ ਦੋ ਜੇਸੀਓ ਸਮੇਤ ਸੱਤ ਜਵਾਨ ਵੀ ਹਨ। ਸੜਕ ਅਤੇ ਪੁਲ ਰੁੜ੍ਹ ਜਾਣ ਕਾਰਨ ਰਾਹਤ ਕਾਰਜਾਂ ਵਿਚ ਦਿੱਕਤ ਆ ਰਹੀ ਹੈ। ਮਾਲਪਾ ਤੋਂ ਲੈ ਕੇ ਘਟਿਆਬਗੜ੍ਹ ਤਕ ਤਿੰਨ ਹੋਟਲ, ਚਾਰ ਦੁਕਾਨਾਂ ਅਤੇ ਸਿਮਖੋਲਾ ਵਿਚ ਮੋਟਰ ਪੁਲ ਰੁੜ੍ਹ ਗਏ ਹਨ। ਫ਼ੌਜ ਦੇ ਟਰਾਂਜ਼ਿਟ ਕੈਂਪ ਦਾ ਵਜੂਦ ਹੀ ਖ਼ਤਮ ਹੋ ਗਿਆ।
ਫ਼ੌਜ ਦੇ ਤਿੰਨ ਟਰੱਕਾਂ ਸਮੇਤ ਅੱਧਾ ਦਰਜਨ ਵਾਹਨ ਅਤੇ ਸਾਜ਼ੋ-ਸਮਾਨ ਰੁੜ੍ਹ ਗਿਆ ਹੈ। ਤੜਕੇ ਕਰੀਬ 2.45 ਵਜੇ ਸੱਤ ਹਜ਼ਾਰ ਫ਼ੁਟ ਦੀ ਉਚਾਈ 'ਤੇ ਸਥਿਤ ਕੈਲਾਸ਼ ਮਾਨਸਰੋਵਰ ਯਾਤਰਾ ਮਾਰਗ 'ਤੇ ਬੱਦਲ ਫਟਣ ਦੀ ਪਹਿਲੀ ਘਟਨਾ ਵਾਪਰੀ ਹੈ। ਹੁਣ ਤਕ ਛੇ ਲਾਸ਼ਾਂ ਵੀ ਬਰਾਮਦ ਹੋ ਚੁੱਕੀਆਂ ਹਨ ਪਰ ਸ਼ਨਾਖ਼ਤ ਨਹੀਂ ਹੋ ਸਕੀ। ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਹੈਲੀਕਾਪਟਰ 'ਚ ਪਿਥੌਰਾਗੜ੍ਹ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਲਈ। (ਏਜੰਸੀ)