Tata Steal ਦਾ ਐਲਾਨ, ਕੋਰੋਨਾ ਨਾਲ ਹੋਈ ਕਰਮਚਾਰੀ ਦੀ ਮੌਤ 'ਤੇ ਪਰਿਵਾਰ ਨੂੰ ਮਿਲੇਗੀ ਪੂਰੀ ਤਨਖ਼ਾਹ
ਜੇਕਰ ਸਾਡੇ ਫਰੰਟਲਾਈਨ ਦੀ ਡਿਊਟੀ ਦੌਰਾਨ ਮੌਤ ਹੁੰਦੀ ਹੈ ਤਾਂ ਕੰਪਨੀ ਪ੍ਰਬੰਧਨ ਉਨ੍ਹਾਂ ਦੇ ਬੱਚਿਆਂ ਦੀ ਗ੍ਰੈਜੂਏਸ਼ਨ ਤੱਕ ਪੜ੍ਹਾਈ ਦਾ ਪੂਰਾ ਖ਼ਰਚ ਚੁੱਕੇਗੀ।
ਨਵੀਂ ਦਿੱਲੀ : ਕੋਵਿਡ-19 ਦੀ ਦੂਜੀ ਲਹਿਰ ਕਾਰਨ ਟਾਟਾ ਸਟੀਲ ਦੇ ਕਈ ਕਰਮਚਾਰੀ ਸੰਕ੍ਰਮਿਤ ਹੋ ਰਹੇ ਹਨ। ਕਈ ਫਰੰਟਲਾਈਨ ਲਗਾਤਾਰ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਕੰਪਨੀ ਦੇ ਉਤਪਾਦਨ ਨੂੰ ਸੁਚਾਰੂ ਢੰਗ ਨਾਲ ਸੰਚਾਲਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਅਜਿਹੇ ’ਚ ਕਈ ਕਰਮਚਾਰੀਆਂ ਦੀ ਮੌਤ ਕੋਵਿਡ-19 ਕਾਰਨ ਹੋ ਚੁੱਕੀ ਹੈ।
ਇਸ ਸਭ ਦੇ ਚਲਦਿਆਂ ਟਾਟਾ ਸਟੀਲ ਨੇ ਸ਼ਾਨਦਾਰ ਪਹਿਲ ਕੀਤੀ ਹੈ। ਟਾਟਾ ਸਟੀਲ ਪ੍ਰਬੰਧਨ ਨੇ ਇਸ ਸਬੰਧ ’ਚ ਸਰਕੂਲਰ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਕੋਵਿਡ ਮਹਾਮਾਰੀ ਸਮੇਂ ਟਾਟਾ ਸਟੀਲ ਆਪਣੇ ਸਾਰੇ ਕਰਮਚਾਰੀਆਂ ਨਾਲ ਖੜ੍ਹੀ ਹੈ ਤਾਂਕਿ ਅਸੀਂ ਸਾਰੇ ਮਿਲ ਕੇ ਬਿਹਤਰ ਭਵਿੱਖ ਦਾ ਨਿਰਮਾਣ ਕਰ ਸਕੀਏ। ਟਾਟਾ ਸਟੀਲ ਆਪਣੇ ਕਰਮਚਾਰੀਆਂ ਲਈ ਸਮਾਜਿਕ ਸੁਰੱਖਿਆ ਤਹਿਤ ਮਦਦ ਦੀ ਹਰ ਸੰਭਵ ਪਹਿਲ ਕਰ ਰਹੀ ਹੈ ਤਾਂਕਿ ਕੰਪਨੀ ’ਚ ਕੰਮ ਕਰਨ ਵਾਲੇ ਹਰ ਕਰਮਚਾਰੀ ਦਾ ਬਿਹਤਰ ਭਵਿੱਖ ਹੋਵੇ।
ਕੰਪਨੀ ਪ੍ਰਬੰਧਨ ਦਾ ਕਹਿਣਾ ਹੈ ਕਿ ਜੇਕਰ ਕੋਵਿਡ-19 ਕਾਰਨ ਕਿਸੇ ਕਰਮਚਾਰੀ ਦੀ ਮੌਤ ਹੁੰਦੀ ਹੈ ਤਾਂ ਟਾਟਾ ਸਟੀਲ ਉਨ੍ਹਾਂ ਕਰਮਚਾਰੀਆਂ ਦੇ ਪਰਿਵਾਰ ਵਾਲਿਆਂ ਨੂੰ ਪੂਰੀ ਤਨਖ਼ਾਹ 60 ਸਾਲਾਂ ਤੱਕ ਦੇਵੇਗੀ, ਨਾਲ ਹੀ ਸਬੰਧਿਤ ਕਰਮਚਾਰੀਆਂ ਨੂੰ ਕੁਆਰਟਰ ਅਤੇ ਮੈਡੀਕਲ ਸੁਵਿਧਾ ਵੀ ਮਿਲੇਗੀ। ਇਸ ਤੋਂ ਇਲਾਵਾ ਟਾਟਾ ਸਟੀਲ ਪ੍ਰਬੰਧਨ ਨੇ ਐਲਾਨ ਕੀਤਾ ਕਿ ਜੇਕਰ ਸਾਡੇ ਫਰੰਟਲਾਈਨ ਦੀ ਡਿਊਟੀ ਦੌਰਾਨ ਮੌਤ ਹੁੰਦੀ ਹੈ ਤਾਂ ਕੰਪਨੀ ਪ੍ਰਬੰਧਨ ਉਨ੍ਹਾਂ ਦੇ ਬੱਚਿਆਂ ਦੀ ਗ੍ਰੈਜੂਏਸ਼ਨ ਤੱਕ ਪੜ੍ਹਾਈ ਦਾ ਪੂਰਾ ਖ਼ਰਚ ਚੁੱਕੇਗੀ।