ਰਾਜਸਥਾਨ : ਬਾਂਸਵਾੜਾ ਲੋਕ ਸਭਾ ਸੀਟ ’ਤੇ ਅਪਣੇ ਹੀ ਉਮੀਦਵਾਰ ਦੇ ਵਿਰੁਧ ਪ੍ਰਚਾਰ ਕਰ ਰਹੀ ਹੈ ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਰਾਜਸਥਾਨ ’ਚ ਭਾਰਤ ਆਦਿਵਾਸੀ ਪਾਰਟੀ ਨਾਲ ਗੱਠਜੋੜ ਕਰਨ ਦਾ ਫੈਸਲਾ ਕੀਤਾ, ਪਰ ਪਹਿਲਾਂ ਤੋਂ ਐਲਾਨੇ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਕੀਤਾ ਇਨਕਾਰ

Arvind Damore

ਬਾਂਸਵਾੜਾ: ਰਾਜਸਥਾਨ ਦੀ ਆਦਿਵਾਸੀ ਬਹੁਗਿਣਤੀ ਬਾਂਸਵਾੜਾ ਲੋਕ ਸਭਾ ਸੀਟ ’ਤੇ ਚੋਣ ਲੜਾਈ ਦਿਲਚਸਪ ਹੋ ਗਈ ਹੈ, ਜਿੱਥੇ ਕਾਂਗਰਸ ਲੋਕਾਂ ਨੂੰ ਅਪਣੀ ਹੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਦੇਣ ਦੀ ਅਪੀਲ ਕਰ ਰਹੀ ਹੈ। ਕਾਂਗਰਸ ਨੇ ਰਾਜਸਥਾਨ ’ਚ ਕਾਫੀ ਉਤਰਾਅ-ਚੜ੍ਹਾਅ ਤੋਂ ਬਾਅਦ ਭਾਰਤ ਆਦਿਵਾਸੀ ਪਾਰਟੀ (ਬੀ.ਏ.ਪੀ.) ਨਾਲ ਗੱਠਜੋੜ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਦੋਹਾਂ ਪਾਰਟੀਆਂ ਨੇ ਸਾਂਝੇ ਉਮੀਦਵਾਰ ਰਾਜਕੁਮਾਰ ਰੋਤ ਨੂੰ ਮੈਦਾਨ ’ਚ ਉਤਾਰਿਆ। ਹਾਲਾਂਕਿ ਕਾਂਗਰਸ ਦੇ ਪਹਿਲਾਂ ਤੋਂ ਐਲਾਨੇ ਉਮੀਦਵਾਰ ਅਰਵਿੰਦ ਡਾਮੋਰ ਨੇ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਇਨਕਾਰ ਕਰ ਦਿਤਾ। ਕਾਂਗਰਸ ਨੇ ਗੱਠਜੋੜ ਦੇ ਐਲਾਨ ਤੋਂ ਠੀਕ ਪਹਿਲਾਂ ਡਾਮੋਰ ਨੂੰ ਅਪਣਾ ਉਮੀਦਵਾਰ ਐਲਾਨਿਆ ਸੀ। 

ਬਾਂਸਵਾੜਾ ਲੋਕ ਸਭਾ ਸੀਟ ’ਤੇ ਮੁਕਾਬਲਾ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ-ਬੀ.ਏ.ਪੀ. ਗੱਠਜੋੜ ਵਿਚਾਲੇ ਮੰਨਿਆ ਜਾ ਰਿਹਾ ਸੀ ਪਰ ਡਾਮੋਰ ਦੀ ਜ਼ਿੱਦ ਕਾਰਨ ਹੁਣ ਇਹ ਤਿਕੋਣੀ ਮੁਕਾਬਲੇ ’ਚ ਬਦਲ ਗਿਆ ਹੈ। ਡਾਮੋਰ ਦੇ ਚੋਣ ਮੈਦਾਨ ’ਚ ਉਤਰਨ ਨਾਲ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੀਆਂ ਵੋਟਾਂ ਵੰਡੀਆਂ ਜਾਣਗੀਆਂ, ਜਿਸ ਦਾ ਫਾਇਦਾ ਭਾਜਪਾ ਉਮੀਦਵਾਰ ਮਹਿੰਦਰਜੀਤ ਸਿੰਘ ਮਾਲਵੀਆ ਨੂੰ ਮਿਲ ਸਕਦਾ ਹੈ। ਸਥਾਨਕ ਕਾਂਗਰਸੀ ਆਗੂ ਲੋਕਾਂ ਨੂੰ ਪਾਰਟੀ ਉਮੀਦਵਾਰ ਦੀ ਬਜਾਏ ਰੋਤ ਨੂੰ ਵੋਟ ਦੇਣ ਦੀ ਅਪੀਲ ਕਰ ਰਹੇ ਹਨ। 

ਜਦਕਿ ਡਾਮੋਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਕਈ ਨੇਤਾਵਾਂ ਦਾ ਸਮਰਥਨ ਪ੍ਰਾਪਤ ਹੈ ਜੋ ਬੀ.ਏ.ਪੀ. ਨਾਲ ਗੱਠਜੋੜ ਦੇ ਵਿਰੁਧ ਹਨ। ਸਥਾਨਕ ਨੇਤਾ ਅਤੇ ਕਾਂਗਰਸੀ ਵਿਧਾਇਕ ਅਰਜੁਨ ਬਾਮਾਨੀਆ ਦੇ ਬੇਟੇ ਵਿਕਾਸ ਬਾਮਾਨੀਆ ਨੇ ਕਿਹਾ ਕਿ ਪਾਰਟੀ ਰੋਤ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਸਾਡਾ ਸਟੈਂਡ ਸਪੱਸ਼ਟ ਹੈ ਅਤੇ ਅਸੀਂ ਬੀ.ਏ.ਪੀ. ਉਮੀਦਵਾਰ ਦਾ ਸਮਰਥਨ ਕਰ ਰਹੇ ਹਾਂ। ਬਾਮਨੀਆ ਨੇ ਕਿਹਾ, ‘‘ਅਸੀਂ ਲੋਕਾਂ ਦੀਆਂ ਭਾਵਨਾਵਾਂ ਅਤੇ ਪਾਰਟੀ ਵਲੋਂ ਦਿਤੀਆਂ ਹਦਾਇਤਾਂ ਨੂੰ ਧਿਆਨ ’ਚ ਰਖਦੇ ਹੋਏ ਕੰਮ ਕਰ ਰਹੇ ਹਾਂ।’’

ਇਕ ਹੋਰ ਸਥਾਨਕ ਕਾਂਗਰਸੀ ਨੇਤਾ ਨੇ ਕਿਹਾ ਕਿ ਰੋਤ ਕਾਂਗਰਸ-ਬੀ.ਏ.ਪੀ. ਗੱਠਜੋੜ ਦੇ ਅਧਿਕਾਰਤ ਉਮੀਦਵਾਰ ਹਨ। ਉਨ੍ਹਾਂ ਕਿਹਾ, ‘‘ਅਸੀਂ ਲੋਕਾਂ ਨੂੰ ਸਪੱਸ਼ਟ ਤੌਰ ’ਤੇ ਕਹਿ ਰਹੇ ਹਾਂ ਕਿ ਉਹ ਕਾਂਗਰਸ ਉਮੀਦਵਾਰ (ਡਾਮੋਰ) ਨੂੰ ਵੋਟ ਨਾ ਦੇਣ।’’ ਕਈ ਸਥਾਨਕ ਲੋਕਾਂ ਨੇ ਦਸਿਆ ਕਿ ਮੁਕਾਬਲਾ ਮੁੱਖ ਤੌਰ ’ਤੇ ਮਾਲਵੀਆ ਅਤੇ ਰੋਤ ਵਿਚਕਾਰ ਹੈ। ਹਾਲਾਂਕਿ, ਕੁੱਝ ਲੋਕਾਂ ਦਾ ਮੰਨਣਾ ਹੈ ਕਿ ਡਾਮੋਰ ਵਲੋਂ ਪਾਰਟੀ ਦੇ ਹੁਕਮ ਦੀ ਪਾਲਣਾ ਨਾ ਕਰਨਾ ਕਾਂਗਰਸ ਲਈ ਸ਼ਰਮਨਾਕ ਹੈ। 

ਬੀ.ਏ.ਪੀ. ਦੀ ਸਥਾਪਨਾ 2023 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੀ ਗਈ ਸੀ। ਰੋਤ ਪਾਰਟੀ ਦੇ ਤਿੰਨ ਵਿਧਾਇਕਾਂ ਵਿਚੋਂ ਇਕ ਹਨ। ਅਨੁਸੂਚਿਤ ਜਨਜਾਤੀਆਂ ਲਈ ਰਾਖਵੀਂ ਲੋਕ ਸਭਾ ਸੀਟ ਬਾਂਸਵਾੜਾ ’ਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ’ਚ ਸ਼ੁਕਰਵਾਰ ਨੂੰ ਵੋਟਿੰਗ ਹੋਵੇਗੀ। 

ਅਪਣੀ ਚੋਣ ਮੁਹਿੰਮ ਦੌਰਾਨ ਮਾਲਵੀਆ ਰੋਤ ’ਤੇ ਬਾਂਸਵਾੜਾ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾ ਰਹੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਮਾਲਵੀਆ ਨੇ ਕਿਹਾ, ‘‘ਇਹ ਲੋਕ ਸਾਡੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਨੂੰ ਕਿੱਥੇ ਲੈ ਜਾਣਗੇ, ਉਹ ਆਦਿਵਾਸੀ ਭਾਈਚਾਰੇ ਨੂੰ ਗੁਮਰਾਹ ਕਰ ਰਹੇ ਹਨ। ਇਕ ਵਿਅਕਤੀ ਦਾ ਘਰ ਬਣਾਉਣ ਨਾਲ ਪੂਰੇ ਭਾਈਚਾਰੇ ਨੂੰ ਲਾਭ ਨਹੀਂ ਹੁੰਦਾ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਇਸ ਸੀਟ ਨੂੰ ਵੱਡੇ ਫਰਕ ਨਾਲ ਜਿੱਤੇਗੀ ਅਤੇ ਕਾਂਗਰਸ-ਬੀ.ਏ.ਪੀ. ਗੱਠਜੋੜ ਕੰਮ ਨਹੀਂ ਕਰੇਗਾ। ਰੋਤ ਨੇ ਕਿਹਾ ਕਿ ਭਾਜਪਾ ਉਮੀਦਵਾਰ ਕਬਾਇਲੀ ਭਾਈਚਾਰੇ ਨੂੰ ਵੰਡ ਰਹੇ ਹਨ ਅਤੇ ਉਨ੍ਹਾਂ ਦੀ ਦੁਰਵਰਤੋਂ ਕਰ ਰਹੇ ਹਨ। 

ਉਨ੍ਹਾਂ ਕਿਹਾ, ‘‘ਮਾਲਵੀਆ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਉਹ ਕਬਾਇਲੀ ਭਾਈਚਾਰੇ ਨੂੰ ਗਾਲ੍ਹਾਂ ਕੱਢ ਰਿਹਾ ਹੈ। ਭਾਜਪਾ ਕਬਾਇਲੀ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਡੇ ਕਬਾਇਲੀ ਲੋਕ ਕਿਸੇ ਵੀ ਪਾਰਟੀ ਨਾਲ ਜੁੜੇ ਹੋ ਸਕਦੇ ਹਨ, ਚਾਹੇ ਉਹ ਭਾਜਪਾ ਹੋਵੇ ਜਾਂ ਕਾਂਗਰਸ, ਪਰ ਉਨ੍ਹਾਂ ਨੂੰ ਇਕਜੁੱਟ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਪਾਰਟੀ ਤੋਂ ਉੱਪਰ ਸੋਚਦੇ ਹਾਂ, ਅਸੀਂ ਆਦਿਵਾਸੀ ਲੋਕਾਂ ਲਈ ਸੋਚਦੇ ਹਾਂ।’’

ਡਾਮੋਰ ਨੇ ਦਾਅਵਾ ਕੀਤਾ ਕਿ ਕਾਂਗਰਸੀ ਨੇਤਾਵਾਂ ਦਾ ਇਕ ਹਿੱਸਾ ਬੀਏਪੀ ਨਾਲ ਗੱਠਜੋੜ ਦੇ ਵਿਰੁਧ ਸੀ। ਡਾਮੋਰ ਨੇ ਕਿਹਾ, ‘‘ਮੈਨੂੰ ਉਨ੍ਹਾਂ ਲੋਕਾਂ ਅਤੇ ਪਾਰਟੀ ਨੇਤਾਵਾਂ ਦਾ ਸਮਰਥਨ ਪ੍ਰਾਪਤ ਹੈ ਜੋ ਗੱਠਜੋੜ ਦੇ ਹੱਕ ’ਚ ਨਹੀਂ ਹਨ। ਮੈਨੂੰ ਚੋਣਾਂ ’ਚ ਅਪਣੀ ਜਿੱਤ ਦਾ ਭਰੋਸਾ ਹੈ।’’ ਕਈ ਗ਼ੈਰ-ਆਦਿਵਾਸੀ ਸਥਾਨਕ ਲੋਕਾਂ ਅਨੁਸਾਰ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਵਿਚਾਲੇ ਇਸ ਟਕਰਾਅ ਦੌਰਾਨ ਸਿੱਖਿਆ, ਰੁਜ਼ਗਾਰ, ਸੜਕਾਂ ਅਤੇ ਬਿਜਲੀ ਵਰਗੇ ਵੱਡੇ ਮੁੱਦੇ ਪਿੱਛੇ ਰਹਿ ਗਏ ਹਨ ਅਤੇ ਹਰ ਉਮੀਦਵਾਰ ਅਪਣੇ ਆਪ ਨੂੰ ਕਬਾਇਲੀ ਭਾਈਚਾਰੇ ਦਾ ਚੈਂਪੀਅਨ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 

ਇਕ ਗੈਰ-ਕਬਾਇਲੀ ਸਥਾਨਕ ਵਸਨੀਕ ਨੇ ਕਿਹਾ ਕਿ ਖੇਤਰ ’ਚ ਉਦਯੋਗਾਂ ਅਤੇ ਨੌਕਰੀਆਂ ਦੇ ਮੌਕਿਆਂ ਦੀ ਘਾਟ ਹੈ। ਇਸ ਖੇਤਰ ਦੇ ਬਹੁਤ ਸਾਰੇ ਲੋਕ ਗੁਆਂਢੀ ਗੁਜਰਾਤ ’ਚ ਕੰਮ ਕਰਦੇ ਹਨ। ਔਰਤਾਂ ਨੂੰ ਵੱਡੀ ਗਿਣਤੀ ’ਚ ਖੇਤਾਂ ਅਤੇ ਮਜ਼ਦੂਰੀ ਦੇ ਕੰਮਾਂ ’ਚ ਕੰਮ ਕਰਦੇ ਵੀ ਵੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੀ.ਏ.ਪੀ. ਦੀ ਵਿਚਾਰਧਾਰਾ ਕੱਟੜਪੰਥੀ ਜਾਪਦੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਕ ਖਤਰੇ ਵਜੋਂ ਉਭਰ ਸਕਦੀ ਹੈ। ਮੁੱਦੇ ਘੱਟ ਮਹੱਤਵਪੂਰਨ ਹਨ, ਉਹ ਭਾਈਚਾਰੇ ਦੇ ਨਾਮ ’ਤੇ ਲੋਕਾਂ ਦਾ ਧਰੁਵੀਕਰਨ ਕਰ ਰਹੇ ਹਨ।