ਬੇਟਾ ਹੀ ਹੈ, ਇਹ ਤਸੱਲੀ ਕਰਨ ਲਈ ਪਤਨੀ ਦਾ ਪੇਟ ਦਾਤਰ ਨਾਲ ਪਾੜਨ ਦੇ ਦੋਸ਼ ’ਚ ਪਤੀ ਨੂੰ ਉਮਰ ਕੈਦ
ਵਿਆਹ ਤੋਂ ਬਾਅਦ ਪੰਜ ਧੀਆਂ ਨੂੰ ਜਨਮ ਦੇਣ ਲਈ ਪਤਨੀ ਨੂੰ ਪੰਨਾਲਾਲ
ਬਦਾਯੂੰ: ਪੁੱਤਰ ਦੀ ਇੱਛਾ ਨੂੰ ਲੈ ਕੇ ਅਪਣੀ ਗਰਭਵਤੀ ਪਤਨੀ ਨੂੰ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਦੇ ਇਕ ਬਹੁਤ ਭਿਆਨਕ ਮਾਮਲੇ ’ਚ ਬਦਾਯੂੰ ਦੀ ਇਕ ਅਦਾਲਤ ਨੇ ਗਰਭਵਤੀ ਔਰਤ ਦਾ ਪੇਟ ਦਾਤਰ ਨਾਲ ਚੀਰਨ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਵਿਸ਼ੇਸ਼ ਸਰਕਾਰੀ ਵਕੀਲ (ਏ.ਡੀ.ਜੀ.ਸੀ.) ਮੁਨੇਂਦਰ ਪਾਲ ਸਿੰਘ ਨੇ ਦਸਿਆ ਕਿ ਵਧੀਕ ਸੈਸ਼ਨ ਜੱਜ ਫਾਸਟ ਟਰੈਕ ਕੋਰਟ (ਆਈ) ਸੌਰਭ ਸਕਸੈਨਾ ਨੇ ਵੀਰਵਾਰ ਦੇਰ ਸ਼ਾਮ ਪੰਨਾਲਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 50,000 ਰੁਪਏ ਦਾ ਜੁਰਮਾਨਾ ਲਗਾਇਆ। ਜੁਰਮਾਨਾ ਨਾ ਭਰਨ ਦੀ ਸੂਰਤ ’ਚ ਉਸ ਨੂੰ ਛੇ ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਮੁਨੇਂਦਰ ਨੇ ਦਸਿਆ ਕਿ ਸਿਵਲ ਲਾਈਨਜ਼ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਘੁੰਚਾ ਦੇ ਵਸਨੀਕ ਗੋਲੂ ਨੇ 19 ਸਤੰਬਰ, 2020 ਨੂੰ ਥਾਣੇ ’ਚ ਐਫ.ਆਈ.ਆਰ. ਦਰਜ ਕਰਵਾਈ ਸੀ, ਜਿਸ ’ਚ ਉਸ ਨੇ ਦੋਸ਼ ਲਾਇਆ ਸੀ ਕਿ ਉਸ ਦੀ ਭੈਣ ਅਨੀਤਾ ਦਾ ਵਿਆਹ ਸ਼ਹਿਰ ਦੇ ਮੁਹੱਲਾ ਨੇਕਪੁਰ ਦੇ ਵਸਨੀਕ ਪੰਨਾਲਾਲ ਨਾਲ ਹੋਇਆ ਸੀ।
ਸ਼ਿਕਾਇਤ ਮੁਤਾਬਕ ਅਨੀਤਾ ਨੇ ਵਿਆਹ ਤੋਂ ਬਾਅਦ ਪੰਜ ਧੀਆਂ ਨੂੰ ਜਨਮ ਦਿਤਾ। ਇਸ ਕਾਰਨ ਅਨੀਤਾ ਦਾ ਪਤੀ ਪੰਨਾਲਾਲ ਉਸ ਨੂੰ ਲਗਾਤਾਰ ਤਸੀਹੇ ਦਿੰਦਾ ਸੀ ਅਤੇ ਕਿਸੇ ਹੋਰ ਨਾਲ ਵਿਆਹ ਕਰਨ ਦੀ ਧਮਕੀ ਵੀ ਦਿੰਦਾ ਸੀ।
ਉਨ੍ਹਾਂ ਦਸਿਆ ਕਿ ਘਟਨਾ ਦੇ ਸਮੇਂ ਅਨੀਤਾ (30) ਅੱਠ ਮਹੀਨੇ ਦੀ ਗਰਭਵਤੀ ਸੀ। ਇਸ ਦੌਰਾਨ ਇਕ ਦਿਨ ਪੰਨਾਲਾਲ ਘਰ ਆਇਆ ਅਤੇ ਅਨੀਤਾ ਨਾਲ ਝਗੜਾ ਕਰਨ ਲੱਗਾ। ਮੁਨੇਂਦਰ ਨੇ ਕਿਹਾ, ‘‘ਇਸ ਤੋਂ ਬਾਅਦ ਉਹ ਨੇ ਕਿਹਾ ਕਿ ਤੂੰ ਸਿਰਫ ਕੁੜੀਆਂ ਪੈਦਾ ਕਰਦੀ ਹੈਂ। ਇਸ ਵਾਰ ਮੈਂ ਤੇਰਾ ਪੇਟ ਪਾੜ ਕੇ ਵੇਖਾਂਗਾ ਕਿ ਇਸ ’ਚ ਮੁੰਡਾ ਹੈ ਜਾਂ ਕੁੜੀ।’’
ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਪੰਨਾਲਾਲ ਨੇ ਅਨੀਤਾ ਦੇ ਪੇਟ ’ਤੇ ਦਾਤਰ ਨਾਲ ਹਮਲਾ ਕਰ ਦਿਤਾ, ਜਿਸ ਨਾਲ ਉਸ ਦੀਆਂ ਅੰਤੜੀਆਂ ਬਾਹਰ ਆ ਗਈਆਂ ਅਤੇ ਅੱਠ ਮਹੀਨੇ ਦੇ ਬੱਚੇ ਦਾ ਗਰਭਪਾਤ ਹੋ ਗਿਆ। ਬਾਅਦ ’ਚ ਪਤਾ ਲੱਗਿਆ ਕਿ ਇਹ ਬੱਚਾ ਮੁੰਡਾ ਸੀ।
ਮਾਮਲੇ ਮੁਤਾਬਕ ਅਨੀਤਾ ਨੂੰ ਗੰਭੀਰ ਹਾਲਤ ’ਚ ਬਰੇਲੀ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦਾ ਇਲਾਜ ਕਰਵਾਇਆ ਗਿਆ। ਗੋਲੂ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਪੂਰੀ ਕਰਨ ਤੋਂ ਬਾਅਦ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ।
ਸੀਨੀਅਰ ਪੁਲਿਸ ਸੁਪਰਡੈਂਟ ਆਲੋਕ ਪ੍ਰਿਯਦਰਸ਼ੀ ਨੇ ਦਸਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਮੁਲਜ਼ਮਾਂ ਵਿਰੁਧ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਅਤੇ ਮਾਮਲੇ ’ਚ ਬਕਾਇਦਾ ਸੁਣਵਾਈ ਕੀਤੀ ਗਈ।
ਵਿਸ਼ੇਸ਼ ਅਦਾਲਤ ਨੇ ਪੰਨਾਲਾਲ ਨੂੰ ਦੋਸ਼ੀ ਪਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 50,000 ਰੁਪਏ ਦਾ ਜੁਰਮਾਨਾ ਲਗਾਇਆ। ਇਸ ਸਮੇਂ ਪੰਨਾਲਾਲ ਦੀ ਉਮਰ 38 ਸਾਲ ਹੈ।