ਇਕ ਸਾਲ ਤੋਂ ਸ੍ਰੀਨਗਰ 'ਚ ਰਹਿ ਰਿਹਾ ਪਾਕਿ ਅਤਿਵਾਦੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ (ਪੰਜਾਬ) ਦੇ ਮਿਆਂਵਲੀ ਦਾ ਰਹਿਣ ਵਾਲਾ ਹੈ ਮੁਹੰਮਦ ਵਕਾਰ

Pakistani Terrorist arrested in Baramulla

ਸ੍ਰੀਨਗਰ : ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਇਕ ਪਾਕਿਸਤਾਨ ਅਤਿਵਾਦੀ ਨੂੰ ਜ਼ਿੰਦਾ ਫੜਨ 'ਚ ਕਾਮਯਾਬੀ ਹਾਸਲ ਕੀਤੀ ਹੈ। ਬਾਰਾਮੁੱਲਾ ਦੇ ਐਸ.ਐਸ.ਪੀ. ਅਬਦੁਲ ਕਯੂਮ ਨੇ ਦੱਸਿਆ ਕਿ ਫੜੇ ਗਏ ਅਤਿਵਾਦੀ ਦੀ ਪਛਾਣ ਮੁਹੰਮਦ ਵਕਾਰ ਵਜੋਂ ਹੋਈ ਹੈ। ਉਹ ਪਾਕਿਸਤਾਨ (ਪੰਜਾਬ) ਦੇ ਮਿਆਂਵਲੀ ਦਾ ਰਹਿਣ ਵਾਲਾ ਹੈ। ਉਸ ਨੇ ਜੁਲਾਈ 2017 'ਚ ਭਾਰਤੀ ਸਰਹੱਦ ਪਾਰ ਕੀਤੀ ਸੀ। ਉਸ ਨੂੰ ਬਾਰਾਮੁੱਲਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਸਥਾਨਕ ਨੌਜਵਾਨਾਂ ਨੂੰ ਅਤਿਵਾਦੀ ਸੰਗਠਨਾਂ 'ਚ ਭਰਤੀ ਕਰਨ ਦੀ ਗਿਣਤੀ ਘਟਦੀ ਜਾ ਰਹੀ ਹੈ। ਇਸ ਇਕ ਵਧੀਆ ਸੰਕੇਤ ਹੈ। ਸਾਲ 2018 ਦੌਰਾਨ ਸੂਬੇ 'ਚ 272 ਅਤਿਵਾਦੀਆਂ ਨੂੰ ਮਾਰਿਆ ਗਿਆ ਅਤੇ ਵੱਡੀ ਗਿਣਤੀ 'ਚ ਗ੍ਰਿਫ਼ਤਾਰ ਕੀਤੇ ਗਏ।

15 ਕੋਰਪ ਦੇ ਕਮਾਂਡਿੰਗ ਜਨਰਲ ਅਫ਼ਸਰ ਕੇ.ਜੇ.ਐਸ. ਢਿੱਲਨ ਨੇ ਕਿਹਾ, "ਅਤਿਵਾਦੀਆਂ ਵਿਰੁੱਧ ਕਾਰਵਾਈ ਪੂਰੇ ਜੋਸ਼ ਨਾਲ ਜਾਰੀ ਰਹੇਗੀ ਅਤੇ ਅਸੀ ਅਤਿਵਾਦ ਨੂੰ ਵਧਣ ਨਹੀਂ ਦਿਆਂਗੇ। ਇਸ ਸਾਲ ਕੁਲ 69 ਅਤਿਵਾਦੀ ਮਾਰੇ ਗਏ ਅਤੇ 12 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਵਾਮਾ ਹਮਲੇ ਤੋਂ ਬਾਅਦ 41 ਅਤਿਵਾਦੀ ਮਾਰੇ ਗਏ ਅਤੇ ਉਨ੍ਹਾਂ 'ਚੋਂ 25 ਜੈਸ਼-ਏ-ਮੁਹੰਮਦ ਦੇ ਸਨ, ਜਿਨ੍ਹਾਂ 'ਚੋਂ 13 ਪਾਕਿਸਤਾਨੀ ਸਨ।"