ਜਵਾਬੀ ਕਾਰਵਾਈ 'ਚ ਭਾਰਤੀ ਫ਼ੌਜ ਨੇ 5 ਪਾਕਿ ਫ਼ੌਜੀਆਂ ਨੂੰ ਕੀਤਾ ਹਲਾਕ, ਬੰਕਰ ਵੀ ਕੀਤੇ ਤਬਾਹ
ਸਰਹੱਦ 'ਤੇ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਹਰਕਤਾਂ ਲਗਾਤਾਰ ਜਾਰੀ ਹਨ, ਜਿਸ ਦਾ ਭਾਰਤੀ ਫ਼ੌਜ ਵਲੋਂ ਢੁਕਵਾਂ ਜਵਾਬ ਦਿਤਾ ਜਾਂਦਾ ਹੈ।
ਨਵੀਂ ਦਿੱਲੀ : ਸਰਹੱਦ 'ਤੇ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਹਰਕਤਾਂ ਲਗਾਤਾਰ ਜਾਰੀ ਹਨ, ਜਿਸ ਦਾ ਭਾਰਤੀ ਫ਼ੌਜ ਵਲੋਂ ਢੁਕਵਾਂ ਜਵਾਬ ਦਿਤਾ ਜਾਂਦਾ ਹੈ। ਹੁਣ ਵੀ ਬੀਤੇ ਦਿਨ ਸੋਮਵਾਰ ਨੂੰ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਭਾਰਤੀ ਚੌਕੀਆਂ 'ਤੇ ਗੋਲੀਬਾਰੀ ਕੀਤੀ ਸੀ, ਜਿਸ ਦਾ ਮੰਗਲਵਾਰ ਨੂੰ ਭਾਰਤੀ ਫ਼ੌਜ ਵਲੋਂ ਕਥਿਤ ਤੌਰ 'ਤੇ ਜਵਾਬ ਦਿਤਾ ਗਿਆ ਹੈ।
ਫ਼ੌਜ ਦੇ ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਭੱਟਲ ਇਲਾਕੇ ਵਿਚ ਪੰਜ ਪਾਕਿਸਤਾਨੀ ਫ਼ੌਜੀਆਂ ਨੂੰ ਹਲਾਕ ਕੀਤਾ ਗਿਆ ਹੈ। ਨਾਲ ਹੀ ਪਾਕਿਸਤਾਨੀ ਫ਼ੌਜ ਦੀਆਂ ਕਈ ਪੋਸਟਾਂ ਅਤੇ ਬੰਕਰ ਵੀ ਤਬਾਹ ਕਰ ਦਿਤੇ ਗਏ ਹਨ। ਫ਼ੌਜ ਦੇ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਪੁੰਛ ਵਿਚ ਸਰਹੱਦ 'ਤੇ ਕਾਰਵਾਈ ਵਿਚ ਪੰਜ ਪਾਕਿਸਤਾਨੀ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।
ਦਸ ਦਈਏ ਕਿ ਪਾਕਿਸਤਾਨੀ ਫ਼ੌਜੀਆਂ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨੇੜਲੀਆਂ ਬਸਤੀਆਂ ਅਤੇ ਮੋਹਰੀ ਚੌਕੀਆਂ 'ਤੇ ਗੋਲੀਬਾਰੀ ਕਰਦੇ ਹੋਏ ਜੰਗਬੰਦੀ ਦੀ ਉਲੰਘਣਾ ਕੀਤੀ ਸੀ। ਫ਼ੌਜ ਦੇ ਇਕ ਅਧਿਕਾਰੀ ਨੇ ਦਸਿਆ ਕਿ ਪਾਕਿਸਤਾਨੀ ਫ਼ੌਜ ਨੇ ਸੋਮਵਾਰ ਨੂੰ ਸ਼ਾਮ ਕਰੀਬ ਸਾਢੇ ਪੰਜ ਵਜੇ ਛੋਟੇ ਅਤੇ ਸਵੈਚਲਿਤ ਹਥਿਆਰਾਂ ਨਾਲ ਐਲਓਸੀ ਨੇੜੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਗੋਲੀਬਾਰੀ ਕੀਤੀ ਸੀ ਅਤੇ ਮੋਟਰਾਰ ਦਾਗ਼ੇ ਸਨ।
ਉਨ੍ਹਾਂ ਦਸਿਆ ਕਿ ਭਾਰਤੀ ਫ਼ੌਜ ਨੇ ਗੋਲਾਬਾਰੀ ਦਾ ਢੁਕਵਾਂ ਜਵਾਬ ਦਿਤਾ ਹੈ। ਇਸ ਸਾਲ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਵਿਚ ਕੌਮਾਂਤਰੀ ਸਰਹੱਦ ਅਤੇ ਐਲਓਸੀ ਨੇੜੇ ਜੰਗਬੰਦੀ ਦੇ ਉਲੰਘਣ ਦੀਆਂ ਘਟਨਾਵਾਂ ਵਿਚ ਕਾਫ਼ੀ ਵਾਧਾ ਹੋਇਆ ਹੈ ਪਰ ਭਾਰਤ ਵਲੋਂ ਪਾਕਿਸਤਾਨ ਦੀ ਹਰ ਵੱਡੀ ਕਾਰਵਾਈ ਦਾ ਮੂੰਹਤੋੜਵਾਂ ਜਵਾਬ ਦਿਤਾ ਜਾਂਦਾ ਹੈ।