ਕਾਂਗਰਸ ਦੇ ਦਾਮਨ 'ਤੇ ਮੁਸਲਮਾਨਾਂ ਦੇ ਖ਼ੂਨ ਦੇ ਧੱਬੇ : ਖ਼ੁਰਸ਼ੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਰਟੀ ਨੇ ਬਿਆਨ ਤੋਂ ਕੀਤਾ ਕਿਨਾਰਾ

khursheed

ਸਾਬਕਾ ਵਿਦੇਸ਼ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਲਮਾਨ ਖ਼ੁਰਸ਼ੀਦ ਨੇ 'ਕਾਂਗਰਸ ਦੇ ਦਾਮਨ 'ਤੇ ਮੁਸਲਮਾਨਾਂ ਦੇ ਖ਼ੂਨ ਦੇ ਧੱਬੇ ਹਨ' ਕਹਿ ਕੇ ਅਪਣੀ ਪਾਰਟੀ ਲਈ ਨਵੀਆਂ ਮੁਸ਼ਕਲਾਂ ਪੈਦਾ ਕਰ ਦਿਤੀਆਂ ਹਨ। ਹਾਲਾਂਕਿ ਕਾਂਗਰਸ ਨੇ ਖੁਰਸ਼ੀਦ ਦੇ ਬਿਆਨ ਤੋਂ ਪੱਲਾ ਝਾੜ ਲਿਆ ਹੈ ਅਤੇ ਕਿਹਾ ਹੈ ਕਿ ਇਹ ਉਨ੍ਹਾਂ ਦੀ ਨਿਜੀ ਰਾਏ ਹੈ।ਜਦਕਿ ਖੁਰਸ਼ੀਦ ਦੇ ਬਿਆਨ 'ਤੇ ਕਾਂਗਰਸ ਨੂੰ ਘੇਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਕਿ ਖੁਰਸ਼ੀਦ ਦਾ ਬਿਆਨ ਆਜ਼ਾਦੀ ਤੋਂ ਬਾਅਦ ਤੋਂ 'ਵੰਡੋ ਅਤੇ ਰਾਜ ਕਰੋ' ਦੀ ਨੀਤੀ ਅਖਤਿਆਰ ਕਰਨ ਅਤੇ ਮੁਸਲਮਾਨਾਂ ਨੂੰ ਵੋਟ ਬੈਂਕ ਵਜੋਂ ਇਸਤੇਮਾਲ ਕਰਨ ਵਾਲੀ ਕਾਂਗਰਸ ਦਾ ਕਬੂਲਨਾਮਾ ਹੈ। ਪਾਰਟੀ ਨੇ ਕਿਹਾ ਕਿਹਾ ਇਹ ਦਾਗ਼ ਉਦੋਂ ਤਕ ਸਾਫ਼ ਨਹੀਂ ਹੋਣਗੇ ਜਦੋਂ ਤਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਲਈ ਦੇਸ਼ ਤੋਂ ਮਾਫ਼ੀ ਨਹੀਂ ਮੰਗਦੇ।ਖੁਰਸ਼ੀਦ ਨੇ ਕਲ ਅਲੀਗੜ੍ਹ ਮੁਸਲਿਮ ਯੂਨੀਵਰਸਟੀ (ਏ.ਐਮ.ਯੂ.) ਦੇ ਅੰਬੇਦਕਰ ਹਾਲ 'ਚ ਇਕ ਪ੍ਰੋਗਰਾਮ ਦੌਰਾਨ ਇਕ ਵਿਦਿਆਰਥੀ ਵਲੋਂ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਸੀ, ''ਇਹ ਸਿਆਸੀ ਸਵਾਲ ਹੈ। ਸਾਡੇ ਦਾਮਨ 'ਤੇ ਖ਼ੂਨ ਦੇ ਧੱਬੇ ਹਨ। ਕਾਂਗਰਸ ਦਾ ਮੈਂ ਵੀ ਹਿੱਸਾ ਹਾਂ ਤੇ ਮੈਂ ਮੰਨਦਾ ਹਾਂ ਕਿ ਸਾਡੇ ਦਾਮਨ 'ਤੇ ਖ਼ੂਨ ਦੇ ਧੱਬੇ ਹਨ।''
ਸਾਬਕਾ ਵਿਦੇਸ਼ ਮੰਤਰੀ ਨੂੰ ਆਮਿਰ ਨਾਮਕ ਵਿਦਿਆਰਥੀ ਨੇ ਪੁਛਿਆ ਸੀ, ''ਮਲਿਆਣਾ, ਹਾਸ਼ਿਮਪੁਰਾ, ਮੁਜੱਫ਼ਰਨਗਰ ਸਮੇਤ ਅਜਿਹੀਆਂ ਥਾਵਾਂ ਦੀ ਲੰਮੀ ਸੂਚੀ ਹੈ ਜਿੱਥੇ ਕਾਂਗਰਸ ਦੇ ਰਾਜ 'ਚ ਫ਼ਿਰਕੂ ਦੰਗੇ ਹੋਏ ਸਨ। ਉਸ ਤੋਂ ਬਾਅਦ ਬਾਬਰੀ ਮਸਜਿਦ ਦਾ ਤਾਲਾ ਖੁਲ੍ਹਣਾ ਅਤੇ ਫਿਰ ਉਸ ਦੀ ਸ਼ਹਾਦਤ, ਜੋ ਕਾਂਗਰਸ ਦੀ ਸਰਕਾਰ ਹੁੰਦਿਆਂ ਹੀ ਹੋਈ। ਕਾਂਗਰਸ ਦੇ ਦਾਮਨ 'ਤੇ ਮੁਸਲਮਾਨਾਂ ਦੇ ਇਨ੍ਹਾਂ ਸਾਰੇ ਧੱਬਿਆਂ ਨੂੰ ਤੁਸੀਂ ਕਿਨ੍ਹਾਂ ਸ਼ਬਦਾਂ ਜ਼ਰੀਏ ਧੋਵੋਗੇ।'' 

ਜਵਾਬ 'ਚ ਖੁਰਸ਼ੀਦ ਨੇ ਕਿਹਾ ਕਿ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਿਉਂਕਿ ਸਾਡੇ ਸਾਡੇ ਦਾਮਨ 'ਤੇ ਖ਼ੂਨ ਦੇ ਧੱਬੇ ਹਨ ਇਸ ਲਈ ਸਾਨੂੰ ਤੁਹਾਡੇ ਉੱਪਰ ਹੋਣ ਵਾਲੇ ਵਾਰ ਨੂੰ ਅੱਗੇ ਵੱਧ ਕੇ ਨਹੀਂ ਰੋਕਣਾ ਚਾਹੀਦਾ।ਉਨ੍ਹਾਂ ਪ੍ਰਸ਼ਨਕਰਤਾ ਵਲ ਇਸ਼ਾਰਾ ਕਰਦਿਆਂ ਕਿਹਾ, ''ਅਸੀਂ ਇਹ ਧੱਬੇ ਵਿਖਾਵਾਂਗੇ ਤਾਕਿ ਤੁਸੀਂ ਸਮਝੋ ਕਿ ਇਹ ਧੱਬੇ ਸਾਡੇ 'ਤੇ ਲੱਗੇ ਹਨ, ਪਰ ਇਹ ਧੱਬੇ ਤੁਹਾਡੇ 'ਤੇ ਨਾ ਲੱਗਣ। ਸਾਡੇ ਇਤਿਹਾਸ ਤੋਂ ਸਿਖੋ ਅਤੇ ਸਮਝੋ। ਅਪਣਾ ਹਸ਼ਰ ਅਜਿਹਾ ਨਾ ਕਰੋ ਕਿ ਤੁਸੀਂ 10 ਸਾਲ ਬਾਅਦ ਅਲੀਗੜ੍ਹ ਯੂਨੀਵਰਸਟੀ ਆਉ ਅਤੇ ਤੁਹਾਨੂੰ ਵੀ ਅਜਿਹਾ ਸਵਾਲ ਪੁੱਛਣ ਵਾਲਾ ਕੋਈ ਮਿਲੇ।''
ਖੁਰਸ਼ੀਦ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਦੀ ਪਾਰਟੀ ਦੇ ਬੁਲਾਰੇ ਪੀ.ਐਲ. ਪੂਨੀਆ ਨੇ ਕਿਹਾ, ''ਸਲਮਾਨ ਖ਼ੁਰਸ਼ੀਦ ਪਾਰਟੀ ਦੇ ਸੀਨੀਅਰ ਆਗੂ ਹਨ ਪਰ ਜਿਥੋਂ ਤਕ ਉਨ੍ਹਾਂ ਦੇ ਬਿਆਨ ਦਾ ਸਵਾਲ ਹੈ ਤਾਂ ਕਾਂਗਰਸ ਉਸ ਤੋਂ ਪੂਰੀ ਤਰ੍ਹਾਂ ਅਸਹਿਮਤ ਹੈ। ਇਹ ਉਨ੍ਹਾਂ ਦਾ ਨਿਜੀ ਵਿਚਾਰ ਹੈ ਅਤੇ ਕਾਂਗਰਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ।''
ਜ਼ਿਕਰਯੋਗ ਹੈ ਕਿ ਬੀਤੇ ਕੁੱਝ ਦਿਨਾਂ 'ਚ ਇਹ ਦੂਜਾ ਮੌਕਾ ਹੈ ਜਦੋਂ ਖੁਰਸ਼ੀਦ ਕਾਂਗਰਸ ਪਾਰਟੀ ਦੀ ਲਾਈਨ ਤੋਂ ਵੱਖ ਦਿਸੇ ਹਨ। ਇਸ ਤੋਂ ਪਹਿਲਾਂ ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਵਿਰੁਧ ਰਾਜ ਸਭਾ 'ਚ ਮਹਾਂਦੋਸ਼ ਮਤਾ ਪੇਸ਼ ਕਰਨ ਦੌਰਾਨ ਵੀ ਉਨ੍ਹਾਂ ਪਾਰਟੀ ਤੋਂ ਖ਼ੁਦ ਨੂੰ ਵੱਖ ਕਰ ਲਿਆ ਸੀ। ਭਾਜਪਾ ਦੇ ਸੀਨੀਅਰ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਹੈ ਕਿ ਕਾਂਗਰਸ ਨੇ ਘੱਟਗਿਣਤੀਆਂ, ਖ਼ਾਸ ਕਰ ਕੇ ਮੁਸਲਮਾਨਾਂ ਨੂੰ ਵੋਟਬੈਂਕ ਵਜੋਂ ਪ੍ਰਯੋਗ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਆਜ਼ਾਦੀ ਮਗਰੋਂ ਦੇਸ਼ਭਰ 'ਚ ਦੰਗੇ ਕਰਵਾਏ ਅਤੇ ਇਸ ਤੋਂ ਬਾਅਦ ਵੀ ਇਹ ਪਾਰਟੀ ਧਰਮਨਿਰਪੱਖ ਹੋਣ ਦਾ ਦਾਅਵਾ ਕਰਦੀ ਹੈ।  (ਪੀਟੀਆਈ)