ਦੁਨੀਆ ਦੀ ਸੱਭ ਤੋਂ ਉੱਚੀ ਪਹਾੜੀ ਚੋਟੀ ’ਤੇ ਪਹੁੰਚਿਆ ਕੋਰੋਨਾ
ਮਾਊਂਟ ਐਵਰੈਸਟ ’ਤੇ ਚੜ੍ਹਾਈ ਕਰ ਰਿਹਾ ਪਰਬਤਾਰੋਹੀ ਕੋਰੋਨਾ ਪਾਜ਼ੇਟਿਵ
ਕਾਠਮੰਡੂ : ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਦੀ ਸੱਭ ਤੋਂ ਉੱਚੀ ਪਹਾਡੀ ਚੋਟੀ ਮਾਊਂਟ ਐਵਰੈਸਟ ’ਤੇ ਵੀ ਪਹੁੰਚ ਗਿਆ ਹੈ। ਇਥੇ ਮਾਊਂਟ ਐਵਰੈਸਟ ਦੇ ਆਧਾਰ ਕੈਂਪ ਵਿਚ ਠਹਿਰੇ ਨਾਰਵੇ ਦੇ ਇਕ ਪਰਬਤਾਰੋਹੀ ਅਰਲੈਂਡ ਨੇਸ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਉਸ ਨੂੰ ਹੈਲੀਕਾਪਟਰ ਰਾਹੀਂ ਕਾਠਮਾਂਡੂ ਦੇ ਇਕ ਹਸਪਤਾਲ ਲਿਆਂਦਾ ਗਿਆ ਹੈ।
ਪਰਬਤਾਰੋਹੀ ਅਰਲੈਂਡ ਨੇਸ ਨੇ ਸ਼ੁਕਰਵਾਰ ਨੂੰ ਦਸਿਆ ਕਿ ਉਨ੍ਹਾਂ ਦੇ 15 ਅਪ੍ਰੈਲ ਨੂੰ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਉਸ ਤੋਂ ਬਾਅਦ ਵੀਰਵਾਰ ਨੂੰ ਹੋਈ ਜਾਂਚ ਵਿਚ ਉਸ ਦੀ ਰਿਪੋਰਟ ਨੈੇਗੇਟਿਵ ਆਈ ਹੈ ਅਤੇ ਉਹ ਫਿਲਹਾਲ ਨੇਪਾਲ ਵਿਚ ਇਕ ਪ੍ਰਵਾਰ ਨਾਲ ਰਹਿ ਰਿਹਾ ਹੈ। ਨੇਸ ਐਵਰੈਸਟ ਬੇਸ ਕੈਂਪ ’ਤੇ ਮੌਜੂਦ ਸਨ, ਉਦੋਂ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ।
ਨੇਸ ਦਾ ਇੰਟਰਵਿਊ ਕਰਨ ਵਾਲੇ ਨਾਰਵੇਜੀਅਨ ਬ੍ਰਾਡਕਾਸਟਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਦਲ ਵਿਚ ਸ਼ਾਮਲ ਸ਼ੇਰਪਾ ਵੀ ਪੀੜਤ ਪਾਇਆ ਗਿਆ ਹੈ। ਉਨ੍ਹਾਂ ਕਿਹਾ,‘‘ਮੈਂ ਉਮੀਦ ਕਰਦਾ ਹਾਂ ਕਿ ਪਹਾੜ ਦੀ ਉਚਾਈ ’ਤੇ ਕੋਈ ਹੋਰ ਪੀੜਤ ਨਾ ਹੋਵੇ, ਕਿਉਂਕਿ ਜਦੋਂ ਲੋਕ 8 ਹਜ਼ਾਰ ਮੀਟਰ ਤੋਂ ਜ਼ਿਆਦਾ ਦੀ ਉਚਾਈ ’ਤੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਕਢਣਾ ਬਹੁਤ ਔਖਾ ਹੋ ਜਾਂਦਾ ਹੈ।’’ ਕਾਠਮੰਡੂ ਦੇ ਇਕ ਹਸਪਤਾਲ ਨੇ ਐਵਰੈਸਟ ਤੋਂ ਮਰੀਜ਼ਾਂ ਦੇ ਆਉਣ ਦੀ ਪੁਸ਼ਟੀ ਕੀਤੀ ਹੈ।
ਇਸ ਸਬੰਧੀ ਤਜ਼ਰਬੇਕਾਰ ਗਾਈਡ ਆਸਟ੍ਰਿਅਨ ਲੁਕਾਸ ਫਰਨਬੈਸ਼ ਨੇ ਸੂਚੇਤ ਕੀਤਾ ਕਿ ਜੇਕਰ ਸੱਭ ਦੀ ਜਾਂਚ ਕਰ ਕੇ ਤੁਰਤ ਅਹਿਤਿਆਤੀ ਕਦਮ ਨਾ ਚੁਕੇ ਗਏ ਤਾਂ ਆਧਾਰ ਕੈਂਪ ਵਿਚ ਮੌਜੂਦ ਹਜ਼ਾਰਾਂ ਪਰਬਤਆਰੋਹੀ, ਗਾਈਡ, ਸਹਾਇਕਾਂ ਆਦਿ ਵਿਚ ਲਾਗ ਫੈਲ ਸਕਦੀ ਹੈ।
ਉਨ੍ਹਾਂ ਕਿਹਾ,‘‘ਇਸ ਨੂੰ ਤੁਰਤ ਕਰਨ ਦੀ ਲੋੜ ਹੈ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਨੇਪਾਲ ਨੇ ਇਸ ਸਾਲ ਪਹਾੜ ਚੜ੍ਹਨ ਲਈ 337 ਪਰਮਟ ਜਾਰੀ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਅੰਕੜਾ 2019 ਵਿਚ ਜਾਰੀ ਹੋਏ 381 ਪਰਮਟ ਦੇ ਅੰਕੜੇ ਨੂੰ ਪਾਰ ਕਰ ਜਾਏਗਾ।