ਚੋਰਾਂ ਦੇ ਹੌਸਲੇ ਬੁਲੰਦ, ਪਿਸਤੌਲ ਦੇ ਜ਼ੋਰ 'ਤੇ ਚੋਰ 58 ਬੱਕਰੀਆਂ ਲੈ ਕੇ ਹੋਏ ਫ਼ਰਾਰ
ਬੱਕਰੀਆਂ ਦਾ ਦੁੱਧ ਵੇਚ ਕੇ ਕਿਸਾਨ ਕਰਦਾ ਸੀ ਘਰ ਦਾ ਗੁਜ਼ਾਰਾ
ਨੂਰਪੁਰ ਬੇਦੀ(ਸੰਦੀਪ ਸ਼ਰਮਾ) ਚੋਰਾਂ ਦੇ ਹੌਸਲੇ ਦਿਨੋ ਦਿਨ ਵਧ ਰਹੇ ਹਨ। ਤਾਜ਼ਾ ਮਿਸਾਲ ਬਲਾਕ ਨੂਰਪੁਰ ਬੇਦੀ ਦੇ ਅਧੀਨ ਪੈਂਦੇ ਪਿੰਡ ਨਲਹੋਟੀ ਹੇਠਲੀ ਦੀ ਹੈ ਜਿਥੇ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਹਥਿਆਰਾਂ ਦੇ ਜ਼ੋਰ 'ਤੇ ਇਕ ਕਿਸਾਨ ਦੇ ਵਾੜੇ 'ਚੋਂ 58 ਦੇ ਕਰੀਬ ਬੱਕਰੀਆਂ ਚੋਰੀ ਕਰਕੇ ਫਰਾਰ ਹੋ ਗਿਆ।
ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 11 ਵਜੇ ਦੋ ਗੱਡੀਆਂ 'ਚ ਸਵਾਰ 8-9 ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਆਉਂਦੇ ਸਾਰ ਹੀ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਉਸ ਨੂੰ ਮੰਜੇ ਨਾਲ ਬੰਨ੍ਹ ਦਿੱਤਾ, ਜਿਸ ਉਪਰੰਤ ਟਾਟਾ 407 ਗੱਡੀ 'ਚ ਇਕ-ਇਕ ਕਰ ਕੇ ਸਾਰੀਆਂ 58 ਬੱਕਰੀਆਂ ਨੂੰ ਲੱਦ ਕੇ ਫ਼ਰਾਰ ਹੋ ਗਏ।
ਪੀੜਤ ਕਿਸਾਨ ਨੇ ਦੱਸਿਆ ਕਿ ਚੋਰੀ ਹੋਈਆਂ ਸਾਰੀਆਂ ਬੱਕਰੀਆਂ ਦੀ ਕੀਮਤ ਲਗਪਗ ਬਾਰਾਂ ਲੱਖ ਦੇ ਕਰੀਬ ਸੀ | ਉਸ ਨੇ ਦੱਸਿਆ ਕਿ ਇਹ ਬੱਕਰੀਆਂ ਨਾਲ ਹੀ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਪੀੜਤ ਕਿਸਾਨ ਵਲੋਂ ਪੁਲਿਸ ਚੌਕੀ ਕਲਵਾਂ ਨੂੰ ਸੂਚਿਤ ਕਰ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਚੌਕੀ ਇੰਚਾਰਜ ਕਲਵਾਂ ਏ. ਐੱਸ. ਆਈ. ਗੁਰਮੁਖ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਸਥਾਨ ਦਾ ਦੌਰਾ ਕਰ ਲਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਆਏ ਦਿਨ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੀ ਜਾ ਰਹੀਆਂ ਵਾਰਦਾਤਾਂ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਪਰ ਇਹ ਸ਼ਰਾਰਤੀ ਅਨਸਰ ਪੁਲਿਸ ਪਕੜ ਤੋਂ ਬਾਹਰ ਹਨ। ਅਜਿਹੇ ਵਿਚ ਇਲਾਕੇ ਵਿਚ ਅਜਿਹੀਆਂ ਘਟਨਾਵਾਂ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ। ਜਦ ਪੁਲਿਸ ਚੌਕੀ ਤੋਂ 200 ਮੀਟਰ ਲੋਕ ਸੁਰੱਖਿਅਤ ਨਹੀਂ ਤਾਂ ਦੂਰ ਦੁਰਾਡੇ ਲੋਕ ਤਾਂ ਰੱਬ ਆਸਰੇ ਕਹਿ ਸਕਦੇ ਹਾਂ।
ਇਲਾਕੇ 'ਚ ਨਿਰੰਤਰ ਹੋ ਰਹੀ ਦਹਿਸ਼ਤਗਰਦੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਸਬੰਧੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਸਮੇਂ ਪੰਜਾਬ 'ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ।
ਪੁਲਿਸ ਪ੍ਰਸ਼ਾਸਨ ਗਹਿਰੀ ਨੀਂਦ ਸੁੱਤਾ ਪਿਆ ਹੈ। ਅਜਿਹੇ 'ਚ ਸਰਕਾਰ, ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਦੇ ਜਾਨ ਮਾਲ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਨੇ ਕਿਹਾ ਕਿ ਜਦੋਂ ਪੁਲਿਸ ਚੌਕੀ ਕਲਵਾਂ ਦੇ ਐਨ ਨੱਕ ਥੱਲੇ ਲਗਪਗ 200 ਮੀਟਰ ਤੱਕ ਵੀ ਲੋਕ ਸੁਰੱਖਿਅਤ ਨਹੀਂ ਹਨ ਤਾਂ ਦੂਰ ਦੁਰਾਡੇ ਰਹਿਣ ਵਾਲੇ ਲੋਕਾਂ ਦਾ ਰੱਬ ਹੀ ਰਾਖਾ ਹੈ |