ਅਰਨਬ ਗੋਸਵਾਮੀ ਤੇ ਉਸ ਦੇ ਟੀਵੀ ਚੈਨਲ ਵਿਰੁਧ ਕਾਰਵਾਈ ਹੋਵੇ : ਕਾਂਗਰਸ
ਕਾਂਗਰਸ ਨੇ ਦੋਸ਼ ਲਾਇਆ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਬਾਰੇ ਅਪਣੇ ਪ੍ਰੋਗਰਾਮ ਵਿਚ ਟਿਪਣੀ ਕਰਨ ਵਾਲੇ ਚੈਨਲ ਦੇ ਸੰਪਾਦਕ ਅਰਨਬ ਗੋਸਵਾਮੀ ਦੀ ਭਾਜਪਾ
ਨਵੀਂ ਦਿੱਲੀ, 23 ਅਪ੍ਰੈਲ: ਕਾਂਗਰਸ ਨੇ ਦੋਸ਼ ਲਾਇਆ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਬਾਰੇ ਅਪਣੇ ਪ੍ਰੋਗਰਾਮ ਵਿਚ ਟਿਪਣੀ ਕਰਨ ਵਾਲੇ ਚੈਨਲ ਦੇ ਸੰਪਾਦਕ ਅਰਨਬ ਗੋਸਵਾਮੀ ਦੀ ਭਾਜਪਾ ਦੁਆਰਾ ਹਮਾਇਤ ਕਰਨਾ ਉਸ ਦੀ ਹੋਛੀ ਮਾਨਸਿਕਤਾ ਨੂੰ ਵਿਖਾਉਂਦਾ ਹੈ। ਪਾਰਟੀ ਦੇ ਤਰਜਮਾਨ ਅਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਚਿੱਠੀ ਲਿਖ ਕੇ ਗੋਸਵਾਮੀ ਅਤੇ ਉਸ ਦੇ ਟੀਵੀ ਚੈਲਲ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਸੁਸ਼ਮਿਤਾ ਨੇ ਕਿਹਾ ਕਿ ਇਸ ਪੱਤਰਕਾਰ ਨੇ ਪ੍ਰਸਾਰਣ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਵਿਵਾਦ ਬਾਰੇ ਪੁੱਛੇ ਜਾਣ 'ਤੇ ਕਿਹਾ, 'ਇਕ ਸੰਪਾਦਕ ਨੇ ਜੋ ਟਿਪਣੀ ਕੀਤੀ ਹੈ, ਉਹ ਉਸ ਦੀ ਮਾਨਸਿਕਤਾ ਨੂੰ ਵਿਖਾਉਂਦੀ ਹੈ ਪਰ ਭਾਜਪਾ ਦਾ ਉਸ ਦੀ ਹਮਾਇਤ ਕਰਨਾ ਉਸ ਦੀ ਹੋਛੀ ਮਾਨਸਿਕਤਾ ਹੈ।' ਉਨ੍ਹਾਂ ਕਿਹਾ, 'ਸੋਨੀਆ ਗਾਂਧੀ 52 ਸਾਲ ਤੋਂ ਭਾਰਤ ਨੂੰ ਅਪਣਾ ਵਤਨ ਮੰਨ ਕੇ ਅਤੇ ਬਿਨਾਂ ਕੋਈ ਅਹੁਦਾ ਲਏ ਦੇਸ਼ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਬਾਰੇ ਟਿਪਣੀ ਕਰਨਾ ਅਪਮਾਨ ਹੀ ਨਹੀਂ ਸਗੋਂ ਭਾਰਤੀ ਸਭਿਆਚਾਰ ਦਾ ਅਪਮਾਨ ਹੈ ਜਿਥੇ ਔਰਤਾਂ ਦੇ ਸਨਮਾਨ ਨੂੰ ਅਹਿਮੀਅਤ ਦਿਤੀ ਜਾਂਦੀ ਹੈ।' (ਏਜੰਸੀ)