ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ’ਚ ਗਿਰਾਵਟ ਨੂੰ ਲੈ ਕੇ ਕਾਂਗਰਸ ਨੇ PM ਮੋਦੀ ’ਤੇ ਲਾਇਆ ਨਿਸ਼ਾਨਾ

ਏਜੰਸੀ

ਖ਼ਬਰਾਂ, ਵਪਾਰ

ਕਿਹਾ, ਰੁਪਏ ਦੀ ਕੀਮਤ ਲੰਮੇ ਸਮੇਂ ਤੋਂ ਸਵੈ-ਘੋਸ਼ਿਤ ਵਿਸ਼ਵਗੁਰੂ ਦੀ ਉਮਰ ਤੋਂ ਵੀ ਵੱਧ ਹੇਠਾਂ ਡਿੱਗ ਗਈ ਹੈ

Jairam Ramesh

ਨਵੀਂ ਦਿੱਲੀ: ਕਾਂਗਰਸ ਪਾਰਟੀ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ’ਚ ਗਿਰਾਵਟ ਦੇ ਮੁੱਦੇ ’ਤੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ ਅਤੇ ਉਨ੍ਹਾਂ ਤੋਂ ਜਵਾਬ ਮੰਗਿਆ।

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਰੁਪਏ ਦੀ ਡਿੱਗਦੀ ਕੀਮਤ ਕਾਰਨ ਤੇਲ ਦੀਆਂ ਵਧਦੀਆਂ ਕੀਮਤਾਂ, ਮਹਿੰਗਾਈ ਅਤੇ ਕਰਜ਼ਿਆਂ ਦੀ ਉੱਚ ਈ.ਐਮ.ਆਈ. ਦਾ ਅਸਰ ਹਰ ਭਾਰਤੀ ਦੀ ਜੇਬ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ, ‘‘2014 ਤੋਂ ਪਹਿਲਾਂ ਜਦੋਂ ਰੁਪਏ ਦੀ ਕੀਮਤ ’ਚ ਮੁਕਾਬਲਤਨ ਘੱਟ ਕਮੀ ਹੋਈ ਸੀ ਤਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ। ਯਾਦ ਹੈ ਕਿ ਕਿਵੇਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨੇ ਰੁਪਏ ਦੀ ਕੀਮਤ ਅਤੇ ਡਾ. ਮਨਮੋਹਨ ਸਿੰਘ ਦੀ ਉਮਰ ਨੂੰ ਜੋੜ ਕੇ ਕਿੰਨੀਆਂ ਘਟੀਆ ਗੱਲਾਂ ਕਹੀਆਂ ਸਨ? ਰੁਪਏ ਦੀ ਕੀਮਤ ਲੰਮੇ ਸਮੇਂ ਤੋਂ ਸਵੈ-ਘੋਸ਼ਿਤ ਵਿਸ਼ਵਗੁਰੂ ਦੀ ਉਮਰ ਤੋਂ ਵੀ ਵੱਧ ਹੇਠਾਂ ਡਿੱਗ ਗਈ ਹੈ।’’

ਉਨ੍ਹਾਂ ਨੇ ਹੈਸ਼ਟੈਗ ‘ਚੁੱਪੀ ਤੋੜੋ ਪ੍ਰਧਾਨ ਮੰਤਰੀ ਜੀ’ ਦੇ ਨਾਲ ਲਿਖਿਆ, ‘‘ਅੱਜ ਰੁਪਏ ਦੀ ਕੀਮਤ ’ਚ ਭਾਰੀ ਗਿਰਾਵਟ ਦੇ ਵਿਚਕਾਰ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੇ।’’ ਪ੍ਰਮੁੱਖ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਅਤੇ ਏਸ਼ੀਆਈ ਮੁਦਰਾਵਾਂ ਦੇ ਕਮਜ਼ੋਰ ਹੋਣ ਨਾਲ ਰੁਪਿਆ ਸ਼ੁਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 35 ਪੈਸੇ ਦੀ ਗਿਰਾਵਟ ਨਾਲ 83.48 (ਅਸਥਾਈ) ਦੇ ਸੱਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ।

ਰਮੇਸ਼ ਨੇ ਕਿਹਾ, ‘‘ਜਦੋਂ ਭਾਜਪਾ 2014 ’ਚ ਸੱਤਾ ’ਚ ਆਈ ਸੀ ਤਾਂ ਇਕ ਡਾਲਰ ਦੀ ਕੀਮਤ 59 ਰੁਪਏ ਸੀ। ਅੱਜ ਭਾਜਪਾ ਨੇ ਇਸ ਨੂੰ 59 ਰੁਪਏ ਤੋਂ ਵਧਾ ਕੇ 84 ਰੁਪਏ ਕਰ ਦਿਤਾ ਹੈ। ਰੁਪਏ ਦੇ ਕਮਜ਼ੋਰ ਹੋਣ ਦਾ ਸਿੱਧਾ ਅਸਰ ਤੁਹਾਡੀ ਜੇਬ ’ਤੇ ਪੈਂਦਾ ਹੈ। ਰੁਪਏ ਦੀ ਕੀਮਤ ਉਸ ਕੀਮਤ ਨੂੰ ਨਿਰਧਾਰਤ ਕਰਦੀ ਹੈ ਜਿਸ ’ਤੇ ਅਸੀਂ ਵਿਦੇਸ਼ਾਂ ਤੋਂ ਆਯਾਤ ਕੀਤੀਆਂ ਚੀਜ਼ਾਂ ਪ੍ਰਾਪਤ ਕਰਾਂਗੇ। ਸਾਲ 2014 ’ਚ ਜੇਕਰ ਕੋਈ ਚੀਜ਼ ਵਿਦੇਸ਼ ਤੋਂ 1 ਡਾਲਰ ’ਚ ਆਉਂਦੀ ਸੀ ਤਾਂ 59 ਰੁਪਏ ਦੇਣੇ ਪੈਂਦੇ ਸਨ। ਅੱਜ, ਸਾਨੂੰ ਉਸੇ ਇਕ ਡਾਲਰ ਮੁੱਲ ਦੀ ਚੀਜ਼ ਲਈ 84 ਰੁਪਏ ਦਾ ਭੁਗਤਾਨ ਕਰਨਾ ਪਏਗਾ। ਵਾਧੂ 25 ਰੁਪਏ ਜੋ ਸਾਨੂੰ ਅਦਾ ਕਰਨੇ ਪੈਂਦੇ ਹਨ ਉਹ ਰੁਪਏ ਦੀ ਡਿੱਗਦੀ ਕੀਮਤ ਕਾਰਨ ਹੈ। ਜਦੋਂ ਵਿਦੇਸ਼ਾਂ ਤੋਂ ਆਯਾਤ ਕੀਤਾ ਜਾਣ ਵਾਲਾ ਸਾਮਾਨ ਜ਼ਿਆਦਾ ਕੀਮਤ ’ਤੇ ਦੇਸ਼ ’ਚ ਆਉਂਦਾ ਹੈ ਤਾਂ ਇਹ ਸਪੱਸ਼ਟ ਹੈ ਕਿ ਲੋਕਾਂ ਨੂੰ ਉਨ੍ਹਾਂ ਨੂੰ ਵੀ ਜ਼ਿਆਦਾ ਕੀਮਤ ’ਤੇ ਮਿਲੇਗਾ।’’

ਉਨ੍ਹਾਂ ਅੱਗੇ ਕਿਹਾ, ‘‘ਭਾਰਤ ਅਪਣੇ ਕੱਚੇ ਤੇਲ ਦਾ 80 ਫ਼ੀ ਸਦੀ ਆਯਾਤ ਕਰਦਾ ਹੈ। ਇਸ ਦਾ ਜ਼ਿਆਦਾਤਰ ਭੁਗਤਾਨ ਡਾਲਰਾਂ ’ਚ ਕਰਨਾ ਪੈਂਦਾ ਹੈ। ਰੁਪਏ ਦੇ ਕਮਜ਼ੋਰ ਹੋਣ ਕਾਰਨ ਭਾਰਤ ਹੁਣ ਜ਼ਿਆਦਾ ਕੀਮਤ ’ਤੇ ਤੇਲ ਖਰੀਦ ਰਿਹਾ ਹੈ। ਜਦੋਂ ਵੀ ਤੁਸੀਂ ਪਟਰੌਲ ਪੰਪ ’ਤੇ ਜਾਂਦੇ ਹੋ ਤਾਂ ਰੁਪਏ ਦੇ ਕਮਜ਼ੋਰ ਹੋਣ ਦਾ ਅਸਰ ਤੁਹਾਡੀ ਜੇਬ ’ਤੇ ਪੈਂਦਾ ਹੈ। ਜਦੋਂ ਪਟਰੌਲ ਮਹਿੰਗਾ ਹੋ ਜਾਂਦਾ ਹੈ, ਤਾਂ ਹਰ ਕਿਸਮ ਦੇ ਸਾਮਾਨ ਦੀ ਆਵਾਜਾਈ ਦੀ ਲਾਗਤ ਵੱਧ ਜਾਂਦੀ ਹੈ। ਇਸ ਲਈ ਖਾਣ-ਪੀਣ ਸਮੇਤ ਹਰ ਤਰ੍ਹਾਂ ਦੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਜਦੋਂ ਤੁਸੀਂ ਕਰਿਆਨੇ ਦਾ ਸਾਮਾਨ ਖਰੀਦਣ ਲਈ ਬਾਜ਼ਾਰ ਜਾਂਦੇ ਹੋ ਤਾਂ ਰੁਪਏ ਦੇ ਕਮਜ਼ੋਰ ਹੋਣ ਕਾਰਨ ਤੁਹਾਨੂੰ ਜ਼ਿਆਦਾ ਭੁਗਤਾਨ ਕਰਨਾ ਪੈਂਦਾ ਹੈ।’’

ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਮਹਿੰਗਾਈ ਵਧੇਗੀ ਤਾਂ ਰਿਜ਼ਰਵ ਬੈਂਕ ਉੱਚ ਕੀਮਤਾਂ ’ਤੇ ਲਗਾਮ ਲਗਾਉਣ ਲਈ ਵਿਆਜ ਦਰਾਂ ਵਧਾਏਗਾ। ਉਨ੍ਹਾਂ ਕਿਹਾ, ‘‘ਇਸ ਨਾਲ ਤੁਹਾਡੇ ਲੋਨ ਦੀ ਈ.ਐਮ.ਆਈ. ਵਧੇਗੀ। ਜੇ ਤੁਸੀਂ ਕਰਜ਼ ਲਏ ਹਨ, ਤਾਂ ਹੁਣ ਤੁਹਾਨੂੰ ਬੈਂਕ ਨੂੰ ਵਧੇਰੇ ਵਿਆਜ ਦੇਣ ਲਈ ਮਜਬੂਰ ਹੋਣਾ ਪਵੇਗਾ - ਇਹ ਸੱਭ ਰੁਪਏ ਦੇ ਕਮਜ਼ੋਰ ਹੋਣ ਕਾਰਨ।’’