ਬਿਹਾਰ ਵਿਧਾਨ ਸਭਾ ’ਚ ਮਚਿਆ ਭਾਰੀ ਹੰਗਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਰਸ਼ਲਾਂ ਨੇ ਆਰਜੇਡੀ ਦੇ ਵਿਧਾਇਕਾਂ ਦਾ ਚਾੜ੍ਹਿਆ ਕੁਟਾਪਾ!

Bihar Legislative Assembly

ਪਟਨਾ: ਬਿਹਾਰ ਵਿਧਾਨ ਸਭਾ ਵਿਚ ਬਿਹਾਰ ਪੁਲਿਸ ਬਿਲ ਨੂੰ ਲੈ ਕੇ ਕਾਫ਼ੀ ਹੰਗਾਮਾ ਦੇਖਣ ਨੂੰ ਮਿਲਿਆ। ਮਾਮਲਾ ਇੱਥੋਂ ਤਕ ਪਹੁੰਚ ਗਿਆ ਕਿ ਸਦਨ ਵਿਚ ਮੌਜੂਦ ਮਾਰਸ਼ਲਾਂ ਨੇ ਆਰਜੇਡੀ ਵਿਧਾਇਕ ਸਤੀਸ਼ ਕੁਮਾਰ ਦੇ ਨਾਲ ਜਮ ਕੇ ਮਾਰਕੁੱਟ ਕੀਤੀ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਬਾਹਰ ਸੁੱਟ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਟਰੈਚਰ ’ਤੇ ਪਾ ਕੇ ਹਸਪਤਾਲ ਲਿਜਾਣਾ ਪਿਆ। 

ਦਰਅਸਲ ਵਿਰੋਧੀਆਂ ਵੱਲੋਂ ਵਿਸ਼ੇਸ਼ ਹਥਿਆਰਬੰਦ ਪੁਲਿਸ ਬਿਲ-2021 ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦਿਆਂ ਵਿਧਾਨ ਸਭਾ ਦੀ ਕਾਰਵਾਈ 5 ਵਾਰ ਮੁਲਤਵੀ ਕਰਨੀ ਪਈ। ਇਸੇ ਦੌਰਾਨ ਹੰਗਾਮਾ ਇੰਨਾ ਵਧ ਗਿਆ ਕਿ ਵਿਧਾਨ ਸਭਾ ਦੇ ਮਾਰਸ਼ਲਾਂ ਨੇ ਵਿਰੋਧੀਆਂ ਨੂੰ ਚੁੱਕ ਚੁੱਕ ਕੇ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸੇ ਖਿੱਚਧੂਹ ਵਿਚ ਵਿਧਾਇਕ ਸਤੀਸ਼ ਕੁਮਾਰ ਜ਼ਖ਼ਮੀ ਹੋ ਗਏ। ਹਸਪਤਾਲ ਲਿਜਾਂਦੇ ਸਮੇਂ ਵਿਧਾਇਕ ਸਤੀਸ਼ ਕੁਮਾਰ ਵਾਰ ਵਾਰ ਅਪਣੇ ਸਾਥੀਆਂ ਨੂੰ ਅਪਣੇ ਨਾਲ ਚੱਲਣ ਲਈ ਆਖ ਰਹੇ ਸਨ। ਉਹ ਚੀਕ-ਚੀਕ ਕੇ ਆਖਣ ਲੱਗੇ ਕਿ ਮੇਰੇ ਨਾਲ ਚੱਲੋ, ਨਹੀਂ ਤਾਂ ਮੈਨੂੰ ਮਾਰ ਦੇਣਗੇ।

ਵਿਧਾਨ ਸਭਾ ਵਿਚ ਹੋਏ ਇਸ ਤਾਂਡਵ ਤੋਂ ਬਾਅਦ ਆਰਜੇਡੀ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਨਿਤੀਸ਼ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਆਖਿਆ ਕਿ ਇਹ ਇਤਿਹਾਸ ਦਾ ਕਾਲਾ ਦਿਨ ਹੈ ਜਦੋਂ ਵਿਧਾਨ ਸਭਾ ਵਿਚ ਸਰਕਾਰ ਵੱਲੋਂ ਇੰਨੀ ਗੁੰਡਾਗਰਦੀ ਕੀਤੀ ਗਈ ਕਿ ਔਰਤ ਵਿਧਾਇਕਾਂ ਤਕ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਉਨ੍ਹਾਂ ਆਖਿਆ ਕਿ ਇਹ ਸਾਰੀ ਕਾਰਵਾਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਆਦੇਸ਼ਾਂ ’ਤੇ ਕੀਤੀ ਗਈ ਹੈ। 

ਉਧਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਵਿਚ ਬੋਲਦਿਆਂ ਵਿਧਾਨ ਸਭਾ ਵਿਚ ਜੋ ਕੁੱਝ ਹੋਇਆ, ਉਸ ਦਾ ਠੀਕਰਾ ਵਿਰੋਧੀ ਧਿਰ ਦੇ ਸਿਰ ਹੀ ਭੰਨ ਦਿੱਤਾ। ਉਨ੍ਹਾਂ ਆਰਜੇਡੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿਚ ਕੀਤੇ ਹੰਗਾਮੇ ਦੀ ਨਿੰਦਾ ਕੀਤੀ।

ਵਿਧਾਨ ਸਭਾ ਵਿਚ ਆਰਜੇਡੀ ਵਿਧਾਇਕਾਂ ਨਾਲ ਹੋਈ ਕੁੱਟਮਾਰ ਤੋਂ ਬਾਅਦ ਇਹ ਮਾਮਲਾ ਕਾਫ਼ੀ ਗਰਮਾ ਗਿਆ ਹੈ, ਜਿਸ ਮਗਰੋਂ ਹੁਣ ਆਰਜੇਡੀ ਦੇ ਵੱਡੀ ਗਿਣਤੀ ਵਿਚ ਵਰਕਰਾਂ ਅਤੇ ਆਗੂਆਂ ਵੱਲੋਂ ਬਿਹਾਰ ਵਿਧਾਨ ਸਭਾ ਦਾ ਘਿਰਾਓ ਕੀਤਾ ਜਾ ਰਿਹੈ। ਵਿਧਾਨ ਸਭਾ ਦੇ ਅੰਦਰ ਵੀ ਕਾਫ਼ੀ ਹੰਗਾਮਾ ਹੋਇਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਨੂੰ ਭਾਰੀ ਸੁਰੱਖਿਆ ਫੋਰਸ ਤਾਇਨਾਤ ਕਰਨੀ ਪਈ।