'ਮੌਤ ਦੀ ਸਜ਼ਾ ਲਈ ਫ਼ਾਂਸੀ ਵਧੀਆ ਤਰੀਕਾ, ਜ਼ਹਿਰੀਲਾ ਟੀਕਾ ਜ਼ਿਆਦਾ ਅਣਮਨੁੱਖੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਸੂਮ ਬੱਚੀਆਂ ਨਾਲ ਬਲਾਤਕਾਰਾਂ ਦੇ ਮਾਮਲਿਆਂ ਵਿਚ ਦੋਸ਼ੀਆਂ ਲਈ ਫ਼ਾਂਸੀ ਦੀ ਸਜ਼ਾ ਦਾ ਪ੍ਰਬੰਧ ਕੀਤੇ ਜਾਣ 'ਤੇ ਬਹਿਸ ਅਜੇ ਵੀ ਜਾਰੀ ਹੈ। ਜਿੱਥੇ ...

alternative method of execution other than hanging central government fill counter

ਨਵੀਂ ਦਿੱਲੀ : ਮਾਸੂਮ ਬੱਚੀਆਂ ਨਾਲ ਬਲਾਤਕਾਰਾਂ ਦੇ ਮਾਮਲਿਆਂ ਵਿਚ ਦੋਸ਼ੀਆਂ ਲਈ ਫ਼ਾਂਸੀ ਦੀ ਸਜ਼ਾ ਦਾ ਪ੍ਰਬੰਧ ਕੀਤੇ ਜਾਣ 'ਤੇ ਬਹਿਸ ਅਜੇ ਵੀ ਜਾਰੀ ਹੈ। ਜਿੱਥੇ ਕੁੱਝ ਲੋਕ ਇਸ ਨੂੰ ਗ਼ਲਤ ਦਸ ਰਹੇ ਹਨ, ਉਥੇ ਹੀ ਜ਼ਿਆਦਾਤਰ ਇਸ ਦੇ ਹੱਕ ਵਿਚ ਹਨ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦਾਖ਼ਲ ਕੀਤੇ ਅਪਣੇ ਹਲਫ਼ਨਾਮੇ ਵਿਚ ਕਿਹਾ ਹੈ ਕਿ ਮੌਤ ਦੀ ਸਜ਼ਾ ਲਈ ਫ਼ਾਂਸੀ ਵਧੀਆ ਬਦਲ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਾਖ਼ਲ ਕਰ ਕੇ ਕਿਹਾ ਕਿ ਜ਼ਹਿਰ ਦੇ ਇੰਜੈਕਸ਼ਨ ਜ਼ਰੀਏ ਮੌਤ ਦੀ ਸਜ਼ਾ ਫ਼ਾਂਸੀ ਦੀ ਤੁਲਨਾ ਵਿਚ ਜ਼ਿਆਦਾ ਘਾਤਕ ਹੈ।

ਕੇਂਦਰ ਸਰਕਾਰ ਨੇ ਕਿਹਾ ਕਿ ਫ਼ਾਂਸੀ ਦੀ ਸਜ਼ਾ ਮੌਤ ਦੀ ਸਜ਼ਾ ਲਈ ਜਲਦੀ ਅਤੇ ਸੁਰੱਖਿਅਤ ਤਰੀਕਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਲੀਥਲ ਇੰਜੈਕਸ਼ਨ ਅਤੇ ਫਾਈਰਿੰਗ ਜ਼ਰੀਏ ਮੌਤ ਦੀ ਸਜ਼ਾ ਦੇਣਾ ਅਣਮਨੁੱਖੀ ਅਤੇ ਜ਼ਾਲਿਮਾਨਾ ਹੈ। ਕੇਂਦਰ ਸਰਕਾਰ ਨੇ ਇਹ ਵੀ ਕਿਹਾ ਕਿ ਫ਼ਾਂਸੀ ਦੀ ਸਜ਼ਾ ਸਿਰਫ਼ 'ਰੇਅਰੇਸਟ ਆਫ਼ ਰੇਅਰ' ਕੇਸ ਵਿਚ ਦਿਤੀ ਜਾਂਦੀ ਹੈ। 

ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਵਿਚ ਕਿਹਾ ਸੀ ਕਿ ਕਾਨੂੰਨ ਸਜ਼ਾ-ਏ-ਮੌਤ ਦੇ ਮਾਮਲੇ ਵਿਚ ਫ਼ਾਂਸੀ ਤੋਂ ਇਲਾਵਾ ਕੋਈ ਦੂਜਾ ਤਰੀਕਾ ਵੀ ਲੱਭ ਸਕਦਾ ਹੈ, ਜਿਸ ਵਿਚ ਮੌਤ ਸ਼ਾਂਤੀ ਵਿਚ ਹੋਵੇ, ਦਰਦ ਨਾਲ ਨਹੀਂ। ਸਦੀਆਂ ਤੋਂ ਇਹ ਕਿਹਾ ਜਾਂਦਾ ਰਿਹਾ ਹੈ ਕਿ ਦਰਦ ਰਹਿਤ ਮੌਤ ਦੀ ਕੋਈ ਬਰਾਬਰੀ ਨਹੀਂ ਹੈ। ਅਦਾਲਤ ਵੀ ਕਹਿੰਦੀ ਆਈ ਹੈ ਕਿ ਸਾਡਾ ਸੰਵਿਧਾਨ ਦਿਆਲੂ ਹੈ ਜੋ ਜੀਵਨ ਦੀ ਨਿਰਮਲਤਾ ਦੇ ਸਿਧਾਂਤ ਨੂੰ ਮੰਨਦਾ ਆਇਆ ਹੈ।

ਅਜਿਹੇ ਵਿਚ ਵਿਗਿਆਨਕ ਯੁੱਗ ਦੇ ਚਲਦਿਆਂ ਮੌਤ ਦਾ ਦੂਜਾ ਤਰੀਕਾ ਲੱਭਿਆ ਜਾਵੇ। ਐਡਵੋਕੇਟ ਜਨਰਲ ਨੂੰ ਕੇਸ ਵਿਚ ਮਦਦ ਕਰਨ ਲਈ ਕਿਹਾ ਗਿਆ ਸੀ। ਸੁਪਰੀਮ ਕੋਰਟ ਵਿਚ ਅਰਜ਼ੀ ਦਾਖ਼ਲ ਕਰ ਕੇ ਕਿਹਾ ਗਿਆ ਹੈ ਕਿ ਫ਼ਾਂਸੀ ਦੀ ਜਗ੍ਹਾ ਮੌਤ ਦੀ ਸਜ਼ਾ ਲਈ ਕਿਸੇ ਦੂਜੇ ਤਰੀਕੇ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਫ਼ਾਂਸੀ ਨੂੰ ਮੌਤ ਦਾ ਸਭ ਤੋਂ ਦਰਦਨਾਕ ਅਤੇ ਜ਼ਾਲਿਮਾਨਾ ਤਰੀਕਾ ਦਸਦੇ ਹੋਏ ਜ਼ਹਿਰ ਦਾ ਇੰਜੈਕਸ਼ਨ ਲਗਾਉਣ, ਗੋਲੀ ਮਾਰਨ, ਗੈਸ ਚੈਂਬਰ ਜਾਂ ਬਿਜਲੀ ਦੇ ਝਟਕੇ ਦੇਣ ਵਰਗੀ ਸਜ਼ਾ ਦੇਣ ਦੀ ਮੰਗ ਕੀਤੀ ਹੈ। 

ਅਰਜ਼ੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਫ਼ਾਂਸੀ ਨਾਲ ਮੌਤ ਵਿਚ 40 ਮਿੰਟ ਤਕ ਲਗਦੇ ਹਨ ਜਦਕਿ ਗੋਲੀ ਮਾਰਨ ਅਤੇ ਇਲੈਕਟ੍ਰਿਕ ਚੇਅਰ 'ਤੇ ਸਿਰਫ਼ ਕੁੱਝ ਮਿੰਟਾਂ ਵਿਚ ਮੌਤ ਹੋ ਜਾਂਦੀ ਹੈ। ਸੁਪਰੀਮ ਕੋਰਟ ਵਿਚ ਇਹ ਅਰਜ਼ੀ ਵਕੀਲ ਰਿਸ਼ੀ ਮਲਹੋਤਰਾ ਨੇ ਦਾਖ਼ਲ ਕੀਤੀ ਹੈ।