ਹਿਮਾਚਲ ਪ੍ਰਦੇਸ਼ ਦੇ ਹੋਟਲ ਮਾਲਕ ਅਮਨ ਸੂਦ ਨੂੰ ਮਿਲੀ ਪੁਲਿਸ ਦੀ ਚੇਤਾਵਨੀ, ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਕਿਹਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਤ ਭਿੰਡਰਾਂਵਾਲਾ ਝੰਡਾ ਵਿਵਾਦ ’ਚ ਦਰਜ ਕਰਵਾਈ ਸੀ ਸ਼ਿਕਾਇਤ 

Aman Sood.

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਕਸਬੇ ’ਚ ਪੁਲਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵਾਲੇ ਝੰਡੇ ਅਪਣੇ ਮੋਟਰਸਾਈਕਲਾਂ ’ਤੇ ਲਗਾਉਣ ਦੇ ਦੋਸ਼ ’ਚ ਪੰਜਾਬ ਦੇ ਕੁੱਝ ਲੋਕਾਂ ਵਿਰੁਧ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਵਾਲੇ ਕੁਲੂ ਦੇ ਇਕ ਹੋਟਲ ਮਾਲਕ ਨੂੰ ਦੋਹਾਂ ਸੂਬਿਆਂ ਦਰਮਿਆਨ ਸਦਭਾਵਨਾ ਭੰਗ ਕਰਨ ਵਾਲੀਆਂ ਗਤੀਵਿਧੀਆਂ ’ਚ ਸ਼ਾਮਲ ਨਾ ਹੋਣ ਦੀ ਚੇਤਾਵਨੀ ਦਿਤੀ ਗਈ ਹੈ।

ਉਨ੍ਹਾਂ ਕਿਹਾ ਕਿ ਅਮਨ ਸੂਦ ਨੂੰ ਸੋਸ਼ਲ ਮੀਡੀਆ ’ਤੇ ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਹੋਣ ਅਤੇ ਇੰਟਰਵਿਊਆਂ ਅਤੇ ਨਵੇਂ ਚੈਨਲਾਂ ਜਾਂ ਬਹਿਸ ਪ੍ਰੋਗਰਾਮਾਂ ’ਚ ਹਿੱਸਾ ਲੈਣ ਵਿਰੁਧ ਚੇਤਾਵਨੀ ਦਿਤੀ ਗਈ ਹੈ। 

ਸੂਦ ਦੀ ਸ਼ਿਕਾਇਤ ’ਤੇ 15 ਮਾਰਚ ਨੂੰ ਅਣਪਛਾਤੇ ਵਿਅਕਤੀਆਂ ਵਿਰੁਧ ਧਾਰਾ 126 (2) (ਗਲਤ ਤਰੀਕੇ ਨਾਲ ਰੋਕਣਾ), 115 (2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 352 (ਜਾਣਬੁਝ ਕੇ ਅਪਮਾਨ ਕਰਨਾ), 351 (2) (ਅਪਰਾਧਕ ਧਮਕੀ) ਅਤੇ 3 (5) ਸੰਯੁਕਤ ਅਪਰਾਧਕ ਦੇਣਦਾਰੀ ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ, ਸੂਦ ਵਿਰੁਧ ਬੀ.ਐਨ.ਐਸ. ਦੀ ਧਾਰਾ 126 (2) (ਗਲਤ ਤਰੀਕੇ ਨਾਲ ਰੋਕਣਾ), 352 (ਜਾਣਬੁਝ ਕੇ ਅਪਮਾਨ), 351 (2) (ਅਪਰਾਧਕ ਧਮਕੀ) ਅਤੇ 353 (2) (ਜਨਤਕ ਸ਼ਰਾਰਤ ਨੂੰ ਭੜਕਾਉਣਾ) ਤਹਿਤ ਵੀ ਕੇਸ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਨੇ ਐਤਵਾਰ ਨੂੰ ਸੂਦ ਨੂੰ ਸਦਭਾਵਨਾ ਬਣਾਈ ਰੱਖਣ ਅਤੇ ਸਮਾਜ ਅਤੇ ਦੋਹਾਂ ਸੂਬਿਆਂ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਨੁਕਸਾਨਦੇਹ ਕੰਮਾਂ ’ਚ ਸ਼ਾਮਲ ਹੋਣ ਵਿਰੁਧ ਚੇਤਾਵਨੀ ਦਿਤੀ ਸੀ। 

ਪਿਛਲੇ ਹਫਤੇ ਕੁਲੂ ’ਚ ਪੰਜਾਬ ਦੇ ਮੋਟਰਸਾਈਕਲ ਸਵਾਰਾਂ ਵਲੋਂ ਸੰਤ ਭਿੰਡਰਾਂਵਾਲਾ ਦੇ ਝੰਡੇ ਲੈ ਕੇ ਜਾਣ ਅਤੇ ਸਥਾਨਕ ਲੋਕਾਂ ਨਾਲ ਝਗੜੇ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ ਅਤੇ ਉਨ੍ਹਾਂ ਦੀਆਂ ਵੀਡੀਉ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਪੰਜਾਬ ਦੇ ਹੁਸ਼ਿਆਰਪੁਰ, ਸਰਹੰਦ, ਖਰੜ ਅਤੇ ਅੰਮ੍ਰਿਤਸਰ ’ਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚ.ਆਰ.ਟੀ.ਸੀ.) ਦੀਆਂ ਬੱਸਾਂ ’ਚ ਭੰਨਤੋੜ ਕਰਨ ਅਤੇ ਬੱਸਾਂ ’ਤੇ ਸੰਤ ਭਿੰਡਰਾਂਵਾਲਾ ਦੇ ਪੋਸਟਰ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।

ਮਨੀਕਰਨ ਥਾਣੇ ਦੇ ਐਸ.ਐਚ.ਓ. ਵਲੋਂ ਸੂਦ ਨੂੰ ਜਾਰੀ ਨੋਟਿਸ ’ਚ ਕਿਹਾ ਗਿਆ ਹੈ, ‘‘ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਉਹ ਵੱਖ-ਵੱਖ ਸਮੂਹਾਂ ਦਰਮਿਆਨ ਦੁਸ਼ਮਣੀ ਨੂੰ ਉਤਸ਼ਾਹਤ ਕਰਨ ਵਾਲੀਆਂ ਗਤੀਵਿਧੀਆਂ ’ਚ ਸ਼ਾਮਲ ਸੀ ਅਤੇ ਅਜੇ ਵੀ ਅਜਿਹੇ ਕੰਮਾਂ ’ਚ ਰੁੱਝੇ ਹੋਏ ਹਨ... ਦੋ ਸੂਬਿਆਂ ’ਚ ਸਮਾਜ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰ ਰਹੇ ਹੋ, ਇਸ ਲਈ ਤੁਹਾਨੂੰ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਨਾ ਹੋਣ ਦੀ ਚੇਤਾਵਨੀ ਦਿਤੀ ਜਾਂਦੀ ਹੈ ਅਤੇ ਸਲਾਹ ਦਿਤੀ ਜਾਂਦੀ ਹੈ ਕਿ ਤੁਸੀਂ ਸੋਸ਼ਲ ਮੀਡੀਆ ਤੋਂ ਪਰਹੇਜ਼ ਕਰੋ, ਨਿਊਜ਼ ਚੈਨਲਾਂ ਨਾਲ ਕਿਸੇ ਵੀ ਇੰਟਰਵਿਊ ਵਿਚ ਹਿੱਸਾ ਨਾ ਲਓ।’’ 

ਸੂਦ ਨੂੰ ਮਨੀਕਰਨ ਘਾਟੀ ’ਚ ਜਨਤਕ ਸ਼ਾਂਤੀ ਅਤੇ ਧਾਰਮਕ ਸਦਭਾਵਨਾ ਨੂੰ ਭੰਗ ਕਰਨ ਦੀਆਂ ਘਟਨਾਵਾਂ ਦੇ ਮਾਮਲੇ ’ਚ ਕੁਲੂ ’ਚ ਸਬ-ਡਵੀਜ਼ਨਲ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਹੋਣ ਲਈ ਵੀ ਸੰਮਨ ਜਾਰੀ ਕੀਤਾ ਗਿਆ ਹੈ। ਸੂਦ ਨੇ ਅਪਣੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਜਦੋਂ ਉਹ ਅਪਣੀ ਪਤਨੀ ਅਤੇ ਡਰਾਈਵਰ ਰਮੇਸ਼ ਨਾਲ ਕੁਲੂ ਜਾ ਰਿਹਾ ਸੀ ਤਾਂ ਉਸ ਨੇ ਮਨੀਕਰਨ ਨੇੜੇ ਕੁੱਝ ਬਾਈਕ ਸਵਾਰਾਂ ਨੂੰ ਇਕ ਆਦਮੀ ਅਤੇ ਔਰਤ ਨਾਲ ਲੜਦੇ ਵੇਖਿਆ। 

ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੂੰ ਅਪਣੀਆਂ ਬਾਈਕਾਂ ਤੋਂ ਸੰਤ ਭਿੰਡਰਾਂਵਾਲਾ ਦੇ ਝੰਡੇ ਹਟਾਉਣ ਅਤੇ ਲੜਾਈ ਨਾ ਕਰਨ ਲਈ ਕਿਹਾ ਗਿਆ ਤਾਂ ਬਾਈਕ ਸਵਾਰ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ ਅਤੇ ਆਲੇ-ਦੁਆਲੇ ਦੇ ਲੋਕਾਂ ’ਤੇ ਤਲਵਾਰ ਅਤੇ ਡੰਡੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿਤਾ, ਜਿਸ ਕਾਰਨ ਰਮੇਸ਼ ਦੇ ਸਿਰ ’ਤੇ ਸੱਟ ਲੱਗ ਗਈ। 

ਹਮਲਾਵਰ ਭੂੰਤਰ ਵਲ ਭੱਜ ਗਏ, ਹਾਲਾਂਕਿ ਪੰਜਾਬ ਨੰਬਰ ਪਲੇਟ ਵਾਲੀ ਉਨ੍ਹਾਂ ਦੀ ਬਾਈਕ ਦੀ ਪਛਾਣ ਕੀਤੀ ਗਈ। ਸੂਦ ਨੇ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਇਸ ਸਬੰਧ ’ਚ ਡੀ.ਸੀ. ਕੁਲੂ ਰਾਹੀਂ ਸਰਕਾਰ ਨੂੰ ਇਕ ਮੰਗ ਪੱਤਰ ਵੀ ਭੇਜਿਆ ਸੀ।