ਪਰਉਪਕਾਰ 'ਚ ਜੁਟੇ ਮੁੰਬਈ ਦੇ ਗੁਰਦੁਆਰੇ, 550 ਕੈਂਸਰ ਰੋਗੀਆਂ ਦੇ ਠਹਿਰਨ ਹੋਵੇਗਾ ਪ੍ਰਬੰਧ
ਭਾਰਤ ਦੀ ਮੈਡੀਕਲ ਰਾਜਧਾਨੀ ਹੋਣ ਦੇ ਨਾਲ ਹੀ ਮੁੰਬਈ ਦਾਨੀ ਧਰਮੀਆਂ ਦੇ ਸ਼ਹਿਰ ਦੇ ਰੂਪ ਵਿਚ ਵੀ ਪ੍ਰਸਿੱਧ ਹੈ। ਦੇ਼ਸ ਦੇ ਦੂਰ ਦੂਰ ਤੋਂ ਲੋਕ ਕੈਂਸਰ ਅਤੇ ...
ਮੁੰਬਈ : ਭਾਰਤ ਦੀ ਮੈਡੀਕਲ ਰਾਜਧਾਨੀ ਹੋਣ ਦੇ ਨਾਲ ਹੀ ਮੁੰਬਈ ਦਾਨੀ ਧਰਮੀਆਂ ਦੇ ਸ਼ਹਿਰ ਦੇ ਰੂਪ ਵਿਚ ਵੀ ਪ੍ਰਸਿੱਧ ਹੈ। ਦੇ਼ਸ ਦੇ ਦੂਰ ਦੂਰ ਤੋਂ ਲੋਕ ਕੈਂਸਰ ਅਤੇ ਦੂਜੇ ਗੰਭੀਰ ਰੋਗਾਂ ਦੇ ਇਲਾਜ ਅਤੇ ਜ਼ਰੂਰੀ ਕੰਮਕਾਜ ਲਈ ਇਸ ਸ਼ਹਿਰ ਵਿਚ ਆਉਂਦੇ ਹਨ ਤਾਂ ਮੈਡੀਕਲ ਪ੍ਰਬੰਧ ਦੇ ਨਾਲ ਖਾਣ ਪੀਣ ਅਤੇ ਠਹਿਰਨ ਦੇ ਪ੍ਰਬੰਧ ਲਈ ਉਨ੍ਹਾਂ ਦਾ ਸਭ ਤੋਂ ਦਾਰੋਮਦਾਰ ਇੱਥੋਂ ਦੀਆਂ ਪਰਉਪਕਾਰੀ ਅਤੇ ਧਾਰਮਿਕ ਸੰਸਥਾਵਾਂ 'ਤੇ ਵੀ ਹੁੰਦਾ ਹੈ। ਮੁੰਬਈ ਦੇ ਗੁਰਦੁਆਰਿਆਂ ਦੁਆਰਾ ਇਸ ਸਬੰਧ ਵਿਚ ਨਿਭਾਈ ਜਾ ਰਹੀ ਭੂਮਿਕਾ ਸਬੰਧੀ ਅੱਜ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਨ।
ਇੱਥੋਂ ਦੀਆਂ ਸਹੂਲਤਾਂ ਤਾਂ ਹੋਟਲ ਵਰਗੀਆਂ ਹਨ। ਕੋਲਕੱਤਾ ਤੋਂ ਪਤੀ ਦੇ ਕੈਂਸਰ ਦੇ ਇਲਾਜ ਲਈ ਆਈ ਰੂੰਪਾ ਦਾਸ ਦਸਦੀ ਹੈ। ਦਾਦਰ ਦੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਰੋਡ ਸਥਿਤ ਸ੍ਰੀ ਗੁਰੂ ਸਿੰਘ ਸਭਾ ਦੇ ਮੁਸਾਫ਼ਰਖ਼ਾਨੇ ਵਿਚ ਠਹਿਰੇ ਕਈ ਹੋਰ ਲੋਕਾਂ ਦੇ ਵਿਚਾਰ ਉਨ੍ਹਾਂ ਦੇ ਵਰਗੇ ਹਨ। ਇਸ ਮੁਸਾਫ਼ਰਖ਼ਾਨੇ ਵਿਚ ਅਸੀਂ ਬਾਹਰ ਤੋਂ ਆਏ ਕੈਂਸਰ ਦੇ ਕਈ ਮਰੀਜ਼ ਦੇਖੇ ਜੋ ਅਪਣੇ ਨਾਤੇ-ਰਿਸ਼ਤੇਦਾਰਾਂ ਦੇ ਨਾਲ ਰਹਿ ਰਹੇ ਸਨ। ਸ੍ਰੀ ਗੁਰੂਸਿੰਘ ਸਭਾ ਦੇ ਗੁਰਦੁਆਰੇ ਦੇ ਮੁਫ਼ਤ ਲੰਗਰ (ਇਥੇ ਤਿੰਨ ਵਖ਼ਤ 350 ਲੋਕ ਖਾਣਾ ਖਾਂਦੇ ਹਨ) ਦੇ ਨਾਲ ਉਨ੍ਹਾਂ ਲਈ ਐਂਬੂਲੈਂਸ ਦਾ ਵੀ ਪ੍ਰਬੰਧ ਹੈ ਤਾਕਿ ਉਨ੍ਹਾਂ ਨੂੰ ਪਰੇਲ ਦੇ ਟਾਟਾ ਹਸਪਤਾਲ ਲਿਜਾਂਦਾ-ਲਿਜਾਇਆ ਜਾ ਸਕੇ।
ਸ੍ਰੀਗੁਰੂ ਸਿੰਘ ਸਭਾ ਘਾਟਕੋਪਰ ਦੇ ਪੰਤ ਨਗਰ ਗੁਰਦੁਆਰਾ ਸਮੇਤ ਮੁੰਬਈ ਦੇ ਛੇ ਸੱਤ ਗੁਰਦੁਆਰਿਆਂ ਵਿਚ ਕੈਂਸਰ ਰੋਗੀਆਂ ਅਤੇ ਉਨ੍ਹਾਂ ਦੇ ਸਬੰਧੀਆਂ ਲਈ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਹੈ। ਸ੍ਰੀ ਗੁਰੂਸਿੰਘ ਸਭਾ, ਮੁੰਬਈ ਦੇ ਪ੍ਰਧਾਨ ਸ. ਰਘਬੀਰ ਸਿੰਘ ਗਿੱਲ ਦਾ ਕਹਿਣਾ ਹੈ ਕਿ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਯੰਤੀ ਹੈ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ 550 ਕੈਂਸਰ ਰੋਗੀਆਂ ਦੇ ਠਹਿਰਨ ਦਾ ਪ੍ਰਬੰਧ ਕਰ ਸਕੀਏ। ਸਿੱਖਾਂ ਨੇ ਇਸ ਦੇ ਲਈ ਸਰਕਾਰ ਤੋਂ ਪੰਤ ਨਗਰ ਵਿਚ ਜਗ੍ਹਾ ਦੀ ਮੰਗ ਕੀਤੀ ਹੈ। ਮੁੰਬਈ ਦੇ ਕਈ ਗੁਰਦੁਆਰੇ ਅਜਿਹੇ ਹਨ, ਜਿਨ੍ਹਾਂ ਦੀਆਂ ਡਿਸਪੈਂਸਰੀਆਂ ਵਿਚ ਬਹੁਤ ਘੱਟ ਫ਼ੀਸ 'ਤੇ ਇਲਾਜ ਵੀ ਕਰਵਾਇਆ ਜਾ ਸਕਦਾ ਹੈ। ਦਸਮੇਸ਼ ਦਰਬਾਰ ਸਮੇਤ ਕੁੱਝ ਗੁਰਦੁਆਰਿਆਂ ਵਿਚ ਪੈਥਾਲੋਜੀ ਲੈਬ ਅਤੇ ਰਿਆਇਤੀ ਕੈਮਿਸਟ ਸ਼ਾਪ ਤੋਂ ਲੈ ਕੇ ਮਲਟੀਸਪੈਸ਼ਲਿਟੀ ਕਲੀਨਿਕ ਦੀ ਵੀ ਸਹੂਲਤ ਹੈ।
ਭਾਜਪਾ ਵਿਧਾਇਕ ਸ. ਤਾਰਾ ਸਿੰਘ ਜੋ ਨਾਂਦੇੜ ਦੇ ਗੁਰਦੁਆਰਾ ਸੱਚਖੰਡ ਬੋਰਡ ਦੇ ਮੁਖੀ ਵੀ ਹਨ, ਦਸਦੇ ਹਨ ਕਿ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨੀ ਪੰਜਾਬ ਤੋਂ ਸਿੱਖ ਜਦੋਂ ਮੁੰਬਈ ਵਿਚ ਆ ਕੇ ਵਸਣੇ ਸ਼ੁਰੂ ਹੋਏ ਤਾਂ ਮੁੰਬਈ ਵਿਚ ਗੁਰਦੁਆਰਿਆਂ ਦੇ ਨਿਰਮਾਣ ਵਿਚ ਤੇਜ਼ੀ ਆਈ। 1920 ਵਿਚ ਕੋਲਾਬਾ ਵਿਚ ਅੱਜ ਜਿੱਥੇ ਸ਼ੇਰੇ ਪੰਜਾਬ ਹੋਟਲ ਹੈ, ਸਿੱਖਾਂ ਨੇ ਅਪਣਾ ਪਹਿਲਾ ਗੁਰਦੁਆਰਾ ਬਣਾਇਆ। ਮੁੰਬਈ ਮੈਟਰੋਪੋਲਿਟਨ ਖੇਤਰ ਦੇ ਮੁੰਬਈ, ਠਾਣੇ ਜ਼ਿਲ੍ਹੇ ਅਤੇ ਨਵੀ ਮੁੰਬਈ ਵਿਚ ਸਿੱਖਾਂ ਦੇ ਅੱਜ ਕੁਲ ਮਿਲਾ ਕੇ 120 ਗੁਰਦੁਆਰੇ ਹਨ।