ਡਾ. ਵਿਜੇ ਸਿੰਗਲਾ 'ਤੇ ਹੋਈ ਕਾਰਵਾਈ ਤੋਂ ਬਾਅਦ ਬੋਲੇ ਅਰਵਿੰਦ ਕੇਜਰੀਵਾਲ - 'ਭਗਵੰਤ ਤੁਹਾਡੇ 'ਤੇ ਮਾਣ ਹੈ'

ਏਜੰਸੀ

ਖ਼ਬਰਾਂ, ਰਾਸ਼ਟਰੀ

ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਸਿਹਤ ਮੰਤਰੀ ਨੂੰ CM ਭਗਵੰਤ ਮਾਨ ਨੇ ਕੀਤਾ ਬਰਖ਼ਾਸਤ 

Arvind Kejriwal and Bhagwant Mann

ਨਵੀਂ ਦਿੱਲੀ : ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿਚ ਸਿਹਤ ਮੰਤਰੀ ਰਹੇ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਰੋਕੂ ਬਰਾਂਚ ਨੇ ਗ੍ਰਿਫ਼ਤਾਰ ਕੀਤਾ ਹੈ। ਕੁੱਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਨੇ ਉਹਨਾਂ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰ ਦਿੱਤਾ ਸੀ। ਵਿਜੇ ਸਿੰਗਲਾ ਸਿਹਤ ਵਿਭਾਗ ਵਿਚ ਹਰ ਕੰਮ ਅਤੇ ਟੈਂਡਰ ਲਈ 1 ਫ਼ੀਸਦੀ ਕਮਿਸ਼ਨ ਦੀ ਮੰਗ ਕਰ ਰਹੇ ਸਨ।

ਇਸ ਦੀ ਸ਼ਿਕਾਇਤ ਸੀਐਮ ਭਗਵੰਤ ਮਾਨ ਤੱਕ ਪਹੁੰਚ ਗਈ ਸੀ। ਭਗਵੰਤ ਮਾਨ ਨੇ ਇਸ ਦੀ ਗੁਪਤ ਜਾਂਚ ਕਰਵਾਈ। ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਮੰਤਰੀ ਸਿੰਗਲਾ ਨੂੰ ਤਲਬ ਕੀਤਾ ਗਿਆ। ਮੰਤਰੀ ਸਿੰਗਲਾ ਨੇ ਵੀ ਗ਼ਲਤੀ ਮੰਨ ਲਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ। 

ਇਸ ਕਾਰਵਾਈ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।  ਉਨ੍ਹਾਂ ਇੱਕ ਟਵੀਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮੈਨੂੰ ਤੁਹਾਡੇ 'ਤੇ ਮਾਣ ਹੈ।  ਅਰਵਿੰਦ ਕੇਜਰੀਵਾਲ CM ਦੀ ਇਸ ਕਾਰਵਾਈ ਤੋਂ ਖੁਸ਼ ਹੋਏ ਅਤੇ ਉਨ੍ਹਾਂ ਕਿਹਾ ਕਿ ਤੁਹਾਡੀ ਕਾਰਵਾਈ ਦੇਖ ਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਆਪਣੇ ਹੀ ਮੰਤਰੀ ਖ਼ਿਲਾਫ਼ ਕੀਤੀ ਇਸ ਕਾਰਵਾਈ ਨੂੰ ਦੇਖਦੇ ਹੋਏ ਅੱਜ ਪੂਰੇ ਦੇਸ਼ ਨੂੰ 'ਆਪ' 'ਤੇ ਮਾਣ ਹੋਵੇਗਾ। 

ਜ਼ਿਕਰਯੋਗ ਹੈ ਕਿ ਇਹ ਦੂਜੀ ਵਾਰ ਹੋਇਆ ਹੈ ਜਦੋਂ ਕਿਸੇ ਮੁੱਖ ਮੰਤਰੀ ਨੇ ਆਪਣੇ ਹੀ ਮੰਤਰੀ ਖ਼ਿਲਾਫ਼ ਕਾਰਵਾਈ ਕੀਤੀ ਹੋਵੇ।  ਅੱਜ ਮੁੱਖ ਮੰਤਰੀ ਮਾਨ ਨੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਵਿਰੁੱਧ ਭ੍ਰਿਸ਼ਟਾਚਾਰੀ ਰੋਕਣ ਲਈ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤਰ੍ਹਾਂ ਹੀ ਇਸ ਤੋਂ ਪਹਿਲਾਂ 'ਆਪ' ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਆਪਣੇ ਇੱਕ ਮੰਤਰੀ ਖ਼ਿਲਾਫ਼ ਕਾਰਵਾਈ ਕੀਤੀ ਸੀ।