Delhi News: ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ ਸੈਮ ਪਿਤਰੋਦਾ ’ਤੇ ਭੜਕੇ ਤਰੁਣ ਚੁੱਘ, ‘ਕਾਂਗਰਸ ਦਾ ਮੈਨੀਫੈਸਟੋ ਸੱਭਿਆਚਾਰ ਦਾ ਅਪਮਾਨ’

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਸੈਮ ਪਿਤਰੋਦਾ ਦੇ ਬਿਆਨਾਂ ਨਾਲ ਕਾਂਗਰਸ ਪੂਰੀ ਤਰ੍ਹਾਂ ਬੇਨਕਾਬ ਹੋਈ

Tarun Chugh

Delhi News: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਨੇ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਨੇੜੇ ਪ੍ਰਦਰਸ਼ਨ ਕੀਤਾ ਅਤੇ ਇਲਜ਼ਾਮ ਲਾਇਆ ਕਿ ਰਾਹੁਲ ਗਾਂਧੀ ਭਾਰਤ ਨੂੰ ਤੋੜਨ ਦੀ ਰਾਜਨੀਤੀ ਕਰ ਰਹੇ ਹਨ। ਭਾਜਪਾ ਨੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਲਈ ਕਾਂਗਰਸ ਦਾ ਮੈਨੀਫੈਸਟੋ ਦੇਸ਼ ਦੇ ਸੱਭਿਆਚਾਰ ਦਾ 'ਅਪਮਾਨ' ਕਰਦਾ ਹੈ। ਕਾਂਗਰਸ ਮੁੱਖ ਦਫ਼ਤਰ ਦੇ ਬਾਹਰ ਮਹਿਲਾ ਮੋਰਚਾ ਦੇ ਪ੍ਰਦਰਸ਼ਨ ਵਿਚ ਪਹੁੰਚੇ  ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਸੈਮ ਪਿਤਰੋਦਾ ਦੇ ਬਿਆਨਾਂ ਨਾਲ ਕਾਂਗਰਸ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੈਮ ਪਿਤਰੋਦਾ ਦੀ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਹੈ।

ਚੁੱਘ ਨੇ ਕਿਹਾ ਕਿ ਕਾਂਗਰਸ ਦੇ ਮੈਨੀਫੈਸਟੋ ਵਿਚ ਔਰਤਾਂ ਦੀ ਜਾਇਦਾਦ ਅਤੇ ਗਹਿਣੇ ਖੋਹ ਕੇ ਘੱਟ ਗਿਣਤੀਆਂ ਨੂੰ ਦੇਣ ਦੀ ਸਾਜਿਸ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦਾ ਮੈਨੀਫੈਸਟੋ ਦੇਸ਼ ਦੇ ਸੱਭਿਆਚਾਰ ਦਾ ਅਪਮਾਨ ਹੈ ਅਤੇ ਰਾਹੁਲ ਭਾਰਤ ਨੂੰ ਤੋੜਨ ਲਈ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਤੁਸ਼ਟੀਕਰਨ ਨਾਲ ਭਰਿਆ ਹੋਇਆ ਹੈ ਅਤੇ ਇਹ ਦੇਸ਼ ਨੂੰ ਕਮਜ਼ੋਰ ਕਰੇਗਾ। ''

ਭਾਜਪਾ ਮਹਿਲਾ ਮੋਰਚਾ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ, ਦਿੱਲੀ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਰਿਚਾ ਪਾਂਡੇ ਮਿਸ਼ਰਾ, ਸੁਮਿਤ ਭਸੀਨ, ਯੋਗਿਤਾ ਸਿੰਘ ਸਮੇਤ ਮੋਰਚਾ ਦੇ ਅਹੁਦੇਦਾਰ ਅਤੇ ਵਰਕਰ ਮੌਜੂਦ ਰਹੇ।  ਉਨ੍ਹਾਂ ਕਿਹਾ ਕਿ ਜਦੋਂ ਮੋਦੀ ਜੀ ਨੇ ਇਹ ਮੁੱਦਾ ਚੁੱਕਿਆ ਤਾਂ ਪੂਰੀ ਕਾਂਗਰਸ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਬੈਕਫੁੱਟ 'ਤੇ ਆ ਗਏ। ਚੁੱਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਅਪਣੇ ਮੈਨੀਫੈਸਟੋ ਤੋਂ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਦੇਸ਼ ਤੋਂ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ, ਦੇਸ਼ ਦੇ ਲੋਕਾਂ ਨੂੰ ਸੈਮ ਪਿਤਰੋਦਾ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ, “ਅੱਜ ਸੈਮ ਪਿਤਰੋਦਾ ਦੇ ਬਿਆਨ ਨੇ ਦੇਸ਼ ਦੇ ਸਾਹਮਣੇ ਕਾਂਗਰਸ ਦਾ ਮਕਸਦ ਸਪੱਸ਼ਟ ਕਰ ਦਿਤਾ ਹੈ। ਕਾਂਗਰਸ ਦੇ ਮੈਨੀਫੈਸਟੋ ਵਿਚ 'ਆਰਥਿਕ ਸਰਵੇਖਣ' ਦਾ ਜ਼ਿਕਰ ਅਸਲ ਵਿਚ ਕੀ ਸੰਕੇਤ ਦਿੰਦਾ ਹੈ? ਕੀ ਕਾਂਗਰਸ ਦੀ ਨਜ਼ਰ ਸਾਡੇ ਦੇਸ਼ 'ਚ ਪਰਿਵਾਰ 'ਚ ਸੰਕਟ ਦੇ ਸਮੇਂ ਨੂੰ ਧਿਆਨ 'ਚ ਰੱਖ ਕੇ ਇਕੱਠੀ ਕੀਤੀ ਗਈ ਪੂੰਜੀ 'ਤੇ ਹੈ, ਕੀ ਉਹ ਜ਼ਬਰਦਸਤੀ 55 ਫ਼ੀ ਸਦੀ ਪੂੰਜੀ ਸਰਕਾਰ ਦੇ ਖਜ਼ਾਨੇ 'ਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਕੀ ਦੇਸ਼ ਦੀਆਂ ਧੀਆਂ ਦੀ ਜਮ੍ਹਾਂ ਰਾਸ਼ੀ 'ਤੇ ਕਾਲੀ ਅਤੇ ਜ਼ਾਲਮ ਨਜ਼ਰ ਰੱਖਣੀ ਜਾ ਰਹੀ?”

ਕਾਂਗਰਸ ਹੈੱਡਕੁਆਰਟਰ 10, ਅਕਬਰ ਰੋਡ ਦੇ ਬਾਹਰ ਪ੍ਰਦਰਸ਼ਨ ਦੌਰਾਨ ਭਾਜਪਾ ਮਹਿਲਾ ਮੋਰਚਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਚੁੱਘ ਨੇ ਕਿਹਾ, ‘ਕਾਂਗਰਸ ਪਾਰਟੀ ਧਰੁਵੀਕਰਨ ਵਿਚ ਲੱਗੀ ਹੋਈ ਹੈ। ਕਦੇ ਵੀ ਧਰਮ ਦੇ ਆਧਾਰ 'ਤੇ ਵੋਟਾਂ ਨਹੀਂ ਮੰਗੀਆਂ ਜਾਂਦੀਆਂ। ਧਾਰਮਿਕ ਆਗੂ ਲੋਕਾਂ ਨੂੰ 100 ਫ਼ੀ ਸਦੀ ਵੋਟ ਪਾਉਣ ਲਈ ਕਹਿ ਰਹੇ ਹਨ। ਕੀ ਕਾਂਗਰਸ ਪਾਰਟੀ ਜਾਤ ਅਤੇ ਧਰਮ ਦੇ ਆਧਾਰ 'ਤੇ ਵੋਟਾਂ ਮੰਗਣਾ ਚਾਹੁੰਦੀ ਹੈ? ਕਾਂਗਰਸ ਪਾਰਟੀ ਦੇਸ਼ ਦੇ ਲੋਕਾਂ ਨੂੰ ਜਾਤ ਅਤੇ ਧਰਮ ਦੇ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਾਂਗਰਸ ਪਾਰਟੀ ਵਲੋਂ ਤੁਸ਼ਟੀਕਰਨ ਦਾ ਸਿਖਰ ਹੈ’।

ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ ਵਿਵਾਦ ਗਰਮਾਇਆ ਹੋਇਆ ਹੈ। ਇਸ ਦੌਰਾਨ ਹੁਣ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਵੀ ਭਾਰਤ ਵਿਚ ਵਿਰਾਸਤੀ ਟੈਕਸ ਦਾ ਸਮਰਥਨ ਕੀਤਾ ਹੈ। ਸੈਮ ਪਿਤਰੋਦਾ ਨੇ ਸ਼ਿਕਾਗੋ, ਅਮਰੀਕਾ ਵਿਚ ਵਿਰਾਸਤੀ ਟੈਕਸ ਅਤੇ ਜਾਇਦਾਦ ਦੀ ਵੰਡ ਬਾਰੇ ਇਕ ਬਿਆਨ ਦਿਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ “ਅਮਰੀਕਾ ਵਿਚ ਵਿਰਾਸਤੀ ਟੈਕਸ ਲਗਾਇਆ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਕੋਲ 100 ਮਿਲੀਅਨ ਡਾਲਰ ਦੀ ਜਾਇਦਾਦ ਹੈ, ਤਾਂ ਉਹ ਵਿਅਕਤੀ ਮੌਤ ਤੋਂ ਬਾਅਦ ਸਿਰਫ 45 ਫ਼ੀ ਸਦੀ ਜਾਇਦਾਦ ਅਪਣੇ ਬੱਚਿਆਂ ਨੂੰ ਟ੍ਰਾਂਸਫਰ ਕਰ ਸਕਦਾ ਹੈ”।

ਵਿਰਾਸਤੀ ਟੈਕਸ ਬਾਰੇ ਸੈਮ ਪਿਤਰੋਦਾ ਨੇ ਕਿਹਾ, “55 ਫ਼ੀ ਸਦੀ ਜਾਇਦਾਦ ਸਰਕਾਰ ਵਲੋਂ ਐਕਵਾਇਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਦਿਲਚਸਪ ਕਾਨੂੰਨ ਹੈ। ਇਸ ਕਾਨੂੰਨ ਅਨੁਸਾਰ, ਤੁਸੀਂ ਆਪਣੀ ਸਾਰੀ ਜ਼ਿੰਦਗੀ ਵਿਚ ਜੋ ਕੁੱਝ ਕਮਾਇਆ ਹੈ, ਉਸ ਦਾ ਇਕ ਹਿੱਸਾ ਜਨਤਾ ਲਈ ਵੀ ਛੱਡਿਆ ਜਾਣਾ ਚਾਹੀਦਾ ਹੈ। ਪੂਰਾ ਨਹੀਂ, ਪਰ ਅੱਧਾ। ਇਹ ਇਕ ਨਿਰਪੱਖ ਕਾਨੂੰਨ ਹੈ, ਜੋ ਮੈਨੂੰ ਪਸੰਦ ਹੈ।" ਭਾਜਪਾ ਨੇ ਵਿਰਾਸਤੀ ਟੈਕਸ 'ਤੇ ਕਾਂਗਰਸ ਨੇਤਾ ਸੈਮ ਪਿਤਰੋਦਾ ਦੇ ਬਿਆਨ 'ਤੇ ਇਤਰਾਜ਼ ਜਤਾਇਆ ਹੈ।