ਨਵਜੋਤ ਸਿੱਧੂ ਨੇ ਅਪਣੇ ਯੂ-ਟਿਊਬ ਚੈਨਲ 'ਤੇ ਖੋਲ੍ਹੇ ਨਵੇਂ ਭੇਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਦੋਂ ਕੋਰੋਨਾ ਵਿਰੁਧ ਜੰਗ ਸ਼ੁਰੂ ਹੋਈ ਤਾਂ ਉਸ ਰਾਤ ਮੇਰੀ ਜ਼ਿੰਦਗੀ ਬਦਲ ਗਈ

File Photo

ਨਵੀਂ ਦਿੱਲੀ, 23 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਨਵਜੋਤ ਸਿੰਘ ਸਿੱਧੂ ਨੇ ਅਪਣੇ ਯੂ-ਟਿਊਬ ਚੈਨਲ ਜਿੱਤੇਗਾ ਪੰਜਾਬ 'ਤੇ ਨਵੀਂ ਵੀਡੀਉ 'ਲੋੜਵੰਦਾਂ ਦੀ ਪਛਾਣ ਨਹੀਂ, ਭਲਾ ਕਿਵੇਂ ਕਰੋਗੇ?' ਦੇ ਨਾਮ ਦੀ ਅਪਲੋਡ ਕੀਤੀ ਹੈ। ਉਨ੍ਹਾਂ ਅਪਣੀ ਵੀਡੀਉ ਵਿਚ ਕਿਹਾ ਕਿ 23 ਮਾਰਚ ਨੂੰ ਜਦੋਂ ਕੋਰੋਨਾ ਵਾਇਰਸ ਵਿਰੁਧ ਜੰਗ ਸ਼ੁਰੂ ਹੋਈ ਤਾਂ ਉਸ ਰਾਤ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿਤੀ।

ਉਨ੍ਹਾਂ ਕਿਹਾ ਕਿ ਉਸ ਦਿਨ ਉਨ੍ਹਾਂ ਦੇ ਕੁੱਝ ਕੌਂਸਲਰਾਂ ਦੇ ਘਰ 200 ਦੇ ਕਰੀਬ ਔਰਤਾਂ ਰੋਟੀ ਲਈ ਪਹੁੰਚੀਆਂ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਚਿਤਾਵਨੀ ਸੀ। ਅਸੀਂ ਉਸੇ ਰਾਤ ਮੀਟਿੰਗ ਕੀਤੀ ਅਤੇ ਸਾਰੇ ਪ੍ਰਬੰਧਕਾਂ ਨੇ ਇਕਮੁਠ ਹੋ ਕੇ ਔਰਤਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ। ਹਲਕੇ ਦੇ ਸਾਰੇ ਕਰਿਆਨਾ ਅਤੇ ਮੈਡੀਕਲ ਸਟੋਰ ਖੋਲ੍ਹ ਦਿਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ 2 ਲੱਖ ਲੋਕ ਜ਼ਰੂਰਤਮੰਦ ਸਨ ਅਤੇ ਅਸੀ ਦੋ ਦਿਨਾਂ ਅੰਦਰ 35 ਹਜ਼ਾਰ ਲੋਕਾਂ ਤਕ ਰਾਸ਼ਨ ਅਤੇ 23 ਹਜ਼ਾਰ ਬੀਪੀਐਲ ਕਾਰਡਧਾਰਕਾਂ ਤਕ 6 ਮਹੀਨੇ ਦੀ ਕਣਕ ਪਹੁੰਚਾਈ ਅਤੇ ਲਗਭਗ ਇਕ ਲੱਖ ਲੋਕਾਂ ਦੀ ਮਦਦ ਕੀਤੀ।

ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਲੋੜਵੰਦ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 10 ਸਾਲ ਪਹਿਲਾਂ ਇਸ ਦੇਸ਼ ਦੀ ਆਬਾਦੀ 120 ਕਰੋੜ ਸੀ ਅਤੇ 80 ਕਰੋੜ ਬੀਪੀਐਲ ਕਾਰਡ ਧਾਰਕ ਸਨ। ਉਨ੍ਹਾਂ ਕਿਹਾ ਕਿ ਅੱਜ ਆਬਾਦੀ ਵਧਣ ਨਾਲ ਨਵੇਂ ਅੰਕੜੇ ਖੋਜਣ ਦੀ ਲੋੜ ਹੈ। ਉਨ੍ਹਾਂ ਹੋਰ ਕਿਹਾ ਕਿ ਸਾਰੇ ਦੇਸ਼ ਦੇ ਪ੍ਰਵਾਸੀ ਮਜ਼ਦੂਰ ਅਪਣੇ ਖੇਤਰਾਂ ਵੱਲ ਪੈਦਲ ਤੁਰ ਪਏ, ਪਰ ਇਹ ਪੰਜਾਬ ਵਿਚ ਨਹੀਂ ਹੋਇਆ ਕਿਉਂਕਿ ਪੰਜਾਬ ਦੀ ਸਰਕਾਰ ਅਤੇ ਇਥੋਂ ਦੀ ਧਾਰਮਕ ਵਿਚਾਰਧਾਰਾ ਉਤਮ ਹੈ। ਉਨ੍ਹਾਂ ਕਿਹਾ ਕਿ ਛੋਟੇ ਰੋਜ਼ਗਾਰਾਂ ਵਾਲੇ ਵੀ ਇਸ ਮਹਾਂਮਾਰੀ ਵਿਚ ਲੋੜਵੰਦ ਬਣ ਗਏ ਹਨ, ਅਤੇ ਉਨ੍ਹਾਂ ਨੂੰ ਇਸ ਹਾਲਤ ਵਿਚ ਅਸਾਧਾਰਣ ਕੰਮ ਕਰਨ ਦੀ ਲੋੜ ਪਈ।

ਸ.ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਹਾਲਤ ਨਾਲੋਂ ਹਟ ਕੇ ਫ਼ੈਸਲੇ ਲੈਣੇ ਪਏ ਅਤੇ ਅੱਜ ਦੇ ਸਮੇਂ ਵਿਚ ਸਰਕਾਰ ਜ਼ਰੂਰਤ ਪੈਣ 'ਤੇ ਅਨਾਜ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਗੁਦਾਮ ਖੋਲ੍ਹਣ ਨਾਲ ਕੀਮਤਾਂ ਨੂੰ ਨੱਥ ਪਵੇਗੀ ਅਤੇ ਲੰਮੇ ਸਮੇਂ ਤਕ ਸਮੱਸਿਆਵਾਂ ਦੇ ਹੱਲ ਹੋਣਗੇ। ਉਨ੍ਹਾਂ ਕਿਹਾ ਕਿ ਇਕ ਅਜਿਹਾ ਸਿਸਟਮ ਤਿਆਰ ਕੀਤਾ ਜਾਣਾ ਚਾਹੀਦਾ ਹੈ ਜਿਸ ਅਨੁਸਾਰ ਲੋੜਵੰਦਾਂ ਦੀ ਪਛਾਣ ਕਰ ਕੇ ਨੀਲੇ ਕਾਰਡ ਜਾਰੀ ਕੀਤੇ ਜਾਣ ਅਤੇ ਕਿਸੇ ਕੁਦਰਤੀ ਅਤੇ ਗ਼ੈਰ-ਕੁਦਰਤੀ ਆਫ਼ਤ ਸਮੇਂ ਉਨ੍ਹਾਂ ਦੀ ਸਹਾਇਤਾ ਹੋਵੇ। ਇਸ ਤਰੀਕੇ ਨਾਲ ਸਰਕਾਰ ਖਲਬਲੀ ਵਿਚੋਂ ਮਹਾਂਬਲੀ ਹੋ ਕੇ ਉਭਰੇਗੀ।

ਸਿੱਧੂ ਨੇ ਕਿਹਾ ਕਿ ਸਰਕਾਰ ਨੇ ਖ਼ਾਸ ਫ਼ੰਡਾਂ ਨੂੰ 3000 ਰੁਪਏ ਪ੍ਰਤੀ ਮਜ਼ਦੂਰ ਤਕ ਪਹੁੰਚਾਏ, ਪਰ ਇਸ ਵਿਚ ਆਉਣ ਵਾਲੀ ਸਮੱਸਿਆ ਕੁੱਝ ਮਜ਼ਦੂਰਾਂ ਦੀ ਰਜਿਟ੍ਰੇਸ਼ਰਨ ਨਾ ਹੋਣੀ ਹੀ ਹੈ। ਨਵਜੋਤ ਸਿੰਘ ਸਿੱਧੂ ਨੇ ਅਪਣੀ ਇਸ ਵੀਡੀਉ ਦੇ ਅੰਤ ਵਿਚ ਕਿਹਾ ਕਿ ਸਰਕਾਰ ਅਸਲੀ ਲੋੜਵੰਦ ਦੀ ਪਛਾਣ ਕਰੇ ਅਤੇ ਉਨ੍ਹਾਂ ਦੀ ਸਹਾਇਤਾ ਕਰੇ। ਉਨ੍ਹਾਂ ਕਿਹਾ ਕਿ ਸਾਧਾਰਣ ਰੋਜ਼ਗਾਰਾਂ ਵਾਲੇ ਲੋਕ ਅਜਿਹੀ ਔਖੀ ਸਥਿਤੀ ਵਿਚ ਜ਼ਰੂਰਤਮੰਦ ਬਣ ਜਾਂਦੇ ਹਨ ਅਤੇ ਉਨ੍ਹਾਂ ਤਕ ਅਜਿਹੀ ਹਾਲਤ ਵਿਚ ਮਦਦ ਪਹੁੰਚਣੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ ਬਿਹਤਰੀ ਲਈ ਸਰਕਾਰ ਨੂੰ ਹੋਰ ਲੋੜਵੰਦ ਮਜ਼ਦੂਰਾਂ ਦੀ ਰਜਿਟ੍ਰੇਸ਼ਨ ਕਰਨੀ ਚਾਹੀਦੀ ਹੈ।