ਕੋਰੋਨਾ ਤਬਾਹੀ ਵਾਲੇ ਰਾਹ, ਵਿਸ਼ਵ ਸਿਹਤ ਸੰਗਠਨ ਨੇ ਭਾਰਤ ਨੂੰ ਕੀਤਾ ਖ਼ਬਰਦਾਰ
ਭਾਰਤ ਦੇ ਸੱਤ ਰਾਜਾਂ ’ਚ ਤਾਲਾਬੰਦੀ ਤੋਂ ਛੋਟ ਨਾ ਦੇਣ ਦੀ ਦਿਤੀ ਸਲਾਹ
ਨਵੀਂ ਦਿੱਲੀ, 23 ਮਈ : ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕਦਮ ਵਧੇ ਮਾਮਲਿਆਂ ਨੇ ਹਰ ਕਿਸੇ ਨੂੰ ਫ਼ਿਕਰਾਂ ਵਿਚ ਪਾ ਦਿਤਾ ਹੈ। ਸ਼ੁਕਰਵਾਰ ਨੂੰ ਦੇਸ਼ ਵਿਚ ਪਹਿਲੀ ਵਾਰ 24 ਘੰਟਿਆਂ ਵਿਚ ਕੋਰੋਨਾ ਦੇ 6654 ਨਵੇਂ ਕੇਸ ਸਾਹਮਣੇ ਆਏ ਸਨ। ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ 3,720 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਭਾਰਤ ਦੇ ਸੱਤ ਰਾਜਾਂ ਵਿਚ ਤਾਲਾਬੰਦੀ ਤੋਂ ਛੋਟ ਨਾ ਦੇਣ ਦੀ ਸਲਾਹ ਦਿਤੀ ਹੈ।
ਜੌਨਸ ਹਾਪਕਿਨਜ਼ ਯੂਨੀਵਰਸਟੀ ਦੇ ਇਸੇ ਤਰ੍ਹਾਂ ਦੇ ਅਧਿਐਨ ਵਿਚ ਪਾਇਆ ਗਿਆ ਹੈ ਕਿ ਤਾਲਾਬੰਦੀ ਨੂੰ ਸਿਰਫ਼ ਯੂ.ਐਸ. ਦੇ 50 ਫ਼ੀ ਸਦੀ ਰਾਜਾਂ ਵਿਚ ਹੀ ਚੁਕਿਆ ਜਾ ਸਕਦਾ ਹੈ। ਇਸੇ ਤਰ੍ਹਾਂ ਭਾਰਤ ਦੇ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ 21 ਫ਼ੀ ਸਦੀ ਇਸ ਸ਼੍ਰੇਣੀ ਵਿਚ ਆਉਂਦੇ ਹਨ। ਪਿਛਲੇ 7 ਮਈ ਦੇ ਅੰਕੜਿਆਂ ਅਨੁਸਾਰ ਮਹਾਰਾਸ਼ਟਰ ਵਿਚ 18%, ਗੁਜਰਾਤ ਵਿਚ 9%, ਦਿੱਲੀ ਵਿਚ 7%, ਤੇਲੰਗਾਨਾ ਵਿਚ 7%, ਚੰਡੀਗੜ੍ਹ ਵਿਚ 6%, ਤਾਮਿਲਨਾਡੂ ਵਿਚ 5% ਅਤੇ ਬਿਹਾਰ ਵਿਚ 5% ਕੋਰੋਨਾ ਸਕਾਰਾਤਮਕ ਮਾਮਲੇ ਪਾਏ ਗਏ ਹਨ।
ਹਾਲਾਂਕਿ, ਡਬਲਿਊ.ਐਚ.ਓ. ਦੀ ਸਲਾਹ ਸਾਰੇ ਰਾਜਾਂ ’ਤੇ ਲਾਗੂ ਨਹੀਂ ਹੁੰਦੀ ਕਿਉਂਕਿ ਰਾਜਾਂ ਦੇ ਸਿਰਫ਼ ਕੁਝ ਜ਼ਿਲ੍ਹੇ ਕੋਰਨਾ ਵਾਇਰਸ ਨਾਲ ਪ੍ਰਭਾਵਤ ਹਨ। ਰਾਜਾਂ ਦੇ ਹਾਟਸਪਾਟ ਖੇਤਰਾਂ ਵਿਚ ਤਾਲਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਸਕਦਾ ਹੈ। ਤਾਲਾਬੰਦੀ ਵਿਚ ਢਿੱਲ ਦੇਣ ਉਤੇ ਡਬਲਿਊ.ਐਚ.ਓ. ਨੇ ਚਿਤਾਵਨੀ ਦਿਤੀ ਹੈ ਕਿ ਲਾਗ ਤੇਜ਼ੀ ਨਾਲ ਫੈਲੇਗੀ ਤੇ ਹਾਲਾਤ ਹੋਰ ਵਿਗੜ ਸਕਦੇ ਹਨ। (ਏਜੰਸੀ)
ਇਨ੍ਹਾਂ ਸੂਬਿਆਂ ’ਚ ਸਖ਼ਤੀ ਨਾਲ ਤਾਲਾਬੰਦੀ ਲਾਗੂ ਕਰਨ ਲਈ ਕਿਹਾ
ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੇ ਅਨੁਸਾਰ ਮਹਾਰਾਸ਼ਟਰ, ਗੁਜਰਾਤ, ਦਿੱਲੀ, ਤੇਲੰਗਾਨਾ, ਚੰਡੀਗੜ੍ਹ, ਤਾਮਿਲਨਾਡੂ ਅਤੇ ਬਿਹਾਰ, ਜਿਥੇ ਪਿਛਲੇ ਦੋ ਹਫ਼ਤਿਆਂ ਦੌਰਾਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ, ਇਥੇ ਤਾਲਾਬੰਦੀ ਸਖ਼ਤੀ ਨਾਲ ਲਾਗੂ ਰੱਖਣੀ ਹੋਵੇਗੀ। ਡਬਲਿਊਐਚਓ ਨੇ ਸਲਾਹ ਦਿਤੀ ਹੈ ਕਿ ਜਿਨ੍ਹਾਂ ਰਾਜਾਂ ਵਿਚ 5 ਫ਼ੀ ਸਦੀ ਤੋਂ ਜ਼ਿਆਦਾ ਕੋਰੋਨਾ ਨਾਲ ਪ੍ਰਭਾਵਤ ਮਰੀਜ਼ ਮੌਜੂਦ ਹਨ, ਉਥੇ ਤਾਲਾਬੰਦੀ ਨੂੰ ਸਖ਼ਤੀ ਨਾਲ ਜਾਰੀ ਰਖਿਆ ਜਾਣਾ ਚਾਹੀਦਾ ਹੈ।