ਲਾਲ ਕਿਲ੍ਹਾ ਮਾਮਲੇ ’ਚ ਜਰਨੈਲ ਸਿੰਘ ਤੇ ਇਕਬਾਲ ਸਿੰਘ ਨੂੰ ਮਿਲੀ ਜ਼ਮਾਨਤ
ਲਾਲ ਕਿਲ੍ਹੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਜਰਨੈਲ ਸਿੰਘ ਤੇ ਇਕਬਾਲ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ।
ਨਵੀਂ ਦਿੱਲੀ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਯਤਨਾਂ ਦੀ ਬਦੌਦਲ ਲਾਲ ਕਿਲ੍ਹੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਜਰਨੈਲ ਸਿੰਘ ਤੇ ਇਕਬਾਲ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦਸਿਆ ਕਿ ਦਿੱਲੀ ਪੁਲਿਸ ਨੇ 26 ਜਨਵਰੀ ਦੀ ਘਟਨਾ ਦੇ ਮਾਮਲੇ ਵਿਚ ਦਰਜ ਕੀਤੀ ਗਈ ਐਫ.ਆਰ.ਆਈ ਨੰਬਰ 96/2021 ਤਹਿਤ ਇਕਬਾਲ ਸਿੰਘ ਨੂੰ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਉਹ ਮੂਲ ਰੂਪ ਵਿਚ ਲੁਧਿਆਣਾ ਦੇ ਰਹਿਣ ਵਾਲੇ ਹਨ। ਉਕਤ ਆਗੂਆਂ ਨੇ ਦਸਿਆ ਹੋਰਨਾਂ ਨੌਜਵਾਨਾਂ ਤੇ ਕਿਸਾਨਾਂ ਵਾਂਗ ਹੀ ਇਨ੍ਹਾਂ ਦੇ ਕੇਸ ਦੀ ਵੀ ਨਿਰੰਤਰ ਪੈਰਵਾਈ ਕੀਤੀ ਜਾ ਰਹੀ ਸੀ। ਉਨ੍ਹਾਂ ਦਸਿਆ ਕਿ ਅਦਾਲਤ ਵਿਚ ਦਿੱਲੀ ਕਮੇਟੀ ਦੀ ਲੀਗਲ ਟੀਮ ਦੇ ਮੁਖੀ ਜਗਦੀਪ ਸਿੰਘ ਕਾਹਲੋਂ, ਵਰਿੰਦਰ ਸੰਧੂ, ਜਸਪ੍ਰੀਤ ਸਿੰਘ ਰਾਏ ਤੇ ਜਸਦੀਪ ਸਿੰਘ ਢਿੱਲੋਂ ਵਲੋਂ ਨਿਰੰਤਰ ਯਤਨ ਕੀਤੇ ਗਏ।
ਉਨ੍ਹਾਂ ਦਸਿਆ ਕਿ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਲਈ ਤੇ ਉਹ ਹੁਣ ਕਲ ਜੇਲ ਵਿਚੋਂ ਰਿਹਾਅ ਹੋ ਜਾਣਗੇ। ਸ. ਸਿਰਸਾ ਤੇ ਸ. ਕਾਲਕਾ ਨੇ ਦਸਿਆ ਕਿ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ’ਤੇ ਕਲ ਅਦਾਲਤ ਵਿਚ ਸੁਣਵਾਈ ਹੋਵੇਗੀ। ਉਨ੍ਹਾਂ ਦਸਿਆ ਕਿ ਜਿਹੜੇ ਬਾਕੀ ਕੁਝ ਨੌਜਵਾਨਾਂ ਜੇਲਾਂ ਵਿਚ ਬੰਦ ਹਨ, ਉਨ੍ਹਾਂ ਦੀ ਰਿਹਾਈ ਵੀ ਜਲਦੀ ਹੀ ਹੋ ਜਾਵੇਗੀ ਤੇ ਕਮੇਟੀ ਦੀ ਲੀਗਲ ਟੀਮ ਇਸ ਵਾਸਤੇ ਪੂਰੀ ਮਿਹਨਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਲੀਗਲ ਟੀਮ ਨੇ ਅਦਾਲਤਾਂ ਵਿਚ ਸਿੱਧ ਕਰ ਦਿਤਾ ਹੈ ਕਿ ਇਹ ਸਾਰੇ ਨੌਜਵਾਨਾਂ ਤੇ ਕਿਸਾਨ ਜੋ 26 ਜਨਵਰੀ ਦੀ ਕਿਸਾਨ ਪਰੇਡ ਸਮੇਂ ਤੇ ਇਸ ਤੋਂ ਬਾਅਦ ਫੜੇ ਗਏ ਹਨ, ਉਹ ਸਾਰੇ ਗ਼ਲਤ ਗ੍ਰਿਫ਼ਤਾਰ ਕੀਤੇ ਗਏ ਸਨ ਤੇ ਇਨ੍ਹਾਂ ਵਿਰੁਧ ਗ਼ਲਤ ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਬਾਇੱਜ਼ਤ ਬਰੀ ਹੋਣ ਤਕ ਕਮੇਟੀ ਇਨ੍ਹਾਂ ਦੇ ਕੇਸ ਲੜਦੀ ਰਹੇਗੀ।