ਕਾਮੇਡੀਅਨ ਕੁਨਾਲ ਕਾਮਰਾ ਵਿਰੁਧ ਸ਼ਿੰਦੇ ’ਤੇ ਅਪਮਾਨਜਨਕ ਟਿਪਣੀ ਕਰਨ ਲਈ ਐਫ.ਆਈ.ਆਰ. ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਮਰਾ ਦੇ ਸ਼ੋਅ ਮਗਰੋਂ ਸਟੂਡੀਓ ਦੀ ਤੋੜਭੰਨ, ਗ੍ਰਿਫ਼ਤਾਰ ਕੀਤੇ ਸਾਰੇ 12 ਜਣਿਆਂ ਨੂੰ ਮਿਲੀ ਜ਼ਮਾਨਤ 

Kunal Kamra

ਫੜਨਵੀਸ ਨੇ ਸ਼ਿੰਦੇ ਦਾ ਅਪਮਾਨ ਕਰਨ ਲਈ ਕੁਨਾਲ ਕਾਮਰਾ ਨੂੰ ਮੁਆਫੀ ਮੰਗਣ ਲਈ ਕਿਹਾ

ਮੁੰਬਈ : ਮੁੰਬਈ ਪੁਲਿਸ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਿਰੁਧ ਅਪਮਾਨਜਨਕ ਟਿਪਣੀ ਕਰਨ ਲਈ ਕਾਮੇਡੀਅਨ ਕੁਨਾਲ ਕਾਮਰਾ ਵਿਰੁਧ ਐਫ.ਆਈ.ਆਰ. ਦਰਜ ਕੀਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੋਮਵਾਰ ਨੂੰ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਤੋਂ ਸ਼ਿੰਦੇ ਦਾ ਅਪਮਾਨ ਕਰਨ ਲਈ ਮੁਆਫੀ ਮੰਗਣ ਦੀ ਮੰਗ ਕੀਤੀ, ਜਦਕਿ ਪੁਲਿਸ ਨੇ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ 12 ਵਰਕਰਾਂ ਨੂੰ ਮੁੰਬਈ ’ਚ ਉਸ ਸਥਾਨ ’ਤੇ ਭੰਨਤੋੜ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ, ਜਿੱਥੇ ਕਾਮਰਾ ਨੇ ਸ਼ਿੰਦੇ ’ਤੇ ‘ਗੱਦਾਰ’ ਟਿਪਣੀ ਕੀਤੀ ਸੀ। ਹਾਲਾਂਕਿ ਸ਼ਾਮ ਨੂੰ ਸਾਰਿਆਂ ਨੂੰ ਜ਼ਮਾਨਤ ਵੀ ਮਿਲ ਗਈ। 

ਕੁਨਾਲ ਕਾਮਰਾ ਨੇ ਹਿੰਦੀ ਗੀਤ ‘ਦਿਲ ਤੋਂ ਪਾਗਲ ਹੈ’ ਦੇ ਸ਼ਬਦਾਂ ਨੂੰ ਬਦਲ ਕੇ ਸ਼ਿੰਦੇ ’ਤੇ ਵਿਅੰਗ ਕੀਤਾ ਸੀ। ਮੁਆਫ਼ੀ ਮੰਗਣ ਦੀ ਮੰਗ ’ਤੇ ਉਨ੍ਹਾਂ ਕਿਹਾ ਕਿ ਉਹ ਸ਼ਿੰਦੇ ਤੋਂ ਮੁਆਫ਼ੀ ਨਹੀਂ ਮੰਗਣਗੇ ਬਲਕਿ ਕਾਨੂੰਨ ਅਨੁਸਾਰ ਮਿਲੇ ਰਸਤਿਆਂ ਦੀ ਵਰਤੋਂ ਕਰਨਗੇ। 

ਪੁਲਿਸ ਨੇ ਖਾਰ ਇਲਾਕੇ ’ਚ ਹੈਬੀਟੇਟ ਸਟੂਡੀਓ ’ਚ ਭੰਨਤੋੜ ਕਰਨ ਦੇ ਦੋਸ਼ ’ਚ ਸ਼ਿਵ ਸੈਨਾ ਦੇ 40 ਵਰਕਰਾਂ ਵਿਰੁਧ ਵੀ ਮਾਮਲਾ ਦਰਜ ਕੀਤਾ। ਸ਼ਿਵ ਸੈਨਾ ਦੇ ਕਈ ਵਰਕਰ ਐਤਵਾਰ ਰਾਤ ਨੂੰ ਹੋਟਲ ਯੂਨੀਕਾਨਟੀਨੈਂਟਲ ਦੇ ਬਾਹਰ ਇਕੱਠੇ ਹੋਏ, ਜਿੱਥੇ ਹੈਬੀਟੇਟ ਸਥਿਤ ਹੈ। ਪੁਲਿਸ ਨੇ ਦਸਿਆ ਕਿ ਉਨ੍ਹਾਂ ਨੇ ਕਥਿਤ ਤੌਰ ’ਤੇ ਸਟੂਡੀਓ ਅਤੇ ਹੋਟਲ ਕੰਪਲੈਕਸ ’ਚ ਭੰਨਤੋੜ ਕੀਤੀ। 

ਸ਼ਿਵ ਸੈਨਾ ਵਿਧਾਇਕ ਮੁਰਜੀ ਪਟੇਲ ਨੇ ਕਿਹਾ ਕਿ ਜੇਕਰ ਕਾਮਰਾ ਦੋ ਦਿਨਾਂ ਦੇ ਅੰਦਰ ਸ਼ਿੰਦੇ ਤੋਂ ਮੁਆਫੀ ਨਹੀਂ ਮੰਗਦੇ ਤਾਂ ਪਾਰਟੀ ਵਰਕਰ ਉਨ੍ਹਾਂ ਨੂੰ ਸੜਕਾਂ ’ਤੇ ਨਹੀਂ ਜਾਣ ਦੇਣਗੇ। ਸ਼ਿਵ ਸੈਨਾ-ਯੂ.ਬੀ.ਟੀ. ਆਗੂ ਆਦਿੱਤਿਆ ਠਾਕਰੇ ਨੇ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਵਰਕਰਾਂ ਦੀ ਭੰਨਤੋੜ ਲਈ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਹਾਲ ਹੀ ’ਚ ਇਕ ਪੋਡਕਾਸਟ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਆਲੋਚਨਾ ਲੋਕਤੰਤਰ ਦਾ ਜ਼ਰੂਰੀ ਹਿੱਸਾ ਹੈ। ਹਾਲਾਂਕਿ, ਭਾਜਪਾ ਦੇ ਸੱਤਾਧਾਰੀ ਗਠਜੋੜ ਭਾਈਵਾਲ ਦਾ ਵਿਵਹਾਰ ਮੋਦੀ ਦੇ ਬਿਆਨ ਦੇ ਉਲਟ ਹੈ।’’

ਸ਼ਿੰਦੇ ’ਤੇ ਕਾਮਰਾ ਦੀ ਟਿਪਣੀ ਤੋਂ ਬਾਅਦ ਪੈਦਾ ਹੋਏ ਵਿਵਾਦ ਕਾਰਨ ਸੋਮਵਾਰ ਨੂੰ ਰਾਜ ਵਿਧਾਨ ਸਭਾ ਦੇ ਦੋਹਾਂ ਸਦਨਾਂ ’ਚ ਕੁੱਝ ਸਮੇਂ ਲਈ ਮੁਲਤਵੀ ਕਰ ਦਿਤਾ ਗਿਆ। ਵਿਧਾਨ ਸਭਾ ’ਚ ਹੰਗਾਮਾ ਹੋਇਆ ਅਤੇ ਸ਼ਿਵ ਸੈਨਾ ਦੇ ਮੈਂਬਰਾਂ ਨੇ ਸ਼ਿੰਦੇ ’ਤੇ ‘ਗੱਦਾਰ’ ਟਿਪਣੀ ਕਰਨ ਲਈ ਸਟੈਂਡ-ਅੱਪ ਕਾਮੇਡੀਅਨ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ। ਵਿਧਾਨ ਪ੍ਰੀਸ਼ਦ ’ਚ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਕਾਰਵਾਈ 10 ਮਿੰਟ, 15 ਮਿੰਟ ਅਤੇ ਫਿਰ ਅੱਧੇ ਘੰਟੇ ਲਈ ਮੁਲਤਵੀ ਕਰ ਦਿਤੀ ਗਈ। 

ਸ਼ਿਵ ਸੈਨਾ-ਯੂ.ਬੀ.ਟੀ. ਆਗੂ ਊਧਵ ਠਾਕਰੇ ਨੇ ਸੋਮਵਾਰ ਨੂੰ ਕਿਹਾ ਕਿ ਕਾਮਰਾ ਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ। ਠਾਕਰੇ ਨੇ ਦਖਣੀ ਮੁੰਬਈ ’ਚ ਵਿਧਾਨ ਭਵਨ ’ਚ ਪੱਤਰਕਾਰਾਂ ਨੂੰ ਕਿਹਾ, ‘‘ਕਾਮਰਾ ਨੇ ਸਿਰਫ ਅਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਤੱਥ ਦੱਸੇ ਅਤੇ ਲੋਕਾਂ ਦੀ ਰਾਏ ਰੱਖੀ।’’ ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਯੋਗੇਸ਼ ਕਦਮ ਨੇ ਕਿਹਾ ਕਿ ਕਾਮਰਾ ਦੇ ਟਿਕਾਣੇ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਕਾਨੂੰਨ ਅਨੁਸਾਰ ਇਸ ਮਾਮਲੇ ਵਿਚ ਸਖਤ ਕਾਰਵਾਈ ਕੀਤੀ ਜਾਵੇਗੀ। 

ਕਾਮਰਾ ਦੀ ਟਿਪਣੀ ’ਤੇ ਵਿਵਾਦ ਦੇ ਵਿਚਕਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਅਤੇ ਸੰਵਿਧਾਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਅਤੇ ਉਨ੍ਹਾਂ ਦੀ ਗੱਲ ’ਤੇ ਨਜ਼ਰ ਰੱਖਣੀ ਚਾਹੀਦੀ ਹੈ। 

ਸ਼ਿੰਦੇ ਨੇ ਇਸ ਵਿਵਾਦ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ। ਸੰਤ ਤੁਕਾਰਾਮ ਦੇ ਨਾਂ ’ਤੇ ਇਕ ਪੁਰਸਕਾਰ ਪ੍ਰਾਪਤ ਕਰਨ ’ਤੇ ਉਨ੍ਹਾਂ ਨੂੰ ਵਧਾਈ ਦੇਣ ਵਾਲੇ ਮਤੇ ਦੇ ਜਵਾਬ ’ਚ ਸ਼ਿੰਦੇ ਨੇ ਕਿਹਾ ਕਿ ਇਹ ਪੁਰਸਕਾਰ ਸੂਬੇ ਦੇ ਲੋਕਾਂ ਦਾ ਹੈ ਅਤੇ ਉਹ ਇਸ ਨੂੰ ਉਨ੍ਹਾਂ ਨੂੰ ਸਮਰਪਿਤ ਕਰਦੇ ਹਨ। ਉਪ ਮੁੱਖ ਮੰਤਰੀ ਨੇ ਕਿਹਾ, ‘‘ਅਪਣੇ 40 ਸਾਲਾਂ ਦੇ ਲੰਮੇ ਸਿਆਸੀ ਸਫ਼ਰ ’ਚ, ਮੈਂ ਬਾਲਾ ਸਾਹਿਬ ਠਾਕਰੇ ਦੇ 80 ਫ਼ੀ ਸਦੀ ਸਮਾਜਕ ਕਾਰਜਾਂ ਅਤੇ 20 ਫ਼ੀ ਸਦੀ ਸਿਆਸਤ ਦੇ ਸਿਧਾਂਤ ਦੀ ਪਾਲਣਾ ਕੀਤੀ ਹੈ ਅਤੇ ਆਮ ਆਦਮੀ ਲਈ ਕੰਮ ਕਰਨਾ ਜਾਰੀ ਰੱਖਣ ਦਾ ਸੰਕਲਪ ਲਿਆ ਹੈ।’’

ਭੰਨਤੋੜ ਮਗਰੋਂ ਨਗਰ ਨਿਗਮ ਦੀ ਕਾਰਵਾਈ ਦਾ ਸ਼ਿਕਾਰ ਹੋਇਆ ਸਟੂਡੀਓ

ਇਸ ਦੌਰਾਨ ਮੁੰਬਈ ’ਚ ਪ੍ਰਦਰਸ਼ਨ ਅਤੇ ਪ੍ਰੋਗਰਾਮ ਸਥਾਨ ਹੈਬੀਟੇਟ ਸਟੂਡੀਓ ਨੇ ਐਲਾਨ ਕੀਤਾ ਕਿ ਉਹ ਸਟੂਡੀਓ ਬੰਦ ਕਰ ਰਹੇ ਹਨ। ਸ਼ਾਮ ਨੂੰ ਮੁੰਬਈ ਨਗਰ ਨਿਗਮ ਨੇ ਇਸ ਤੋਂ ਇਮਾਰਤੀ ਨਿਯਮਾਂ ਦੀ ਪਾਲਣ ਨਾ ਕਰਨ ਕਾਰਨ ਤੋੜ ਦਿਤਾ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦਸਿਆ ਕਿ ਹੋਟਲ ਦੇ ਬੇਸਮੈਂਟ ’ਚ ਬਣਾਏ ਗਏ ਸਟੂਡੀਓ ਦੇ ਅਸਥਾਈ ਸ਼ੈੱਡ ਅਤੇ ਹੋਰ ਢਾਂਚਿਆਂ ਨੂੰ ਢਾਹ ਦਿਤਾ ਗਿਆ ਹੈ। ਉਨ੍ਹਾਂ ਕਿਹਾ, ‘‘ਇਸ ਨੂੰ ਹਟਾ ਦਿਤਾ ਗਿਆ ਕਿਉਂਕਿ ਬੇਸਮੈਂਟ ’ਚ ਸਟੂਡੀਓ ਬਣਾਉਣ ਲਈ ਕੋਈ ਇਜਾਜ਼ਤ ਨਹੀਂ ਹੈ। ਬੀ.ਐਮ.ਸੀ. ਇਹ ਦੇਖਣ ਲਈ ਹੋਟਲ ਦੀ ਜਾਂਚ ਕਰੇਗੀ ਕਿ ਕੀ ਸਭ ਕੁਝ ਮਨਜ਼ੂਰ ਯੋਜਨਾ ਅਨੁਸਾਰ ਹੈ।’’

ਇਸ ਤੋਂ ਪਹਿਲਾਂ ਸਟੂਡੀਓ ਨੇ ਸੋਮਵਾਰ ਨੂੰ ਇਕ ਇੰਸਟਾਗ੍ਰਾਮ ਪੋਸਟ ਵਿਚ ਕਿਹਾ, ‘‘ਅਸੀਂ ਹਾਲ ਹੀ ਵਿਚ ਸਾਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਭੰਨਤੋੜ ਦੀਆਂ ਘਟਨਾਵਾਂ ਤੋਂ ਹੈਰਾਨ, ਚਿੰਤਤ ਅਤੇ ਬੇਹੱਦ ਟੁੱਟੇ ਹੋਏ ਹਾਂ।’’ ਸਟੂਡੀਓ ਨੇ ਕਿਹਾ ਕਿ ਕਲਾਕਾਰ ‘ਅਪਣੇ ਵਿਚਾਰਾਂ ਅਤੇ ਸਿਰਜਣਾਤਮਕ ਚੋਣਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ’ ਅਤੇ ਉਹ ਕਦੇ ਵੀ ਉਨ੍ਹਾਂ ਵਲੋਂ ਪੇਸ਼ ਕੀਤੀ ਗਈ ਸਮੱਗਰੀ ’ਚ ਸ਼ਾਮਲ ਨਹੀਂ ਹੋਏ ਹਨ। ਪਰ ਹਾਲ ਹੀ ਦੀਆਂ ਘਟਨਾਵਾਂ ਨੇ ਸਾਨੂੰ ਇਸ ਬਾਰੇ ਮੁੜ ਸੋਚਣ ਲਈ ਮਜ਼ਬੂਰ ਕਰ ਦਿਤਾ ਹੈ ਕਿ ਕਿਵੇਂ ਸਾਨੂੰ ਹਰ ਵਾਰ ਦੋਸ਼ੀ ਠਹਿਰਾਇਆ ਜਾਂਦਾ ਹੈ ਅਤੇ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਵੇਂ ਕਿ ਅਸੀਂ ਕਲਾਕਾਰ ਲਈ ਖੜੇ ਹਾਂ।’’ ਇਸ ਤੋਂ ਪਹਿਲਾਂ ਸੋਮਵਾਰ ਨੂੰ ਹੈਬੀਟੇਟ ਸਟੂਡੀਓ ਨੇ ਇਸ ਵੀਡੀਉ ਨਾਲ ਪ੍ਰੇਸ਼ਾਨ ਹੋਏ ਸਾਰੇ ਲੋਕਾਂ ਤੋਂ ਮੁਆਫੀ ਮੰਗੀ ਸੀ। 

ਹੈਬੀਟੇਟ ਸਟੂਡੀਓ, ਜਿੱਥੇ ਕਾਮਰਾ ਦਾ ਸ਼ੋਅ ਕੀਤਾ ਗਿਆ ਸੀ, ਉਹੀ ਸਥਾਨ ਹੈ ਜਿੱਥੇ ਵਿਵਾਦਪੂਰਨ ‘ਇੰਡੀਆਜ਼ ਗੌਟ ਲੇਟੇਂਟ’ ਸ਼ੋਅ ਫਿਲਮਾਇਆ ਗਿਆ ਸੀ ਅਤੇ ਪਿਛਲੇ ਮਹੀਨੇ ਵੱਡਾ ਵਿਵਾਦ ਹੋਇਆ ਸੀ।