ਕੋਵਿਡ 19 ਕਾਰਨ ਗਲੋਬਲ ਅਰਥਵਿਵਸਥਾ 'ਚ ਆਵੇਗੀ 3.9 ਫ਼ੀ ਸਦੀ ਦੀ ਗਿਰਾਵਟ : ਫਿਚ
ਰੇਟਿੰਗ ਏਜੰਸੀ ਫਿਚ ਨੇ ਕੋਰੋਨਾ ਵਾਇਰਸ ਦੇ ਕਾਰਨ ਆਉਣ ਵਾਲੀ ਮੰਦੀ ਨੂੰ 'ਬੇਜੋੜ' ਦੱਸਦੇ ਹੋਏ ਅਪਣੇ ਗਲੋਬਲ ਵਿਕਾਸ ਦਰ ਦੇ ਅੰਦਾਜੇ 'ਚ ਭਾਰੀ ਕਟੌਤੀ ਕੀਤੀ ਹੈ।
ਮੁੰਬਈ, 23 ਅਪ੍ਰੈਲ : ਰੇਟਿੰਗ ਏਜੰਸੀ ਫਿਚ ਨੇ ਕੋਰੋਨਾ ਵਾਇਰਸ ਦੇ ਕਾਰਨ ਆਉਣ ਵਾਲੀ ਮੰਦੀ ਨੂੰ 'ਬੇਜੋੜ' ਦੱਸਦੇ ਹੋਏ ਅਪਣੇ ਗਲੋਬਲ ਵਿਕਾਸ ਦਰ ਦੇ ਅੰਦਾਜੇ 'ਚ ਭਾਰੀ ਕਟੌਤੀ ਕੀਤੀ ਹੈ। ਫਿਚ ਦਾ ਅੰਦਾਜਾ ਹੈ ਕਿ 2020 'ਚ ਗਲੋਬਲ ਅਰਥਵਿਵਸਥਾ 'ਚ 3.9 ਫ਼ੀ ਸਦੀ ਦੀ ਭਾਰੀ ਗਿਰਾਵਟ ਆਏਗੀ।
ਫਿਚ ਨੇ ਕਿਹਾ ਕਿ ਗਲੋਬਲ ਅਰਥਵਿਵਸਥਾ 'ਚ ਭਾਰੀ ਗਿਰਾਵਟ ਦਾ ਮੁੱਖ ਕਾਰਨ ਚੀਨ ਅਤੇ ਭਾਰਤ ਸਮੇਤ ਏਸ਼ੀਆ ਦੀ ਅਰਥਵਿਵਸਥਾ 'ਚ ਵੱਡੀ ਗਿਰਾਵਟ ਰਹੇਗੀ। ਚੀਨ ਅਤੇ ਭਾਰਤ ਦੋਨਾਂ ਦੀ ਵਿਕਾਸ ਦਰ ਇਸ ਸਾਲ ਇਕ ਫ਼ੀ ਸਦੀ ਤੋਂ ਘੱਟ ਰਹਿਣ ਦਾ ਅੰਦਾਜਾ ਹੈ।
ਫ਼ਿਚ ਨੇ ਕਿਹਾ ਕਿ ਦੁਨੀਆ ਦੀ ਕਈ ਵੱਡੀ ਅਰਥਵਿਵਸਥਾਵਾਂ ਨੇ ਲਾਕਡਾਊਨ ਨੂੰ ਵਧਾ ਕੇ 8-9 ਹਫ਼ਤੇ ਕਰ ਦਿਤਾ ਹੈ। ਪਹਿਲਾਂ ਇਸ ਦੇ ਕਰੀਬ ਪੰਜ ਹਫ਼ਤੇ ਰਹਿਣ ਦਾ ਅੰਦਾਜਾ ਸੀ। ਫਿਚ ਨੇ ਕਿਹਾ ਕਿ ਇਕ ਹੋਰ ਮਹੀਨੇ ਦੇ ਬੰਦ ਨਾਲ ਸਾਲਾਨਾ ਆਧਾਰ 'ਤੇ ਆਮਦਨ ਦਾ ਵਹਾਅ ਕਰੀਬ ਦੋ ਫ਼ੀ ਸਦੀ ਘੱਟ ਜਾਵੇਗਾ।
ਫਿਚ ਦੇ ਮੁੱਖ ਅਰਥਸ਼ਾਸਤਰੀ ਬ੍ਰਾਇਨ ਕੁਲਟਨ ਨੇ ਕਿਹਾ, ''2020 'ਚ ਜੀਡੀਪੀ ਦੀ ਵਿਕਾਸ ਦਰ 'ਚ 3.9 ਫ਼ੀ ਸਦੀ ਦੀ ਗਿਰਾਵਟ ਆਵੇਗੀ। ਗਲੋਬਲ ਅਰਥਵਿਵਸਥਾ ਢੂੰਘੀ ਮੰਦੀ 'ਚ ਹੋਵੇਗੀ।''
ਉਨ੍ਹਾਂ ਕਿਹਾ ਕਿ ਇਹ ਅਪ੍ਰੈਲ ਦੀ ਸ਼ੁਰੂਆਤ 'ਚ ਲਗਾਏ ਗਏ ਸਾਡੇ ਅੰਦਾਜੇ ਦੇ ਮੁਕਾਬਲੇ ਗਲੋਬਲ ਅਰਥਵਿਵਸਥਾ 'ਚ ਦੁਗੱਣੀ ਗਿਰਾਵਟ ਹੋਵੇਗੀ। ਇਸ ਦੇ ਇਲਾਵਾ ਇਹ 2009 ਦੀ ਤੁਲਨਾ 'ਚ ਦੁੱਗਣੀ ਢੂੰਘੀ ਮੰਦੀ ਦੀ ਸਥਿਤੀ ਹੋਵੇਗੀ। ਰੀਪੋਰਟ 'ਚ ਉਭਰਦੀ ਅਰਥਵਿਵਸਥਾ ਲਈ ਵੀ ਅੰਦਾਜੇ 'ਚ ਜ਼ਿਕਰਯੋਗ ਕਟੌਤੀ ਕੀਤੀ ਗਈ ਹੈ। ਇਸ ਦੇ ਕਾਰਨ ਏਸ਼ੀਆ ਦੇ ਵਿਕਾਸ ਦੇ ਇੰਜਨਾਂ ਚੀਨ ਅਤੇ ਭਾਰਤ 'ਚ ਵਿਕਾਸ ਦਰ ਇਕ ਫ਼ੀ ਸਦੀ ਤੋਂ ਘੱਟ ਰਹਿਣ ਦੇ ਅਨੁਮਾਨ ਹਨ। ਰੀਪੋਰਟ 'ਚ ਕਿਹਾ ਗਿਆ ਹੈ ਕਿ ਜਿਹੜੀਆਂ ਕੀਮਤਾਂ 'ਚ ਗਿਰਾਵਟ, ਪੂੰਜੀ ਦੀ ਨਿਕਾਸੀ ਅਤੇ ਨੀਤੀਗਤ ਮੋਰਚੇ 'ਤੇ ਸੀਮਤ ਲਚੀਲੇਪਨ ਦੀ ਗੁੰਜਾਇਸ਼ ਦੇ ਕਾਰਨ ਇਹ ਮੁਸ਼ਕਲ ਹੋਰ ਵੱਧ ਰਹੀ ਹੈ। (ਪੀਟੀਆਈ)
ਲਾਕਡਾਊਨ ਕਾਰਨ ਯੂਰੋਪ ਦੀ ਅਰਥਵਿਵਸਥਾ 20 ਸਾਲ ਦੇ ਸੱਭ ਤੋਂ ਹੇਠਲੇ ਪੱਧਰ 'ਤੇ
ਲੰਡਨ, 23 ਅਪ੍ਰੈਲ : ਆਰਥਿਕ ਅੰਕੜਿਆਂ ਦਾ ਸਰਵੇਖਣ ਕਰਨ ਵਾਲੀ ਏਜੰਸੀ ਆਈਐਚਐਸ ਮਾਰਕਿਟ ਮੁਤਾਬਕ ਲਾਕਡਾਊਨ ਕਾਰਨ ਯੂਰੋਪ ਦੇ 19 ਦੇਸ਼ਾਂ ਦੇ ਸਮੂਹ 'ਯੂਰੋਜੋਨ' ਦੀ ਅਰਥਵਿਵਸਥਾ 'ਚ ਪ੍ਰਤੀ ਤਿਮਾਹੀ 7.5 ਫ਼ੀ ਸਦੀ ਦੀ ਦਰ ਨਾਲ ਗਿਰਾਵਟ ਆ ਰਹੀ ਹੈ। ਆਈਐਚਐਚਸ ਮਾਰਕਿਟ ਨੇ ਵੀਰਵਾਰ ਨੂੰ ਕਿਹਾ ਕਿ ਯੂਰੋਜੋਨ ਦਾ ਖਰੀਦ ਪ੍ਰਬੰਧ ਇੰਡੈਕਸ (ਪੀਐਮਆਈ) ਅਪ੍ਰੈਲ 'ਚ ਡਿੱਗ ਕੇ 13.5 ਦੇ ਘੱਟੋ ਘੱਟ ਪੱਧਰ 'ਤੇ ਆ ਗਿਆ। ਇਸ ਤੋਂ ਪਹਿਲਾਂ ਮਾਰਚ 'ਚ ਪੀਐਮਆਈ 29.7 ਰਿਹਾ ਸੀ। ਇਹ 20 ਸਾਲ ਦੇ ਵੱਧ ਸਮੇਂ ਦਾ ਸੱਭ ਤੋਂ ਹੇਠਲਾ ਪੱਧਰ ਹੈ।
ਸਾਲ 2009 ਦੇ ਗਲੋਬਲ ਵਿੱਤੀ ਸੰਕਟ ਦੇ ਦੌਰਾਨ ਪੀਐਮਆਈ ਦਾ ਘੱਟੋ ਘੱਟ ਪੱਧਰ 36.2 ਸੀ। ਪੀਐਮਆਈ ਦਾ 50 ਤੋਂ ਘੱਟ ਰਹਿਣਾ ਆਰਥਕ ਗਤੀਵਿਧੀਆਂ 'ਚ ਗਿਰਾਵਟ ਦਾ ਸੰਕੇਤ ਮੰਨਿਆ ਜਾਂਦਾ ਹੈ। ਅਪ੍ਰੇਲ 'ਚ ਪੀਐਮਆਈ ਦੇ ਸਿਰਫ਼ 13.5 ਰਹਿਣ ਨਾਲ ਪਤਾ ਚਲਦਾ ਹੈ ਕਿ ਯੂਰੋਜੋਨ 'ਚ ਵੱਡੀ ਗਿਰਾਵਟ ਆਉਣ ਵਾਲੀ ਹੈ। ਪੀਐਮਆਈ ਸਰਵੇ ਮੁਤਾਬਕ ਲਾਕਡਾਊਨ ਕਾਰਨ ਸੇਵਾ ਖੇਤਰ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਇਆ ਹੈ। ਹੋਟਲਾਂ ਤੋਂ ਲੈ ਕੇ ਯਾਤਰਾ ਅਤੇ ਸੈਰ ਸਪਾਟਾ ਵਰਗੇ ਖੇਤਰ ਬਦਹਾਲ ਹੋ ਗਏ ਹਨ। ਗਲੋਬਲ ਮੰਗ ਘੱਟ ਹੋਣ ਅਤੇ ਸਪਲਾਈ ਦੇ ਰੁਕੇ ੋਹੋਣ ਕਾਰਨ ਨਿਰਮਾਣ ਖੇਤਰ ਵੀ ਪ੍ਰਭਾਵਤ ਹੋ ਚੁੱਕਾ ਹੈ। ਇਸ ਦੇ ਕਾਰਨ ਆਉਣ ਵਾਲੇ ਸਮੇਂ 'ਚ ਯੂਰੋਜੋਨ 'ਚ ਬੇਰੁਜ਼ਗਾਰੀ ਦੇ ਤੇਜੀ ਨਾਲ ਵੱਧਣ ਦਾ ਖਦਸ਼ਾ ਹੈ। (ਪੀਟੀਆਈ)