ਰਖਿਆ ਮੰਤਰੀ ਰਾਜਨਾਥ ਸਿੰਘ ਨੇ ਲੇਹ ’ਚ ਫ਼ੌਜੀਆਂ ਨਾਲ ਮਨਾਈ ਹੋਲੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਖਰਾਬ ਮੌਸਮ ਨਾਲ ਲੜਦੇ ਹੋਏ ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਕਰਨ ਲਈ ਫ਼ੌਜੀਆਂ ਦੀ ਸ਼ਲਾਘਾ ਕੀਤੀ

Rajnath Singh in Leh.

ਲੇਹ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਲੇਹ ’ਚ ਫੌਜ ਦੇ ਜਵਾਨਾਂ ਨਾਲ ਹੋਲੀ ਮਨਾਈ ਅਤੇ ਖਰਾਬ ਮੌਸਮ ਨਾਲ ਲੜਦੇ ਹੋਏ ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। 

ਰਾਜਨਾਥ ਸਿੰਘ ਪਹਿਲਾਂ ਦੁਨੀਆਂ ਦੇ ਸੱਭ ਤੋਂ ਉੱਚੇ ਜੰਗ ਦੇ ਮੈਦਾਨ ਸਿਆਚਿਨ ਦਾ ਦੌਰਾ ਕਰਨ ਵਾਲੇ ਸਨ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਦਾ ਦੌਰਾ ਰੱਦ ਕਰ ਦਿਤਾ ਗਿਆ। ਉਨ੍ਹਾਂ ਦੇ ਨਾਲ ਫੌਜ ਮੁਖੀ ਜਨਰਲ ਮਨੋਜ ਪਾਂਡੇ ਵੀ ਸਨ। ਰੱਖਿਆ ਮੰਤਰੀ ਨੇ ਫ਼ੌਜੀਆਂ ਦੇ ਮੱਥੇ ’ਤੇ ਗੁਲਾਲ ਲਗਾ ਕੇ ਤਿਲਕ ਲਗਾਇਆ। 

ਰੰਗਾਂ ਦਾ ਤਿਉਹਾਰ ਮਨਾਉਣ ਤੋਂ ਬਾਅਦ ਫ਼ੌਜੀਆਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਲੱਦਾਖ ਹਿੰਮਤ ਅਤੇ ਬਹਾਦਰੀ ਦੀ ਕੌਮੀ ਰਾਜਧਾਨੀ ਹੈ। ਉਨ੍ਹਾਂ ਕਿਹਾ, ‘‘ਜਿਵੇਂ ਦਿੱਲੀ ਸਾਡੀ ਕੌਮੀ ਰਾਜਧਾਨੀ ਹੈ, ਮੁੰਬਈ ਵਿੱਤੀ ਰਾਜਧਾਨੀ ਹੈ ਅਤੇ ਬੈਂਗਲੁਰੂ ਤਕਨਾਲੋਜੀ ਦੀ ਰਾਜਧਾਨੀ ਹੈ, ਲੱਦਾਖ ਭਾਰਤ ਦੀ ਹਿੰਮਤ ਅਤੇ ਬਹਾਦਰੀ ਦੀ ਰਾਜਧਾਨੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਜਦੋਂ ਹਰ ਕੋਈ ਖਰਾਬ ਮੌਸਮ ਕਾਰਨ ਘਰ ’ਚ ਲੁਕਣਾ ਚਾਹੁੰਦਾ ਹੈ ਤਾਂ ਤੁਸੀਂ ਅਪਣੇ ਦੁਸ਼ਮਣਾਂ ਤੋਂ ਦੇਸ਼ ਦੀ ਰੱਖਿਆ ਲਈ ਅਟੁੱਟ ਇੱਛਾ ਸ਼ਕਤੀ ਨਾਲ ਖੜ੍ਹੇ ਹੋ।’’ ਉਨ੍ਹਾਂ ਕਿਹਾ ਕਿ ਦੇਸ਼ ਫ਼ੌਜੀਆਂ ਦੇ ਸਮਰਪਣ ਅਤੇ ਸੇਵਾ ਲਈ ਉਨ੍ਹਾਂ ਦਾ ਹਮੇਸ਼ਾ ਰਿਣੀ ਰਹੇਗਾ। 

ਉਨ੍ਹਾਂ ਨੇ ਹਥਿਆਰਬੰਦ ਬਲਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਭਲਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਜਵਾਨਾਂ ਨਾਲ ਹੋਲੀ ਖੇਡਣਾ ਉਨ੍ਹਾਂ ਲਈ ਸੱਭ ਤੋਂ ਖੁਸ਼ੀ ਦੇ ਪਲਾਂ ਵਿਚੋਂ ਇਕ ਹੈ।